ਖੇਤਰੀ ਪ੍ਰਤੀਨਿਧ
ਲੁਧਿਆਣਾ, 20 ਮਈ
ਪੰਜਾਬੀ ਸਾਹਿਤ ਸਭਾ ਵੱਲੋਂ ਕਰਵਾਏ ਸਮਾਗਮ ਵਿੱਚ ਲੁਧਿਆਣਾ ਦੇ ਮੁਹੱਲਾ ਚੇਤ ਸਿੰਘ ਨਗਰ ਵਿੱਚ ਰਹਿੰਦੇ ਲੇਖਕ ਗੁਰਚਰਨ ਸਿੰਘ ਭੰਗੂ ਦੀ ਸਵੈ ਜੀਵਨੀ ‘ਜੁੱਤੀ ਕਸੂਰੀ’ ਰਿਲੀਜ਼ ਕੀਤੀ ਗਈ। ਇਸ ਮੌਕੇ ਡਾ. ਸੁਰਜੀਤ ਪਾਤਰ, ਗੁਰਭਜਨ ਗਿੱਲ, ਸੁਖਜੀਤ, ਨਰਿੰਦਰ ਸ਼ਰਮਾ , ਡਾ. ਲਖਵਿੰਦਰ ਜੌਹਲ ਤੇ ਡਾ. ਮਨਮੋਹਨ ਸਮੇਤ ਹੋਰ ਲੇਖਕ ਹਾਜ਼ਰ ਸਨ। ਪੁਸਤਕ ਬਾਰੇ ਗੱਲ ਕਰਦਿਆਂ ਡਾ. ਪਾਤਰ ਨੇ ਕਿਹਾ ਕਿ ਜਦ ਕੋਈ ਆਪਣੀ ਆਤਮ ਕਥਾ ਲਿਖਦਾ ਹੈ ਤਾਂ ਉਹ ਸਹਿਜ ਸੁਭਾਅ ਆਪਣੇ ਸਮਿਆਂ ਨੂੰ ਵੀ ਚਿਤਰ ਜਾਂਦਾ ਹੈ। ਜੁੱਤੀ ਕਸੂਰੀ ਰਾਹੀਂ ਲੇਖਕ ਭੰਗੂ ਨੇ ਸਾਨੂੰ ਬਹੁਤ ਬਾਰੀਕਬੀਨੀ ਨਾਲ ਆਪਣੇ ਸਮਾਂ ਕਾਲ ਦੇ ਵੀ ਦਰਸ਼ਨ ਕਰਵਾ ਦਿੱਤੇ ਹਨ। ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗਿੱਲ ਨੇ ਲੇਖਕ ਭੰਗੂ ਨੂੰ ਇਹ ਕਿਤਾਬ ਲਿਖਣ ਲਈ ਮੁਬਾਰਕ ਦਿੰਦਿਆਂ ਕਿਹਾ ਕਿ ਇਹ ਪਾਰਦਰਸ਼ੀ ਰੂਹ ਦੀ ਰਚਨਾ ਹੈ। ਲੇਖਕ ਸੁਖਜੀਤ ਤੇ ਕਹਾਣੀਕਾਰ ਬਲਵਿੰਦਰ ਗਰੇਵਾਲ ਨੇ ਇਸ ਮੌਕੇ ਸੰਬੋਧਨ ਕੀਤਾ। ਪੰਜਾਬੀ ਸਾਹਿਤ ਸਭਾ ਵੱਲੋਂ ਗੁਰਚਰਨ ਸਿੰਘ ਭੰਗੂ ਨੂੰ ਦੋਸ਼ਾਲਾ ਤੇ ਗੁਲਦਸਤਾ ਭੇਟ ਕਰਕੇ ਪ੍ਰਧਾਨਗੀ ਮੰਡਲ ਤੋਂ ਸਨਮਾਨਿਤ ਕਰਵਾਇਆ ਗਿਆ। ਇਸ ਮੌਕੇ ਅਮਰਜੀਤ ਗਰੇਵਾਲ, ਡਾ. ਯੋਗ ਰਾਜ, ਜਗਦੀਪ ਸਿੱਧੂ, ਸਵਰਨਜੀਤ ਸਵੀ, ਦੀਪ ਦਿਲਬਰ , ਡਾ. ਗੁਰਇਕਬਾਲ ਸਿੰਘ, ਰਵੀਦੀਪ ਰਵੀ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਜਗਦੀਸ਼ਪਾਲ ਸਿੰਘ ਗਰੇਵਾਲ ਸਰਪੰਚ ਦਾਦ, ਦੇਸ ਰਾਜ ਕਾਲੀ, ਡਾ. ਤੇਜਿੰਦਰ ਸਿੰਘ, ਪਰਮਿੰਦਰ ਸਿੰਘ ਗਿੱਲ ਹਾਜ਼ਰ ਸਨ।