ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 1 ਜੂਨ
ਥਾਣਾ ਪੀਏਯੂ ਦੇ ਇਲਾਕੇ ਰਿਸ਼ੀ ਨਗਰ ਵਿੱਚ 6 ਜਣਿਆਂ ਵੱਲੋਂ ਇਕ ਜਣੇ ਨੂੰ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਕਰ ਦਿੱਤਾ ਗਿਆ ਹੈ। ਉਸ ਨੇ ਮੁਲਜ਼ਮਾਂ ਤੋਂ ਉਧਾਰ ਦਿੱਤੇ ਪੈਸੇ ਵਾਪਸ ਮੰਗੇ ਸਨ। ਇਸ ਸਬੰਧੀ ਰਿਸ਼ੀ ਨਗਰ ਵਾਸੀ ਬੱਗਾ ਲਾਲ ਨੇ ਦੱਸਿਆ ਹੈ ਕਿ ਬੀਤੀ ਰਾਤ ਵਿੱਕੀ ਅਤੇ ਰਵੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਰਿਸ਼ੀ ਨਗਰ ਵਿੱਚ ਉਸ ਨੂੰ ਘੇਰ ਲਿਆ। ਇਸ ਦੌਰਾਨ ਉਨ੍ਹਾਂ ਨੇ ਤੇਜ਼ਧਾਰ ਹਥਿਆਰਾਂ ਅਤੇ ਲੋਹੇ ਦੀਆਂ ਰਾਡਾਂ ਨਾਲ ਉਸ ਉੱਪਰ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ। ਉਸ ਨੇ ਜਦੋਂ ਰੌਲਾ ਪਾਇਆ ਤਾਂ ਉਹ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ। ਇਸ ਦੌਰਾਨ ਜ਼ਖ਼ਮੀ ਹਾਲਤ ਵਿੱਚ ਬੱਗਾ ਲਾਲ ਨੂੰ ਸੀਐਮਸੀ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ ਜਿਥੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾਂਦੀ ਹੈ। ਜਾਂਚ ਅਧਿਕਾਰੀ ਜਗਤਾਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਨੇ ਬੇਅੰਤ ਸਿੰਘ ਉਸ ਦੇ ਪੁੱਤਰਾਂ ਵਿੱਕੀ ਅਤੇ ਰਵੀ, ਹੀਰਾ, ਮਨੀ ਅਤੇ ਗੇਜ਼ਾ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਹੈ ਕਿ ਬੱਗਾ ਲਾਲ ਨੇ ਮੁਲਜ਼ਮਾਂ ਤੋਂ ਉਧਾਰ ਦਿੱਤੇ ਪੈਸੇ ਲੈਣੇ ਸਨ ਪਰ ਉਹ ਪੈਸੇ ਦੇਣ ਤੋਂ ਨਾਂਹ ਨੁੱਕਰ ਕਰ ਰਹੇ ਸਨ।