ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 31 ਅਕਤੂਬਰ
ਸਮਾਰਟ ਸਿਟੀ ਮਿਸ਼ਨ ਤਹਿਤ ਸਵੱਛ ਲੁਧਿਆਣਾ ਲਈ ਅੱਜ ਸਾਈਕਲ ਫਾਰ ਚੇਂਜ ਦੇ ਨਾਅਰੇ ਹੇਠ ਸਾਈਕਲ ਰੈਲੀ ਕੱਢੀ ਗਈ ਜਿਸ ਨੂੰ ਅੱਜ ਸਵੇਰੇ ਗੁਰੂ ਨਾਨਕ ਸਟੇਡੀਅਮ ਤੋਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਮੇਅਰ ਬਲਕਾਰ ਸਿੰਘ ਸੰਧੂ ਅਤੇ ਨਗਰ ਨਿਗਮ ਕਮਿਸ਼ਨਰ ਪ੍ਰਦੀਪ ਸਭਰਵਾਲ ਵੀ ਮੌਜੂਦ ਸਨ। ਉਨ੍ਹਾਂ ਤੰਦਰੁਸਤ ਰਹਿਣ ਲਈ ਰੋਜ਼ਾਨਾ ਸਾਈਕਲ ਚਲਾਉਣ ਲਈ ਪ੍ਰੇਰਿਆ।
ਇਹ ਰੈਲੀ ਗੁਰੂ ਨਾਨਕ ਸਟੇਡੀਅਮ ਤੋਂ ਆਰੰਭ ਹੋ ਕੇ ਰਾਣੀ ਝਾਂਸੀ ਰੋਡ ਤੋਂ ਘੁਮਾਰ ਮੰਡੀ ਦੇ ਰਸਤੇ ਆਰਤੀ ਚੌਕ ਹੁੰਦੇ ਹੋਏ ਐਮ.ਬੀ.ਡੀ. ਮਾਲ ਵਿੱਚ ਸਮਾਪਤ ਹੋਈ। ਸ੍ਰੀ ਆਸ਼ੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਈਕਲ ਰੈਲੀ ਕੱਢਣ ਦਾ ਮੁੱਖ ਮਕਸਦ ਸ਼ਹਿਰ ਵਾਸੀਆਂ ਨੂੰ ਆਪਣੇ ਆਲੇ ਦੁਆਲੇ ਅਤੇ ਵਾਤਾਵਰਣ ਨੂੰ ਸਾਫ ਰੱਖਣ ਦਾ ਸੁਨੇਹਾ ਦੇਣਾ ਹੈ। ਉਨ੍ਹਾਂ ਕਿਹਾ ਕਿ ਸਵੱਛਤਾ ਸ਼ਹਿਰ ਦੇ ਹਰੇਕ ਵਿਅਕਤੀ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਸਮਾਰਟ ਸਿਟੀ ਮਿਸ਼ਨ ਤਹਿਤ ਸਾਈਕਲਿੰਗ ਨੂੰ ਉਤਸ਼ਾਹਤ ਕਰਨ ਲਈ ਸਿੱਧਵਾਂ ਵਾਟਰ ਫਰੰਟ ਵਿਚ ਫਿਰੋਜ਼ਪੁਰ ਰੋਡ ਤੋਂ ਗਿੱਲ ਰੋਡ ਤੱਕ ਸਾਈਕਲਿੰਗ ਲਈ ਸਮਰਪਿਤ ਟਰੈਕ ਬਣਾਇਆ ਜਾ ਰਿਹਾ ਹੈ।