ਜਗਰਾਉਂ: ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾਈ ਪ੍ਰਧਾਨ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਯੂਕਰੇਨ ਯੁੱਧ ਦਾ ਪ੍ਰਭਾਵ ਸਾਰੇ ਵਿਸ਼ਵ ’ਤੇ ਪਵੇਗਾ ਅਤੇ ਇਸ ਯੁੱਧ ਦਾ ਸਭ ਤੋਂ ਵੱਧ ਖਮਿਆਜ਼ਾ ਯੂਕਰੇਨ ਦੇ ਲੋਕਾਂ ਨੂੰ ਭੁਗਤਣਾ ਪਵੇਗਾ ਹੈ। ਇਸ ਕਰ ਕੇ ਯੂਕਰੇਨ ਦੇ ਲੋਕਾਂ ਨੂੰ ਸਾਮਰਾਜ ਦੇ ਕਿਸੇ ਵੀ ਧੜੇ ਦੇ ਹੱਕ ’ਚ ਨਹੀਂ ਖੜ੍ਹਨਾ ਚਾਹੀਦਾ ਅਤੇ ਉਨ੍ਹਾਂ ਨੂੰ ਸਾਮਰਾਜੀ ਅਤੇ ਪੂੰਜੀਵਾਦੀ ਤਾਕਤਾਂ ਦੇ ਖ਼ਿਲਾਫ਼ ਆਵਾਜ਼ ਉਠਾ ਕੇ ਯੂਕਰੇਨ ਦਾ ਭਵਿੱਖ ਆਪਣੇ ਹੱਥ ’ਚ ਲੈਣਾ ਚਾਹੀਦਾ ਹੈ। ਉਕਤ ਆਗੂਆਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਯੂਕਰੇਨ ਸਮੇਤ ਦੁਨੀਆਂ ਭਰ ਦੇ ਲੋਕਾਂ ਨੂੰ ਯੂਕਰੇਨ ਉੱਪਰ ਠੋਸੀ ਜਾ ਰਹੀ ਨਿਹੱਕੀ ਸਾਮਰਾਜੀ ਜੰਗ ਦਾ ਵਿਰੋਧ ਕਰਦਿਆਂ ਯੂਕਰੇਨ ਦੀ ਖੁਦਮੁਖਤਿਆਰੀ ਅਤੇ ਅਮਨ-ਸ਼ਾਂਤੀ ਦੀ ਬਹਾਲੀ ਲਈ ਆਵਾਜ਼ ਬੁਲੰਦ ਕੀਤੀ ਜਾਵੇ। -ਨਿੱਜੀ ਪੱਤਰ ਪ੍ਰੇਰਕ