ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 16 ਮਾਰਚ
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਦਫ਼ਤਰ ’ਚ ਕੰਮ ਕਰਨ ਵਾਲੇ ਜਵਾਹਰ ਨਗਰ ਵਾਸੀ ਅਨਿਲ ਥਾਪਾ ਨੇ ਸ਼ੱਕੀ ਹਾਲਾਤ ’ਚ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ। ਘਟਨਾ ਦਾ ਪਤਾ ਅੱਜ ਸਵੇਰੇ ਉਸ ਸਮੇਂ ਲੱਗਿਆ, ਜਦੋਂ ਕਾਰਜਕਾਲ ’ਚ ਯੂਨੀਅਨ ਦੇ ਮੈਂਬਰ ਆਏ। ਪੁਲੀਸ ਨੇ ਜਾਂਚ ਤੋਂ ਬਾਅਦ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭਿਜਵਾ ਦਿੱਤੀ ਹੈ। ਪੁਲੀਸ ਨੇ ਅਨਿਲ ਥਾਪਾ ਦੇ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਲਾਉਣਾ ਸ਼ੁਰੂ ਕਰ ਦਿੱਤਾ ਹੈ। ਜਾਂਚ ਅਧਿਕਾਰੀ ਏਐੱਸਆਈ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਅਨਿਲ ਥਾਪਾ ਮੂਲ ਰੂਪ ’ਚ ਨੇਪਾਲ ਦਾ ਰਹਿਣ ਵਾਲਾ ਸੀ ਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸਕੂਟਰ ਮਾਰਕੀਟ ਦੇ ਸਾਹਮਣੇ ਸਥਿਤ ਦਫ਼ਤਰ ’ਚ ਕੰਮ ਕਰਦਾ ਸੀ। ਉਨ੍ਹਾਂ ਦੱਸਿਆ ਕਿ ਮੰਗਲਵਾਰ ਦੀ ਦੇਰ ਰਾਤ ਨੂੰ ਉਸ ਨੇ ਦਫ਼ਤਰ ’ਚ ਹੀ ਸ਼ੱਕੀ ਹਾਲਾਤ ’ਚ ਫਾਹਾ ਲੈ ਲਿਆ ਸੀ।