ਖੰਨਾ: ਇੱਥੇ ਕੱਲ੍ਹ ਦੇਰ ਸ਼ਾਮ ਇਥੋਂ ਦੇ ਨੈਸ਼ਨਲ ਹਾਈਵੇਅ ’ਤੇ ਵਾਪਰੇ ਸੜਕ ਹਾਦਸੇ ਵਿਚ ਲੜਕੀ ਦੀ ਮੌਤ ਹੋ ਗਈ। ਮ੍ਰਿਤਕਾ ਸਿਮਰਨ (17) ਆਪਣੇ ਪਰਿਵਾਰ ਸਮੇਤ ਉੱਤਰ ਪ੍ਰਦੇਸ਼ ਤੋਂ ਦਰਬਾਰ ਸਾਹਿਬ ਅੰਮ੍ਰਿਤਸਰ ਜਾ ਰਹੀ ਸੀ। ਉਨ੍ਹਾਂ ਦੀ ਬੋਲੇਰੋ ਇਥੋਂ ਨੇੜਲੇ ਪਿੰਡ ਮੋਹਨਪੁਰ ਨੇੜੇ ਖੇਤਾਂ ਵਿਚ ਜਾ ਪਲਟੀ। ਇਸ ਵਿਚ ਪਰਿਵਾਰ ਦੇ 12 ਮੈਂਬਰ ਸਵਾਰ ਸਨ। ਹਾਦਸੇ ਦੌਰਾਨ ਸਿਮਰਨ ਸੜਕ ’ਤੇ ਡਿੱਗ ਗਈ, ਜਿਸ ਕਾਰਨ ਉਸ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਬਾਕੀ ਸ਼ਰਧਾਲੂ ਵੀ ਜ਼ਖਮੀ ਹੋ ਗਏ। ਹਾਦਸੇ ਦੀ ਵਜ੍ਹਾ ਡਰਾਈਵਰ ਨੂੰ ਨੀਂਦ ਆਉਣਾ ਦੱਸਿਆ ਜਾ ਰਿਹਾ ਹੈ। ਹਾਦਸੇ ਉਪਰੰਤ ਡਰਾਈਵਰ ਤਰਸੇਮ ਸਿੰਘ ਨੇ ਦੱਸਿਆ ਕਿ ਉਸ ਦੀ ਅਚਾਨਕ ਅੱਖ ਲੱਗ ਗਈ ਸੀ। ਪਲਵਿੰਦਰ ਸਿੰਘ ਨੇ ਕਿਹਾ ਕਿ ਜਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। -ਨਿੱਜੀ ਪੱਤਰ ਪ੍ਰੇਰਕ