ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 9 ਸਤੰਬਰ
ਸ਼ਹਿਰ ਦੀ ਹੱਦ ਨਾਲ ਲੱਗਦੇ ਪਿੰਡ ਛਪਾਰ ਵਿੱਚ ਮਾਲਵੇ ਦਾ ਮਸ਼ਹੂਰ ਪੇਂਡੂ ਮੇਲਾ ਛਪਾਰ ਗੂਗਾ ਮਾੜੀ ਵਿੱਚ ਅੱਜ ਪਹਿਲੇ ਦਿਨ ਭਰਿਆ। ਭਾਵੇਂ ਚੌਂਕੀਆਂ ਦੇ ਨਾਂ ਨਾਲ ਮੇਲੇ ਦੇ ਪਹਿਲੇ ਦਿਨ ਦੀ ਸ਼ੁਰੂਆਤ ਵੀਰਵਾਰ ਨੂੰ ਹੋ ਗਈ ਸੀ ਪਰ ਉਸ ਦਿਨ ਜ਼ਿਆਦਾਤਰ ਔਰਤਾਂ ਅਤੇ ਬੱਚੇ ਹੀ ਮੇਲੇ ਵਿੱਚ ਸ਼ਿਰਕਤ ਕਰਦੇ ਹਨ। ਅੱਜ ਲਗਪੱਗ ਸਾਰੇ ਹੀ ਸਟਾਲ ਚੱਲ ਰਹੇ ਸਨ। ਖਾਣਪੀਣ ਦੀਆਂ ਵਸਤਾਂ ਅਤੇ ਮਠਿਆਈਆਂ ਵਾਲੇ ਸਟਾਲਾਂ ਦੇ ਮਾਲਕ ਵੀ ਇਸ ਗੱਲੋਂ ਮਾਯੂਸ ਸਨ ਕਿ ਵੱਖ-ਵੱਖ ਸਮਾਜ ਸੇਵੀ ਅਤੇ ਧਾਰਮਿਕ ਸੰਗਠਨਾਂ ਵੱਲੋਂ ਲਗਾਤਾਰ ਲੋਕਾਂ ਦੀ ਪਸੰਦ ਦੇ ਲੰਗਰ ਲਗਾਏ ਜਾ ਰਹੇ ਸਨ ਅਤੇ ਉਨ੍ਹਾਂ ਦੀ ਵਿੱਕਰੀ ਆਮ ਨਾਲੋਂ ਘੱਟ ਹੈ। ਸਮਾਜ ਸੇਵੀ ਸੰਗਠਨਾਂ ਵੱਲੋਂ ਸ਼ਰਧਾਲੂਆਂ ਦੀ ਸਹੂਲਤ ਲਈ ਮੁੱਢਲੀ ਸਿਹਤ ਸੇਵਾ, ਐਂਬੂਲੈਂਸ ਅਤੇ ਪੀਣ ਵਾਲੇ ਪਾਣੀ ਆਦਿ ਦੇ ਸਟਾਲ ਵੀ ਲਗਾਏ ਗਏ ਸਨ। ਮੇਲਾ ਇੰਚਾਰਜ ਲੁਧਿਆਣਾ (ਪੱਛਮੀ) ਦੇ ਐੱਸਡੀਐੱਮ ਕੁਲਪ੍ਰੀਤ ਸਿੰਘ ਨੇ ਦੱਸਿਆ ਕਿ ਸ਼ਰਧਾਲੂਆਂ ਦੀ ਸਹੂਲਤ ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਮਹਿਕਮਿਆਂ ਦੇ ਅਧਿਕਾਰੀਆਂ ਨਾਲ ਮੇਲੇ ਵਾਲੀ ਥਾਂ ’ਤੇ ਜਾ ਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸਿਰਫ਼ ਉਹ ਝੂਲੇ ਚਲਾਉਣ ਦੀ ਇਜਾਜ਼ਤ ਦਿੱਤੀ ਗਈ, ਜਿਨ੍ਹਾਂ ਲਈ ਪੜਤਾਲ ਕਰਵਾ ਕੇ ਲਾਇਸੈਂਸ ਲਏ ਗਏ ਹਨ। ਉੱਧਰ ਆਮ ਮੇਲਿਆਂ ਤੋਂ ਉਲਟ ਇਸ ਵਾਰ ਸਿਰਫ਼ ਸੀਪੀਆਈ (ਐੱਮ) ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀਆਂ ਕਾਨਫਰੰਸਾਂ ਹੀ ਮੇਲੇ ’ਤੇ ਲੱਗ ਰਹੀਆਂ ਹਨ। ਸੀਪੀਆਈ (ਐੱਮ) ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਤੇ ਸ਼ਅਦ (ਅ) ਦੇ ਆਹੁਦੇਦਾਰ ਹਰਦੇਵ ਸਿੰਘ ਪੱਪੂ ਨੇ ਦਾਅਵਾ ਕੀਤਾ ਕਿ ਸ਼ਨਿੱਚਰਵਾਰ ਨੂੰ ਹੋਣ ਵਾਲੀਆਂ ਕਾਨਫਰੰਸਾਂ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।