ਖੇਤਰੀ ਪ੍ਰਤੀਨਿਧ
ਲੁਧਿਆਣਾ, 14 ਅਗਸਤ
ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ ਵਿੱਚ ਵਿਦਿਆਰਥੀਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜ ਅਤੇ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਨੂੰ ਘੱਟ ਕਰਨ ਦੇ ਮਕਸਦ ਨਾਲ ਤੀਜ ਦਾ ਤਿਓਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਰੰਗਾਰੰਗ ਪ੍ਰੋਗਰਾਮ ਵਿੱਚ ਸਕੂਲ ਦੇ ਵਿਦਿਆਰਥੀਆਂ ਵੱਲੋਂ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਵੱਖ ਵੱਖ ਝਲਕਾਂ ਪੇਸ਼ ਕੀਤੀਆਂ। ਇਸ ਮੇਲੇ ਵਿੱਚ ਸਕੂਲ ਦੇ ਡਾਇਰੈਕਟਰ ਗੁਰਪਾਲ ਕੌਰ ਗਰੇਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦਾ ਅਰੰਭ ਸ਼ਬਦ ਗਾਇਨ ਰਾਹੀਂ ਕੀਤਾ ਗਿਆ। ਤੀਜ ਮੇਲੇ ਦੌਰਾਨ ਮਿਸ ਤੀਜ ਦਾ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚੋਂ ਮਨਜੋਤ ਕੌਰ ਦੇ ਸਿਰ ਮਿਸ ਤੀਜ ਦਾ ਤਾਜ਼ ਸਜਾਇਆ ਗਿਆ। ਇਸ ਤੋਂ ਇਲਾਵਾ ਲਵਜੀਨ ਕੌਰ ਨੇ ਰਨਰ-ਅੱਪ ਅਤੇ ਰਬੀਨਾ ਬੇਗਮ ਨੇ ਟੌਰ ਪੰਜਾਬਣ ਦੀ, ਤਨੀਸ਼ਾ ਸ਼ਰਮਾ ਨੇ ਮੜਕ ਮਜਾਜਣ ਦੀ ਖਿਤਾਬ ਪ੍ਰਾਪਤ ਕੀਤੇ। ਇਸ ਮੌਕੇ ਗਿੱਧਾ ਅਤੇ ਭੰਗੜਾ ਸਾਰਿਆਂ ਲਈ ਖਿੱਚ ਦਾ ਕੇਂਦਰ ਰਿਹਾ। ਇਸ ਦੌਰਾਨ ਵਿਰਸੇ ਦਾ ਵਾਰਸ ਮੁਕਾਬਲਾ ਵੀ ਕਰਵਾਇਆ ਗਿਆ। ਇਸ ਮੁਕਾਬਲੇ ’ਚ +2 ਦੇ ਵਿਦਿਆਰਥੀ ਸ਼ੁਭਪ੍ਰੀਤ ਸਿੰਘ ਨੇ ਵਿਰਸੇ ਦਾ ਵਾਰਸ ਹੋਣ ਦਾ ਮਾਣ ਹਾਸਲ ਕੀਤਾ। ਇਸ ਤੋਂ ਇਲਾਵਾ ਹਰਜੋਤ ਸਿੰਘ ਰਨਰ-ਅੱਪ, ਬ੍ਰਹਮਤੇਜ ਨੇ ਗੱਭਰੂ ਪੰਜਾਬ ਦਾ ਅਤੇ ਮਨਦੀਪ ਨੇ ਅਣਖੀਲਾ ਗੱਭਰੂ ਖਿਤਾਬ ਆਪਣੇ ਨਾਮ ਕੀਤਾ। ਡਾਇਰੈਕਟਰ ਸ਼੍ਰੀਮਤੀ ਗਰੇਵਾਲ ਅਤੇ ਪ੍ਰਿੰਸੀਪਲ ਹਰਜੀਤ ਕੌਰ ਨੇ ਜਿੱਥੇ ਵਿਦਿਆਰਥੀਆਂ ਨੂੰ ਤੀਆਂ ਦੀ ਵਧਾਈ ਦਿੱਤੀ ਉੱਥੇ ਵੱਖ ਵੱਖ ਪੇਸ਼ਕਾਰੀਆਂ ਕਰਨ ਵਾਲੇ ਵਿਦਿਆਰਥੀਆਂ, ਅਧਿਆਪਕਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ।