ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 27 ਅਕਤੂਬਰ
ਸਨਅਤੀ ਸ਼ਹਿਰ ਵਿੱਚੋਂ ਲੰਘਣ ਵਾਲੇ ਬੁੱਢੇ ਨਾਲੇ ਦੀ ਸਫ਼ਾਈ ਲਈ ਅੱਜ ਮੇਅਰ ਬਲਕਾਰ ਸਿੰਘ ਸੰਧੂ ਅਤੇ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਦੀ ਪ੍ਰਧਾਨਗੀ ਹੇਠ ਸਥਾਨਕ ਨਗਰ ਨਿਗਮ ਦੇ ਦਫਤਰ ਜ਼ੋਨ-ਡੀ ਵਿਖੇ ਰੀਵਿਊ ਮੀਟਿੰਗ ਕੀਤੀ ਗਈ। ਇਸ ਮੌਕੇ ’ਤੇ ਸ਼ਹਿਰ ਦੇ ਕੌਂਸਲਰ, ਨਾਮਧਾਰੀ ਮੈਂਬਰ, ਵੱਖ-ਵੱਖ ਐਨ.ਜੀ.ਓ. ਦੇ ਮੈਂਬਰ ਵੀ ਸ਼ਾਮਿਲ ਸਨ।
ਮੀਟਿੰਗ ਦੌਰਾਨ ਬੁੱਢੇ ਨਾਲੇ ਦੀ ਸਫਾਈ ਅਤੇ ਨਾਲੇ ਦੇ ਨੇੜੇ ਬੂਟੇ ਲਗਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੇਅਰ ਬਲਕਾਰ ਸਿੰਘ ਸੰਧੂ ਵੱਲੋਂ ਮੀਟਿੰਗ ਦੌਰਾਨ ਬੁੱਢੇ ਨਾਲੇ ਦੇ ਨੇੜੇ ਜਗ੍ਹਾ ਦੀ ਭਾਲ ਕਰਕੇ ਮਿੰਨੀ ਜੰਗਲ ਲਗਾਉਣ ਲਈ ਵੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ। ਉਨ੍ਹਾਂ ਸਿਹਤ ਅਫ਼ਸਰ ਨੂੰ ਕਿਹਾ ਕਿ ਬੁੱਢੇ ਨਾਲੇ ਵਿੱਚ ਮੱਛੀ ਮਾਰਕੀਟ, ਸਬਜ਼ੀ ਮੰਡੀਆਂ ਵੱਲੋਂ ਸੁੱਟੇ ਜਾਣ ਵਾਲੇ ਕੂੜਾ-ਕਰਕਟ ਆਦਿ ਨੂੰ ਸੈਨਟਰੀ ਇੰਸਪੈਕਟਰਾਂ ਦੀ ਟੀਮ ਦੇ ਸਹਿਯੋਗ ਨਾਲ ਰੋਕਿਆ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਸੁੰਦਰੀਕਰਨ ਲਈ ਬੁੱਢੇ ਨਾਲੇ ਦੇ ਨਾਲ-ਨਾਲ ਬੁੂਟੇ ਵੀ ਲਗਾਏ ਜਾਣੇ ਹਨ, ਜਿਸ ਨਾਲ ਪ੍ਰਦੂਸ਼ਣ ਵੀ ਘਟੇਗਾ। ਉਨ੍ਹਾਂ ਕਿਹਾ ਕਿ ਬੁੱਢੇ ਨਾਲੇ ਵਿੱਚ ਸੋਲਿਡ ਵੇਸਟ ਨੂੰ ਸੁੱਟਣ ਤੋਂ ਰੋਕਣ ਲਈ ਚੇਨਲਿੰਕ ਫੈਸਿੰਗ ਦਾ ਕੰਮ ਅਲਾਟ ਹੋ ਚੁੱਕਾ ਹੈ, ਜੋ ਕਿ ਜਲਦ ਹੀ ਸ਼ੁਰੂ ਕੀਤਾ ਜਾ ਰਿਹਾ ਹੈ।