ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 12 ਜੁਲਾਈ
ਵਿਸ਼ਵ ਪੇਪਰ ਬੈਗ ਦਿਵਸ ਮੌਕੇ ਇਲਾਕੇ ਦੇ ਸਮਾਜਿਕ, ਧਾਰਮਿਕ ਅਤੇ ਵਿਦਿਅਕ ਅਦਾਰਿਆਂ ਦੇ ਅਹੁਦੇਦਾਰਾਂ ਅਤੇ ਕਾਰਕੁਨਾਂ ਵੱਲੋਂ ਪ੍ਰਸ਼ਾਸਨ ਵੱਲੋਂ ਵਾਤਾਵਰਨ ਨੂੰ ਬਚਾਉਣ ਲਈ ਸ਼ੁਰੂ ਕੀਤੀ ਮੁਹਿੰਮ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਨਗਰ ਕੌਂਸਲ ਅਧਿਕਾਰੀਆਂ ਤੇੇ ਸਮਾਜਸੇਵੀ ਵਾਲੰਟੀਅਰਾਂ ਨੇ ਪਲਾਸਟਿਕ ਦੀ ਦੁਰਵਰਤੋਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਤੇ ਘਰ ਘਰ ਪੇਪਰ ਬੈਗ ਵੰਡੇ। ਐੱਸਡੀਐੱਮ ਅਹਿਮਦਗੜ੍ਹ ਹਰਬੰਸ ਸਿੰਘ ਤੇ ਐੱਸਡੀਐੱਮ ਰਾਏਕੋਟ ਗੁਰਬੀਰ ਸਿੰਘ ਕੋਹਲੀ ਵੱਲੋਂ ਅੱਜ ਪੇਪਰ ਬੈਗ ਦਿਵਸ ਮੌਕੇ ਕੀਤੀ ਅਪੀਲ ਨੂੰ ਹੁੰਗਾਰਾ ਦਿੰਦਿਆਂ ਵੱਖ-ਵੱਖ ਸੰਗਠਨਾਂ ਦੇ ਵਾਲੰਟੀਅਰਾਂ ਨੇ ਇਸ ਸਾਲ ਦੇ ਥੀਮ ‘ਜੇ ਤੁਸੀਂ ਸ਼ਾਨਦਾਰ ਹੋ, ਪਲਾਸਟਿਕ ਦੇ ਲਿਫਾਫਿਆਂ ਦੀ ਥਾਂ ਕਾਗਜ਼ ਦੇ ਲਿਫਾਫੇ ਵਰਤ ਕੇ ਕੁੱਝ ਅਚੰਭਾ ਕਰੋ’ ਨੂੰ ਅਮਲੀਜਾਮਾ ਪੁਆਉਣ ਦਾ ਐਲਾਨ ਕੀਤਾ। ਗੁਰਮਤਿ ਸੇਵਾ ਸੁਸਾਇਟੀ ਤੇ ਨਿਰਮਲ ਆਸ਼ਰਮ ਜੰਡਾਲੀ ਖੁਰਦ ਦੇ ਮੁਖੀ ਬਾਬਾ ਗਗਨਦੀਪ ਸਿੰਘ, ਰੋਟਰੀ ਕਲੱਬ ਦੇ ਪ੍ਰਧਾਨ ਡਾ. ਪੁਨੀਤ ਧਵਨ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਵਿੰਦਰ ਪੁਰੀ ਅਤੇ ਸ੍ਰੀ ਰਾਮ ਮੰਦਰ ਕਮੇਟੀ ਦੇ ਚੇਅਰਮੈਨ ਦੀਪਕ ਸ਼ਰਮਾ ਨੇ ਉਨ੍ਹਾਂ ਵਾਲੰਟੀਅਰਾਂ ਦੀ ਅਗਵਾਈ ਕੀਤੀ ਜਿਨ੍ਹਾਂ ਨੇ ਨਗਰ ਕੌਂਸਲ ਅਧਿਕਾਰੀਆਂ ਵੱਲੋਂ ਘਰ ਘਰ ਜਾ ਕੇ ਪੇਪਰ ਬੈਗ ਵੰਡਣ ਦੀ ਮੁਹਿੰਮ ਵਿੱਚ ਸਹਿਯੋਗ ਦਿੱਤਾ। ਐੱਸਡੀਐੱਮ ਹਰਬੰਸ ਸਿੰਘ ਅਤੇ ਗੁਰਬੀਰ ਸਿੰਘ ਕੋਹਲੀ ਨੇ ਦਾਅਵਾ ਕੀਤਾ ਕਿ ਨਗਰ ਕੌਂਸਲ ਅਹਿਮਦਗੜ੍ਹ ਅਤੇ ਨਗਰ ਕੌਂਸਲ ਰਾਏਕੋਟ ਦੇ ਕਾਰਜਸਾਧਕ ਅਫਸਰ ਚੰਦਰ ਪ੍ਰਕਾਸ਼ ਵਧਵਾ ਤੇ ਅਮਰਿੰਦਰ ਸਿੰਘ ਪਲਾਸਟਿਕ ਦੀ ਦੁਰਵਰਤੋਂ ਰੋਕਣ ਲਈ ਲੋਕਾਂ ਨੂੰ ਲਾਮਬੰਦ ਕਰਨ ਵਿੱਚ ਕਾਮਯਾਬ ਹੋਏ ਹਨ।