ਪੱਤਰ ਪ੍ਰੇਰਕ
ਜਗਰਾਉਂ, 2 ਅਕਤੂਬਰ
ਥਾਣਾ ਸਦਰ ਦੇ ਪਿੰਡ ਗਾਲਬਿ ਕਲਾਂ ਦੇ ਕੈਨੇਡਾ ਰਹਿੰਦੇ ਵਿਅਕਤੀ ਦਾ ਸਕੀਆਂ ਭੈਣਾਂ ਨੇ ਜਾਅਲੀ ਮੁਖਤਿਆਰ ਨਾਮਾ ਤਿਆਰ ਕਰਕੇ ਜਾਇਦਾਦ ਹੜੱਪਣ ਦੀ ਕੋਸਿਸ਼ ਕੀਤੀ ਹੈ। ਸੀਨੀਅਰ ਪੁਲੀਸ ਕਪਤਾਨ ਗੁਰਦਿਆਲ ਸਿੰਘ ਵੱਲੋਂ ਕਰਵਾਈ ਜਾਂਚ ਤੋਂ ਬਾਅਦ ਛੇ ਖਿਲਾਫ਼ ਕੇਸ ਦਰਜ ਕਰਨ ਉਪਰੰਤ ਬਣਦੀ ਕਾਰਵਾਈ ਆਰੰਭ ਦਿੱਤੀ ਗਈ ਹੈ। ਥਾਣਾ ਸਦਰ ਦੇ ਇੰਸਪੈਕਟਰ ਜਸਪਾਲ ਸਿੰਘ ਧਾਲੀਵਾਲ ਨੇ ਉਕਤ ਮਾਮਲੇ ਸਬੰਧੀ ਦੱਸਿਆ ਕਿ ਕਮਲਜੀਤ ਸਿੰਘ ਵਾਸੀ ਪਿੰਡ ਗਾਲਬਿ ਕਲਾਂ ਹਾਲ ਵਾਸੀ ਕੈਨੇਡਾ ਨੇ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਦੇ ਪਰਿਵਾਰ ਦੀ 17 ਕਿੱਲੇ ਪੈਲੀ ਦਾ ਕੇਸ ਅਦਾਲਤ ’ਚ ਚਲਦਾ ਹੈ। ਇਸ ਕੇਸ ’ਚ ਸ਼ਿਕਾਇਤਕਰਤਾ ਦੀਆਂ ਭੈਣਾਂ ਰਚਨਦੀਪ ਕੌਰ, ਪ੍ਰਭਜੋਤ ਕੌਰ, ਵਰਨਜੀਤ ਕੌਰ ਜੋ ਕਿ ਕੈਨੇਡਾ ’ਚ ਹੀ ਰਹਿੰਦੀਆਂ ਨੇ ਆਪਣਾ ਮੁਖਤਿਆਰ ਨਾਮਾ ਨਵਤੇਜ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਈਸੇਵਾਲ (ਮੁੱਲਾਂਪੁਰ), ਸਰਜਾ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਚੱਕ ਲੋਹਟ (ਸਮਰਾਲਾ) ਅਤੇ ਬੇਅੰਤ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਭੱਟੀਆਂ ਨੂੰ ਦਿੱਤਾ ਹੋਇਆ ਹੈ। ਸ਼ਿਕਾਇਤਕਰਤਾ ਨੂੰ ਪਤਾ ਲੱਗਾ ਕਿ ਜਾਇਦਾਦ ਦੇ ਅਦਾਲਤ ’ਚ ਚਲਦੇ ਕੇਸ ’ਚ ਲਾਹਾ ਲੈਣ ਅਤੇ ਸ਼ਿਕਾਇਤਕਰਤਾ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਉਸਦੀਆਂ ਭੈਣਾਂ ਸਮੇਤ ਛੇ ਨੇ ਜਾਅਲੀ ਮੁਖਤਿਆਰ ਨਾਮਾ ਤਿਆਰ ਕੀਤਾ। ਇਸ ਮਾਮਲੇ ’ਚ ਲੁਧਿਆਣਾ ਅਦਾਲਤ ਨੇ ਰੋਕ ਲਗਾ ਦਿੱਤੀ ਹੈ। ਪੁਲੀਸ ਨੇ ਛੇ ਖਿਲਾਫ ਕੇਸ ਦਰਜ ਕਰ ਲਿਆ ਹੈ।