ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 4 ਜਨਵਰੀ
ਐਤਵਾਰ ਨੂੰ ਨੇੜਲੇ ਪਿੰਡ ਬੌੜ੍ਹਾਈ ਕਲਾਂ ਦੇ ਇੱਕ ਗਰੀਬ ਮਜ਼ਦੂਰ ਪਰਿਵਾਰ ਦੇ ਬਾਰ੍ਹਾਂ ਵਰ੍ਹਿਆਂ ਦੇ ਬੱਚੇ ਨੂੰ ਕੁੱਤਿਆਂ ਵੱਲੋਂ ਨੋਚੇ ਜਾਣ ਸਬੰਧੀ ਟ੍ਰਿਬਿਊਨ ਵਿੱਚ ਛਪੀਆਂ ਖਬਰਾਂ ਦਾ ਪ੍ਰਸ਼ਾਸਣ ਵੱਲੋਂ ਗੰਭੀਰ ਨੋਟਿਸ ਲਿਆ ਗਿਆ ਹੈ। ਡੀਸੀ ਮਾਲੇਰਕੋਟਲਾ ਨੇ ਸਰਕਾਰੀ ਸਿਹਤ ਅਧਿਕਾਰੀਆਂ ਨੂੰ ਜ਼ਖ਼ਮੀ ਬੱਚੇ ਦੇ ਇਲਾਜ ਦਾ ਪੁਖਤਾ ਇੰਤਜ਼ਾਮ ਕਰਨ ਦੇ ਨਿਰਦੇਸ਼ ਦੇਣ ਤੋਂ ਇਲਾਵਾ ਇਲਾਕੇ ਵਿੱਚ ਆਵਾਰਾ ਕੁੱਤਿਆਂ ਦੀ ਸਮੱਸਿਆ ਦਾ ਹੱਲ ਕਰਨੇ ਦੇ ਨਿਰਦੇਸ਼ ਸਬੰਧਤ ਅਧਿਕਾਰੀਆਂ ਨੂੰ ਦਿੱਤੇ ਹਨ। ਐੱਸਡੀਐੱਮ ਅਹਿਮਦਗੜ੍ਹ ਹਰਬੰਸ ਸਿੰਘ ਨੇ ਤਹਿਸੀਲਦਾਰ ਸੁਖਜਿੰਦਰ ਸਿੰਘ ਟਿਵਾਣਾ ਤੇ ਨਾਇਬ ਤਹਿਸੀਲਦਾਰ ਪਵਨਦੀਪ ਸਿੰਘ ਦੇ ਨਾਲ ਇੱਥੋਂ ਦੇ ਸੂਦ ਹਸਪਤਾਲ ਵਿੱਚ ਜਾ ਕੇ ਇਲਾਜ ਅਧੀਨ 12 ਵਰ੍ਹਿਆਂ ਦੇ ਜਗਦੀਪ ਸਿੰਘ ਦਾ ਹਾਲ ਪੁੱਛਿਆ ਅਤੇ ਸਿਵਲ ਹਸਪਤਾਲ ਦੇ ਡਾਕਟਰਾਂ ਨੂੰ ਆਪਣੀ ਨਿਗਰਾਨੀ ਵਿੱਚ ਅਗਲੇਰਾ ਇਲਾਜ ਕਰਵਾਉਣ ਲਈ ਕਿਹਾ। ਇਸ ਤੋਂ ਇਲਾਵਾ ਸਬੰਧਤ ਬਲਾਕ ਵਿਕਾਸ ਅਧਿਕਾਰੀ ਤੇ ਕਾਰਜਸਾਧਕ ਅਫ਼ਸਰ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਣੇ-ਆਪਣੇ ਖੇਤਰ ਵਿੱਚ ਆਵਾਰਾ ਕੁੱਤਿਆਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਮੁਹਿੰਮ ਸ਼ੁਰੂ ਕਰਨ।