ਖੇਤਰੀ ਪ੍ਰਤੀਨਿਧ
ਲੁਧਿਆਣਾ, 9 ਜੂਨ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਆਪਕਾਂ ਦੀ ਜਥੇਬੰਦੀ ਪੀਏਯੂ ਟੀਚਰਜ਼ ਐਸੋਸੀਏਸ਼ਨ ਦੀਆਂ ਚੋਣਾਂ ਲਈ ਚੋਣ ਪ੍ਰਚਾਰ ਪੂਰੇ ਜ਼ੋਰਾਂ ’ਤੇ ਚੱਲ ਰਿਹਾ ਹੈ। ਅੱਜ ਚੋਣਾਂ ਤੋਂ ਇੱਕ ਦਿਨ ਪਹਿਲਾਂ ਵੀ ਚੋਣ ਲੜ ਰਹੇ ਗਰੁੱਪਾਂ ਦੇ ਨੁਮਾਇੰਦਿਆਂ ਵੱਲੋਂ ਵੱਖ-ਵੱਖ ਵਿਭਾਗਾਂ ਵਿੱਚ ਮੀਟਿੰਗਾਂ ਕੀਤੀਆਂ ਗਈਆਂ। ਇਸ ਵਾਰ ਦੀਆਂ ਚੋਣਾਂ ਵਿੱਚ ਨਵਾਂ ਯੂਨਾਈਟਡ ਫਰੰਟ ਸਾਹਮਣੇ ਆਇਆ ਹੈ ਜਿਸ ਵੱਲੋਂ ਡਾ. ਅਨਿਲ ਕੁਮਾਰ ਸ਼ਰਮਾ ਪ੍ਰਧਾਨਗੀ ਦੇ ਅਹੁਦੇ ਲਈ ਉਮੀਦਵਾਰ ਹਨ। ਪੀਏਯੂ ਦੇ ਅਧਿਆਪਕਾਂ ਦੇ ਮਸਲਿਆਂ ਨੂੰ ’ਵਰਸਿਟੀ ਅਤੇ ਸਰਕਾਰੀ ਪੱਧਰ ’ਤੇ ਹੱਲ ਕਰਵਾਉਣ ਲਈ ਬਣੀ ਅਧਿਆਪਕਾਂ ਦੀ ਜਥੇਬੰਦੀਆਂ ਦੀ ਹਰ ਸਾਲ ਬਾਅਦ ਹੁੰਦੀਆਂ ਚੋਣਾਂ ਇਸ ਵਾਰ 10 ਜੂਨ ਨੂੰ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਵਿੱਚ ਦੋ ਗਰੁੱਪ ਆਹਮੋ-ਸਾਹਮਣੇ ਹਨ। ਕਿੰਗਰਾ ਗਰੁੱਪ ਵੱਲੋਂ ਐੱਚ ਐੱਸ ਕਿੰਗਰ ਪ੍ਰਧਾਨਗੀ, ਡਾ. ਜੀ ਐੱਸ ਢੇਰੀ ਜਨਰਲ ਸਕੱਤਰ ਅਤੇ ਡਾ. ਕੇ ਐੱਸ ਸਾਂਘਾ ਵਾਈਸ ਪ੍ਰਧਾਨ ਦੇ ਅਹੁਦੇ ਲਈ ਚੋਣ ਮੈਦਾਨ ਵਿੱਚ ਹਨ। ਦੂਜੇ ਪਾਸੇ, ਨਵੇਂ ਹੋਂਦ ਵਿੱਚ ਆਏ ਯੂਨਾਈਟਡ ਫਰੰਟ ਵੱਲੋਂ 15 ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਗਏ ਹਨ, ਜਿਨ੍ਹਾਂ ਵਿੱਚੋਂ ਡਾ. ਅਨਿਲ ਸ਼ਰਮਾ ਪ੍ਰਧਾਨਗੀ, ਡਾ. ਪਰਮਿੰਦਰ ਸਿੰਘ ਵਾਈਸ ਪ੍ਰਧਾਨ ਜਦਕਿ ਮਨਦੀਪ ਸਿੰਘ ਗਿੱਲ ਜਨਰਲ ਸਕੱਤਰ ਦੇ ਅਹੁਦੇ ਲਈ ਚੋਣ ਲੜ ਰਹੇ ਹਨ। ਜਾਣਕਾਰੀ ਅਨੁਸਾਰ 10.30 ਵਜੇ ਤੋਂ ਸ਼ਾਮ ਕਰੀਬ 5 ਵਜੇ ਤੱਕ ਵੋਟਾਂ ਪੈਣਗੀਆਂ ਅਤੇ ਦੇਰ ਸ਼ਾਮ ਤੱਕ ਨਤੀਜੇ ਐਲਾਨ ਦਿੱਤੇ ਜਾਣਗੇ। ਨਵੇਂ ਬਣੇ ਗਰੁੱਪ ਯੂਨਾਈਟਿਡ ਫਰੰਟ ਦੇ ਡਾ. ਅਨਿਲ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦਾ ਗਰੁੱਪ ਪਹਿਲੀ ਵਾਰ ਚੋਣ ਲੜ ਰਿਹਾ ਹੈ।
ਜ਼ਿਕਰਯੋਗ ਹੈ ਕਿ ਇਸ ਗਰੁੱਪ ਵੱਲੋਂ ਉਹ ਅਧਿਆਪਕ ਵੀ ਚੋਣ ਲੜ ਰਹੇ ਹਨ ਜਿਹੜੇ ਅਜੇ 2 ਸਾਲ ਪਹਿਲਾਂ ਨੌਕਰੀ ’ਤੇ ਆਏ ਹਨ ਅਤੇ ਉਹ ਉਮੀਦਵਾਰ ਵੀ ਸ਼ਾਮਲ ਹਨ ਜਿਨ੍ਹਾਂ ਨੂੰ 23 ਸਾਲ ਤੋਂ ਵੀ ਵੱਧ ਦਾ ਸਮਾਂ ਨੌਕਰੀ ਕਰਦਿਆਂ ਹੋ ਗਿਆ ਹੈ। ਉਨ੍ਹਾਂ ਦਾ ਮੁੱਖ ਟੀਚਾ ਅਧਿਆਪਕਾਂ ਦੀਆਂ ਤਨਖ਼ਾਹਾਂ, ਤਰੱਕੀਆਂ ਤੇ ਚੋਣਾਂ ਮੌਕੇ ਡਿਊਟੀਆਂ ਲੱਗਣ ਆਦਿ ਨਾਲ ਸਬੰਧਤ ਮੁਸ਼ਕਲਾਂ ਨੂੰ ਹੱਲ ਕਰਵਾਉਣਾ ਹੋਵੇਗਾ। ਉਨ੍ਹਾਂ ਉਮੀਦ ਪ੍ਰਗਟਾਈ ਕਿ ਅਧਿਆਪਕ ਵਰਗ ਉਨ੍ਹਾਂ ਦੇ ਗਰੁੱਪ ਨੂੰ ਵੱਡੇ ਬਹੁਮਤ ਨਾ ਜੇਤੂ ਬਣਾਉਣਗੇ।