ਨਿੱਜੀ ਪੱਤਰ ਪ੍ਰੇਰਕ
ਖੰਨਾ, 7 ਮਾਰਚ
ਇਥੋਂ ਦੇ ਨਿਊ ਏਜ ਵੈਲਫੇਅਰ ਕਲੱਬ ਵੱਲੋਂ ਸਾਲਾਨਾ ਕਿਤਾਬਾਂ ਦਾ ਲੰਗਰ ਲਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਪ੍ਰਧਾਨ ਸੰਦੀਪ ਸਿੰਘ ਨੇ ਦੱਸਿਆ ਕਿ ਕਿਸੇ ਵੀ ਵਿਦਿਆਰਥੀ ਨੂੰ ਕਿਸੇ ਜਮਾਤ ਦੀ ਕਿਤਾਬ ਚਾਹੀਦੀ ਹੈ ਤਾਂ ਉਹ ਇੱਥੋਂ ਲਿਜਾ ਸਕਦਾ ਹੈ ਤੇ ਜੋ ਦਾਨੀ ਕੋਈ ਕਿਤਾਬਾਂ ਦੇਣਾ ਚਾਹੁੰਦੇ ਹਨ ਤਾਂ ਉਹ ਇੱਥੇ ਦੇ ਕੇ ਜਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਇਹ ਕਲੱਬ ਸਾਲ 2014 ਤੋਂ ਸਮਾਜ ਸੇਵੀ ਕਾਰਜਾਂ ਨਾਲ ਜੁੜਿਆ ਹੋਇਆ ਹੈ। ਕਲੱਬ ਦਾ ਮੁੱਖ ਉਦੇਸ਼ ਸ਼ਹਿਰ ’ਚ ਬੂਟੇ ਲਾਉਣਾ, ਕਰੋਨਾ ਸਮੇਂ ਲੰਗਰ ਦੀ ਸੇਵਾ ਕਰਨ ਤੇ ਕਰੋਨਾ ਵਾਰਡ ਸਥਾਪਤ ਕਰਨਾ ਆਦਿ ਹੈ। ਠੰਢ ਸਮੇਂ ਕਲੱਬ ਨੇ ਪੁਰਾਣੇ ਕੱਪੜੇ ਵੰਡੇ, ਜਿਸ ਦਾ ਲੋੜਵੰਦ ਵਿਅਕਤੀਆਂ ਨੇ ਭਰਪੂਰ ਫ਼ਾਇਦਾ ਲਿਆ।
ਸੇਵਾਮੁਕਤ ਪ੍ਰਿੰਸੀਪਲ ਸਤੀਸ਼ ਦੁਆ ਤੇ ਸਤੀਸ਼ ਸ਼ਰਮਾ ਨੇ ਕਾਮਰਸ ਵਿਸ਼ੇ ਦੀਆਂ ਕਿਤਾਬਾਂ ਕਲੱਬ ਨੂੰ ਭੇਟ ਕੀਤੀਆਂ। ਸ੍ਰੀ ਦੂਆ ਨੇ ਕਿਹਾ ਕਿ ਕਲੱਬ ਦਾ ਇਹ ਕਦਮ ਸ਼ਲਾਘਾਯੋਗ ਹੈ। ਇਸ ਮੌਕੇ ਅਵਤਾਰ ਸਿੰਘ, ਰਾਜਵੰਤ ਸਿੰਘ, ਜਤਿੰਦਰ ਕੁਮਾਰ, ਗੁਰਮੀਤ ਸਿੰਘ ਆਦਿ ਹਾਜ਼ਰ ਸਨ।