ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 3 ਮਾਰਚ
ਦੋਸਤੀ ਦੇ ਰਿਸ਼ਤੇ ਨੂੰ ਦਾਗਦਾਰ ਕਰਦੇ ਹੋਏ ਇੱਕ ਨੌਜਵਾਨ ਨੇ ਆਪਣੇ ਦੋਸਤ ਦੀ ਮਾਂ ਨੂੰ ਹੀ ਅਸ਼ਲੀਲ ਮੈਸੇਜ ਭੇਜਣੇ ਸ਼ੁਰੂ ਕਰ ਦਿੱਤੇ। ਇੰਨਾ ਹੀ ਨਹੀਂ ਮੁਲਜ਼ਮ ਨੇ ਆਪਣੇ ਦੋਸਤ ਦੀ ਮਾਂ ਨਾਲ ਸਰੀਰਿਕ ਸਬੰਧ ਬਣਾਉਣ ਲਈ ਉਸ ਦੀ ਅਸ਼ਲੀਲ ਫੋਟੋ ਵੀ ਟੈਂਪਰਡ ਕਰਕੇ ਬਲੈਕਮੇਲ ਕੀਤਾ। ਮੁਲਜ਼ਮ ਨੇ ਦੋਵੇਂ ਵਾਰ ਵੱਖ-ਵੱਖ ਨੰਬਰਾਂ ਤੋਂ ਮੈਸੇਜ ਕੀਤਾ ਤੇ ਫੋਟੋ ਭੇਜੀ। ਪੀੜਤਾ ਨੇ ਪੁਲੀਸ ਦੇ ਉਚ ਅਧਿਕਾਰੀਆਂ ਨੂੰ ਇਸ ਸਬੰਧੀ ਦੱਸਿਆ। ਜਾਂਚ ਮਗਰੋਂ ਪੁਲੀਸ ਨੇ ਪੀੜਤਾ ਦੀ ਸ਼ਿਕਾਇਤ ’ਤੇ ਸ਼ਹੀਦ ਭਗਤ ਸਿੰਘ ਨਗਰ ਵਾਸੀ ਮਨਦੀਪ ਸਿੰਘ ਖਿਲ਼ਾਫ਼ ਕੇਸ ਦਰਜ ਕਰ ਲਿਆ ਤੇ ਮੁਲਜ਼਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੀੜਤਾ ਅਨੁਸਾਰ 10 ਜਨਵਰੀ ਨੂੰ ਉਸ ਨੂੰ ਇੱਕ ਨੰਬਰ ਤੋਂ ਅਸ਼ਲੀਲ ਮੈਸੇਜ ਆਇਆ। ਇਸ ਤੋਂ ਬਾਅਦ 21 ਫਰਵਰੀ ਨੂੰ ਇੱਕ ਅਸ਼ਲੀਲ ਫੋਟੋ ਆਈ। ਪੁਲੀਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਮੁਲਜ਼ਮ ਕੋਈ ਹੋਰ ਨਹੀਂ ਬਲਕਿ ਉਸ ਦੇ ਪੁੱਤਰ ਦਾ ਦੋਸਤ ਹੈ। ਜਾਂਚ ਦੌਰਾਨ ਇਹ ਵੀ ਪਤਾ ਲੱਗਿਆ ਕਿ ਉਹ ਦੋਵੇਂ ਨੰਬਰ ਮੁਲਜ਼ਮ ਚਲਾ ਰਿਹਾ ਸੀ। ਥਾਣਾ ਸਦਰ ਦੇ ਐੱਸਐੱਚਓ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਹਾਲੇ ਪੁਲੀਸ ਗ੍ਰਿਫ਼ਤ ’ਚੋਂ ਬਾਹਰ ਹੈ। ਉਸ ਦੀ ਭਾਲ ’ਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਜਲਦੀ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।