ਖੇਤਰੀ ਪ੍ਰਤੀਨਿਧ
ਲੁਧਿਆਣਾ 29 ਜੂਨ
ਪੀਏਯੂ ਦੇ ਪ੍ਰੋਸੈਸਿੰਗ ਅਤੇ ਫੂਡ ਇੰਜਨੀਅਰਿੰਗ ਵਿਭਾਗ ਨੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ, ਚੰਡੀਗੜ੍ਹ ਦੇ ਸਹਿਯੋਗ ਨਾਲ ‘ਪ੍ਰਧਾਨ ਮੰਤਰੀ ਮਾਈਕ੍ਰੋ ਫੂਡ ਪ੍ਰੋਸੈਸਿੰਗ ਇੰਟਰਪ੍ਰਾਈਜ਼ਿਜ਼ ਸਕੀਮ’ ਵਿਸ਼ੇ ’ਤੇ ਇੱਕ ਰੋਜ਼ਾ ਜਾਗਰੂਕਤਾ ਵਰਕਸ਼ਾਪ ਕਰਵਾਈ। ਇਸ ਵਰਕਸ਼ਾਪ ਦਾ ਉਦੇਸ਼ ਪੀਏਯੂ, ਗਡਵਾਸੂ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਾਗਬਾਨੀ, ਡੇਅਰੀ, ਪਸ਼ੂ ਪਾਲਣ, ਮੁਰਗੀ ਪਾਲਣ, ਮੱਛੀ ਪਾਲਣ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਸਮੇਤ ਰਾਜ ਦੇ ਵੱਖ-ਵੱਖ ਵਿਭਾਗਾਂ ਦੇ ਫੀਲਡ ਅਧਿਕਾਰੀਆਂ ਵਿੱਚ ਜਾਗਰੂਕਤਾ ਪੈਦਾ ਕਰਨਾ ਸੀ। ਪਾਲ ਆਡੀਟੋਰੀਅਮ ਵਿੱਚ ਹੋਏ ਇਸ ਸਮਾਗਮ ਲਈ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ 300 ਤੋਂ ਵੱਧ ਡੈਲੀਗੇਟਾਂ ਨੇ ਰਜਿਸਟਰੇਸ਼ਨ ਕਰਵਾਈ। ਵਰਕਸ਼ਾਪ ਵਿੱਚ ਗੁਰੂ ਅੰਗਦ ਦੇਵ ਵੈਟਰਨਰੀ ਸਾਇੰਸ ਯੂਨੀਵਰਸਿਟੀ ਦੇ ਪਸਾਰ ਨਿਰਦੇਸ਼ਕ ਡਾ. ਪੀ.ਐੱਸ. ਬਰਾੜ ਨੇ ਵੀ ਸ਼ਿਰਕਤ ਕੀਤੀ।
ਵਰਕਸ਼ਾਪ ਦੇ ਮੁੱਖ ਮਹਿਮਾਨ ਡਾ. ਨਚੀਕੇਤ ਕੋਤਵਾਲੀ ਵਾਲੇ ਨੇ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਵੱਲੋਂ ਵਿਕਸਤ ਕੀਤੀਆਂ ਗਈਆਂ ਤਕਨੀਕਾਂ ਨੌਜਵਾਨ ਕਿਸਾਨਾਂ ਨੂੰ ਸਫਲ ਉੱਦਮੀ ਬਣਨ ਵਿੱਚ ਮਦਦ ਕਰ ਰਹੀਆਂ ਹਨ। ਪਸਾਰ ਸਿੱਖਿਆ ਦੇ ਵਧੀਕ ਨਿਰਦੇਸ਼ਕ ਡਾ. ਜੀਪੀਐੱਸ ਸੋਢੀ ਨੇ ਪੀਏਯੂ ਅਤੇ ਕੇਵੀਕੇ ਵੱਲੋਂ ਕਰਵਾਏ ਗਏ ਸਿਖਲਾਈ ਪ੍ਰੋਗਰਾਮਾਂ ਦੇ ਅਗਾਂਹਵਧੂ ਕਿਸਾਨਾਂ ਅਤੇ ਖੇਤੀ ਉੱਦਮੀਆਂ ’ਤੇ ਪੈਣ ਵਾਲੇ ਪ੍ਰਭਾਵਾਂ ਨੂੰ ਉਜਾਗਰ ਕੀਤਾ। ਫੂਡ ਪ੍ਰੋਸੈਸਿੰਗ, ਪੰਜਾਬ ਦੇ ਜੀਐੱਮ ਰਜਨੀ ਸਤੁਲੀ ਨੇ ਪ੍ਰਵਾਨਿਤ ਹਾਲੀਆ ਸੋਧਾਂ ਬਾਰੇ ਜਾਣਕਾਰੀ ਦਿੱਤੀ। ਲੁਧਿਆਣਾ ਜ਼ਿਲ੍ਹੇ ਦੇ ਫੂਡ ਸੇਫਟੀ ਅਫ਼ਸਰ ਡਾ. ਰਾਸੂ ਮਹਾਜਨ ਨੇ ਐੱਫਐੱਸਐੱਸਏਆਈ ਸਰਟੀਫਿਕੇਸ਼ਨ ਪ੍ਰਾਪਤ ਕਰਨ ਬਾਰੇ ਦੱਸਿਆ।
ਕੇਨਰਾ ਬੈਂਕ, ਬਠਿੰਡਾ ਦੇ ਸੀਨੀਅਰ ਅਧਿਕਾਰੀ ਪਰਵੀਨ ਕੁਮਾਰ ਨੇ ਦੱਸਿਆ ਕਿ ਬੈਂਕ ਕਿੰਨੀ ਸਰਗਰਮੀ ਨਾਲ ਸਕੀਮ ਤਹਿਤ ਬਿਨੈਕਾਰਾਂ ਨੂੰ ਵਿੱਤ ਮਨਜ਼ੂਰ ਕਰ ਰਿਹਾ ਹੈ। ਤਕਨੀਕੀ ਸੈਸ਼ਨ ਦੌਰਾਨ ਦੇ ਡਾ. ਰਣਜੀਤ ਸਿੰਘ, ਡਾ. ਰੀਤੂ ਟੰਡਨ, ਡਾ. ਤਰਸੇਮ ਚੰਦ ਮਿੱਤਲ ਅਤੇ ਡਾ. ਪਰਮਿੰਦਰ ਸਿੰਘ ਚਾਵਲਾ ਨੇ ਖੇਤੀ ਦੇ ਲਾਭਾਂ ਲਈ ਉਪਲਬਧ ਤਕਨੀਕੀ ਸਹਾਇਤਾ ਅਤੇ ਤਕਨਾਲੋਜੀ ਦੀਆਂ ਪੇਸ਼ਕਾਰੀਆਂ ਦਿੱਤੀਆਂ। ਡਾ. ਮਹੇਸ਼ ਕੁਮਾਰ ਨੇ ਭਾਗ ਲੈਣ ਵਾਲਿਆਂ ਦਾ ਸਵਾਗਤ ਕੀਤਾ ਅਤੇ ਪ੍ਰਭਾਵਸ਼ਾਲੀ ਭਾਗੀਦਾਰੀ ਲਈ ਧੰਨਵਾਦ ਦਾ ਪ੍ਰਸਤਾਵ ਕੀਤਾ।