ਦੇਵਿੰਦਰ ਸਿੰਘ ਜੱਗੀ
ਪਾਇਲ, 15 ਅਕਤੂਬਰ
ਵਿਧਾਤਾ ਪ੍ਰਾਈਵੇਟ ਲਿਮਟਿਡ ਪਲਾਈਵੁੱਡ ਫੈਕਟਰੀ ਬੀਜਾ ਵਿੱਚ ਭਿਆਨਕ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਹੋ ਗਿਆ, ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਕੁੱਝ ਪਤਾ ਨਹੀਂ ਲੱਗ ਸਕਿਆ। ਇਸ ਸਬੰਧੀ ਫੈਕਟਰੀ ਦੇ ਮਾਲਕ ਅਮਿਤ ਜਨੇਜਾ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰ ਵੇਲੇ ਮੁਲਾਜ਼ਮ ਨੇ ਫੋਨ ਕਰਕੇ ਅੱਗ ਲੱਗਣ ਦੇ ਬਾਰੇ ਜਾਣਕਾਰੀ ਦਿੱਤੀ। ਜਦੋਂ ਕਿ ਇਸ ਤੋਂ ਪਹਿਲਾਂ ਹੀ ਫੈਕਟਰੀ ਦੇ ਮੁਲਾਜ਼ਮਾਂ ਵੱਲੋਂ ਕੰਟਰੋਲ ਰੂਮ ’ਤੇ ਫਾਇਰ ਬ੍ਰਿਗੇਡ ਗੱਡੀਆਂ ਨੂੰ ਫੋਨ ਕਰਕੇ ਬੁਲਾ ਲਿਆ ਗਿਆ ਸੀ। ਜਿਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਅੱਗ ਉੱਤੇ ਕਾਬੂ ਪਾਇਆ। ਉਨ੍ਹਾਂ ਕਿਹਾ ਕਿ ਅੱਗ ਲੱਗਣ ਕਾਰਨ ਹੋਏ ਨੁਕਸਾਨ ਦਾ ਅਨੁਮਾਨ ਲਗਾਉਣਾ ਮੁਸ਼ਕਿਲ ਹੈ ਪਰ ਇਹ ਨੁਕਸਾਨ ਕਰੋੜਾਂ ਵਿੱਚ ਹੋਵੇਗਾ। ਫੈਕਟਰੀ ਦੇ ਮਾਲਕ ਜੁਨੇਜਾ ਨੇ ਇਹ ਵੀ ਕਿਹਾ ਕਿ ਪਲਾਈਵੁੱਡ ਤਿਆਰ ਕਰਨ ਵਾਲੀਆਂ 10 ਤੋਂ 15 ਮਸ਼ੀਨਾਂ ਵੀ ਅੱਗ ਦੀ ਲਪੇਟ ਵਿੱਚ ਆ ਕੇ ਸੜ ਕੇ ਸਵਾਹ ਹੋ ਗਈਆਂ ਹਨ। ਫੈਕਟਰੀ ਦੇ ਮੈਨੇਜਰ ਸੁਦੇਸ਼ ਕੁਮਾਰ ਨੇ ਦੱਸਿਆ ਕਿ ਉਸਨੂੰ ਸਕਿਓਰਿਟੀ ਗਾਰਡ ਨੇ ਫੋਨ ’ਤੇ ਇਸ ਬਾਰੇ ਜਾਣਕਾਰੀ ਦਿੱਤੀ, ਜਿਸ ਵਿੱਚ ਕਰੋੜਾਂ ਰੁਪਏ ਦਾ ਤਿਆਰ ਕੀਤਾ ਹੋਇਆ ਮਾਲ ਅੱਗ ਲੱਗਣ ਕਾਰਨ ਸੜ ਕੇ ਸਵਾਹ ਹੋ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਉਹ ਲੁਧਿਆਣੇ ਤੋਂ ਬੀਜਾ ਫੈਕਟਰੀ ਪਹੁੰਚ ਗਿਆ, ਪਰ ਖੰਨਾ ਤੇ ਸਮਰਾਲਾ ਨੇੜੇ ਹੋਣ ਕਰਕੇ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇਰ ਨਾਲ ਪਹੁੰਚੀਆਂ। ਜਦੋਂ ਇਸ ਸਬੰਧੀ ਫਾਇਰ ਬ੍ਰਿਗੇਡ ਦੇ ਅਫ਼ਸਰ ਯਸ਼ਪਾਲ ਗੋਮੀ ਨਾਲ ਗੱਲਬਾਤ ਕੀਤੀ ਉਨ੍ਹਾਂ ਕਿਹਾ ਕਿ ਵਿਧਾਤਾ ਪਲਾਈਵੁੱਡ ਲਿਮਟਿਡ ਕੰਪਨੀ ਵਿੱਚ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ, ਪਰ ਫਿਰ ਵੀ ਏਦਾਂ ਲੱਗ ਰਿਹਾ ਜਿਵੇਂ ਕਿ ਸ਼ਾਰਟ ਸਰਕਟ ਨਾਲ ਇਹ ਅੱਗ ਲੱਗੀ ਹੋਵੇ। ਫੈਕਟਰੀ ਵਿੱਚ ਇੱਕ ਵੱਡਾ ਹਾਦਸਾ ਹੋਣ ਤੋਂ ਬਚ ਗਿਆ। ਖੰਨਾ, ਸਮਰਾਲਾ ਤੋਂ ਅੱਗ ਬੁਝਾਉਣ ਲਈ ਗੱਡੀਆਂ ਮੰਗਵਾ ਕੇ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ। ਇਸ ਘਟਨਾ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਹੈ।