ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 30 ਅਗਸਤ
ਚਕਰ ਸਪੋਰਟਸ ਅਕੈਡਮੀ ਵੱਲੋਂ ਪੰਜਾਬ ਫਾਊਂਡੇਸ਼ਨ ਅਤੇ ਨਹਿਰੂ ਯੁਵਾ ਕੇਂਦਰ ਲੁਧਿਆਣਾ ਦੇ ਸਹਿਯੋਗ ਨਾਲ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਨ ਨੂੰ ਸਮਰਪਿਤ ਖੇਡ ਦਿਵਸ ਮਨਾਇਆ ਗਿਆ। ਇਸ ਮੌਕੇ ਜਿੱਥੇ ਬੱਚਿਆਂ ਦੇ ਬਾਕਸਿੰਗ ਮੁਕਾਬਲੇ ਕਰਵਾਏ ਗਏ, ਉੱਥੇ ਪ੍ਰਿੰ. ਬਲਵੰਤ ਸਿੰਘ ਸੰਧੂ ਵੱਲੋਂ ਖਿਡਾਰੀਆਂ ਨੂੰ ਪ੍ਰੇਰਨਾਮਈ ਲੈਕਚਰ ਵੀ ਦਿੱਤਾ ਗਿਆ।
ਉਨ੍ਹਾਂ ਜੀਵਨ ’ਚ ਖੇਡਾਂ ਦੀ ਮਹੱਤਤਾ ਦੱਸਦਿਆਂ ਖੇਡਾਂ ਵਿੱਚ ਕਾਮਯਾਬੀ ਲਈ ਕੁਝ ਨੁਕਤੇ ਸਾਂਝੇ ਕੀਤੇ। ਫੁਟਬਾਲ ਦੇ ਰਾਸ਼ਟਰੀ ਪੱਧਰ ਦੇ ਖਿਡਾਰੀ ਅਮਿਤ ਕੁਮਾਰ ਨੇ ਖੇਡ ਐਕਸ਼ਨਾਂ ਅਤੇ ਜ਼ਿੰਦਗੀ ਦੇ ਆਪਸੀ ਸਬੰਧਾਂ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਜ਼ਿੰਦਗੀ ਦੇ ਵੱਡੇ ਵੱਡੇ ਸਬਕ ਖੇਡ ਮੈਦਾਨਾਂ ਵਿੱਚੋਂ ਸਿੱਖੇ ਜਾਂਦੇ ਹਨ।
ਇਸ ਮੌਕੇ ਜਸਕਿਰਨਪ੍ਰੀਤ ਸਿੰਘ ਜਿਮੀ ਨੇ ਵੀ ਖੇਡ ਦਿਵਸ ਦੀ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ। ਨਹਿਰੂ ਯੁਵਾ ਕੇਂਦਰ ਲੁਧਿਆਣਾ ਦੇ ਜ਼ਿਲ੍ਹਾ ਕੋਆਰਡੀਨੇਟਰ ਰਸ਼ਮੀਤ ਕੌਰ ਨੇ ਪਿੰਡ ਚਕਰ ਦੇ ਖੇਡ ਸਭਿਆਚਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਿੰਡ ਚਕਰ ਨੇ ਖੇਡ ਖੇਤਰ ’ਚ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਅਕੈਡਮੀ ਦੇ ਸਮੂਹ ਪ੍ਰਬੰਧਕਾਂ ਅਤੇ ਖਿਡਾਰੀਆਂ ਨੇ ਖੇਡ ਦਿਵਸ ਮਨਾਉਣ ਲਈ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ।
ਸੇਂਟ ਮਦਰ ਟੈਰੇਸਾ ਸਕੂਲ ’ਚ ਕੌਮੀ ਖੇਡ ਦਿਵਸ ਮਨਾਇਆ
ਖੰਨਾ: ਇੱਥੋਂ ਦੇ ਸੇਂਟ ਮਦਰ ਟੈਰੇਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਕੌਮੀ ਖੇਡ ਦਿਵਸ ਮਨਾਇਆ ਗਿਆ। ਪ੍ਰਿੰਸੀਪਲ ਅੰਜੂ ਭਾਟੀਆ ਨੇ ਦੱਸਿਆ ਕਿ ਵਿਦਿਆਰਥੀਆਂ ਅੰਦਰ ਖੇਡਾਂ ਦੀ ਭਾਵਨਾ ਜਾਗ੍ਰਿਤ ਕਰਨ ਲਈ ਸਕੂਲ ’ਚ ਰਾਸ਼ਟਰੀ ਖੇਡ ਦਿਵਸ ਮੌਕੇ ਵਿਸ਼ੇਸ਼ ਸਭਾ ਕਰਵਾਈ ਗਈ, ਜਿਸ ਵਿੱਚ ਕਾਮਨਵੈਲਥ ਖੇਡਾਂ ’ਚ ਪ੍ਰਾਪਤ ਕੀਤੇ 61 ਤਗਮਿਆਂ ਦਾ ਪ੍ਰਦਰਸ਼ਨ ਵਿਦਿਆਰਥੀਆਂ ਵੱਲੋਂ ਸਪੋਰਟਸ ਐਕਟੀਵਿਟੀ ਰਾਹੀਂ ਕੀਤਾ ਗਿਆ ਤੇ ਬੱਚਿਆਂ ਵੱਲੋਂ ਖੇਡਾਂ ਦੇ ਜੌਹਰ ਦਿਖਾਏ ਗਏ। ਪ੍ਰਿੰਸੀਪਲ ਭਾਟੀਆ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਖੇਡਾਂ ਸਾਡੇ ਅੱਜ ਨੂੰ ਬਿਹਤਰ ਬਣਾਉਂਦੀਆਂ ਹਨ ਤੇ ਭਵਿੱਖ ਦਾ ਨਿਰਮਾਣ ਕਰਦੀਆਂ ਹਨ। ਖੇਡਾਂ ਰਾਹੀਂ ਹੀ ਮਨੁੱਖ ਦਾ ਸਰਬਪੱਖੀ ਵਿਕਾਸ ਹੁੰਦਾ ਹੈ। ਇਸ ਮੌਕੇ ਹਾਜ਼ਰ ਸਕੂਲ ਦੇ ਚੇਅਰਮੈਨ ਸੁਰਿੰਦਰ ਸ਼ਾਹੀ ਨੇ ਕਿਹਾ ਕਿ ਖੇਡਾਂ ਸਰੀਰਕ, ਮਾਨਸਿਕ ਤੇ ਬੌਧਿਕ ਵਿਕਾਸ ਵਿੱਚ ਸਹਾਇਤਾ ਕਰਦੀਆਂ ਹਨ।
– ਨਿੱਜੀ ਪੱਤਰ ਪ੍ਰੇਰਕ