ਖੇਤਰੀ ਪ੍ਰਤੀਨਿਧ
ਲੁਧਿਆਣਾ, 8 ਮਾਰਚ
ਇੱਥੇ ਰਾਮਗੜ੍ਹੀਆ ਗਰਲਜ਼ ਕਾਲਜ ਅਤੇ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਵਿੱਚ ਖੇਡਾਂ ਸ਼ੁਰੂ ਹੋਈਆਂ। ਰਾਮਗੜ੍ਹੀਆ ਕਾਲਜ ਵਿੱਚ ਇਨ੍ਹਾਂ ਖੇਡਾਂ ਦਾ ਉਦਘਾਟਨ ਮਲਕੀਤ ਸਿੰਘ ਨੇ ਕੀਤਾ ਜਦੋਂਕਿ ਕਾਲਜ ਦੀ ਸਾਬਕਾ ਖਿਡਾਰਨ ਪਰਮਜੀਤ ਕੌਰ ਸਿੱਧੂ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੀ। ਕਾਲਜ ਕੌਂਸਲ ਦੇ ਪ੍ਰਧਾਨ ਰਣਜੋਧ ਸਿੰਘ, ਕਾਰਜਕਾਰੀ ਪ੍ਰਿੰਸੀਪਲ ਡਾ. ਰਜੇਸ਼ਵਰਪਾਲ ਕੌਰ ਤੇ ਪ੍ਰੋ. ਰਾਣੀ ਕੌਰ ਨੇ ਸਾਰਿਆਂ ਨੂੰ ਜੀ ਆਇਆਂ ਆਖੀ। ਪਹਿਲੇ ਦਿਨ ਕਾਲਜ ਦੀਆਂ 500 ਦੇ ਕਰੀਬ ਵਿਦਿਆਰਥੀਆਂ ਨੇ 100, 200, 400 ਅਤੇ 800 ਮੀਟਰ ਦੌੜ, ਰਿਲੇਅ ਦੌੜ, ਲੰਬੀ ਛਾਲ, ਡਿਸਕਸ ਥਰੋਅ, ਜੈਵਲਿਨ ਥਰੋ, ਸ਼ਾਟਪੁੱਟ ਆਦਿ ਮੁਕਾਬਲਿਆਂ ਵਿੱਚ ਹਿੱਸਾ ਲਿਆ।
ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਵਿੱਚ ਵੀ 61ਵੀਂ ਦੋ ਰੋਜ਼ਾ ਅਥਲੈਟਿਕ ਮੀਟ ਸ਼ੁਰੂ ਹੋ ਗਈ। ਖੇਡਾਂ ਦੇ ਉਦਘਾਟਨ ਮੌਕੇ ਗੁਰਬਖਸੀਸ਼ ਸਿੰਘ ਗਿੱਲ, ਡਾ. ਵਿਸ਼ਵਜੀਤ ਸਿੰਘ ਹਾਂਸ ਅਤੇ ਹਰਦੀਪ ਸਿੰਘ ਗਰੇਵਾਲ ਨੇ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਅੱਜ ਪਹਿਲੇ ਦਿਨ 1500 ਮੀਟਰ, 100 ਮੀਟਰ, 110 ਮੀਟਰ, ਹਰਲਡਜ਼, ਜੈਵਲਿਨ ਥਰੋਅ, ਹਾਈ ਜੰਪ, ਟ੍ਰਿਪਲ ਜੰਪ, ਸ਼ਾਟਪੁੱਟ ਦੇ ਮੁਕਾਬਲੇ ਹੋਏ। ਪ੍ਰਿੰਸੀਪਲ ਡਾ. ਸਹਿਜਪਾਲ ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਨਨਕਾਣਾ ਸਾਹਿਬ ਟਰੱਸ ਦੇ ਡਾਇਰੈਕਟਰ ਇੰਦਰਪਾਲ ਸਿੰਘ ਨੇ ਖੇਡਾਂ ਦੀ ਮਹੱਤਤਾ ਬਾਰੇ ਦੱਸਿਆ। ਅੱਜ ਹੋਏ ਮੁਕਾਬਲਿਆਂ ਵਿੱਚੋਂ ਲੜਕਿਆਂ ਦੀ 1500 ਮੀਟਰ ਦੌੜ ਵਿੱਚ ਦੀਕੀਨ ਮਿੱਲ, ਸੋਮਰਾਜ, ਦਵਿੰਦਰ ਕੁਮਾਰ, ਲੜਕੀਆਂ ਦੀ 1500 ਮੀਟਰ ਦੌੜ ਵਿੱਚੋਂ ਅਨੂ ਗਰੇਵਾਲ, ਸੰਧਿਆ ਕੁਮਾਰੀ ਅਤੇ ਸਤੂਤੀ ਕੁਮਾਰੀ, ਕੁੜੀਆਂ ਦੀ ਜੈਵਲਿਨ ਥਰੋਅ ਵਿੱਚੋਂ ਰਵਨੀਤ ਗਰੇਵਾਲ, ਮਸਰੂਪ ਅਤੇ ਪ੍ਰਿਯੰਕਾ, ਲੜਕੀਆਂ ਦੀ 100 ਮੀਟਰ ਦੌੜ ਵਿੱਚੋਂ ਜਸਮੀਨ, ਆਦਿਤੀ ਸ਼ਰਮਾ ਅਤੇ ਸਹਿਜਦੀਪ ਕੌਰ, ਲੜਕਿਆਂ ਦੀ ਲੰਬੀ ਛਾਲ ਵਿੱਚੋਂ ਜਪਨਜੋਤ ਸਿੰਘ, ਅੰਕੁਸ਼ ਠਾਕੁਰ ਅਤੇ ਮਨਵੀਰ ਸਿੰਘ ਜਦਕਿ ਲੜਕੀਆਂ ਦੀ ਹਰਡਲਜ਼ ਵਿੱਚੋਂ ਨਵਰੀਤ ਗਰੇਵਾਲ, ਸੰਤੋਸ਼ ਕੌਰ ਅਤੇ ਸੁਖਮਨ ਕੌਰ ਨੇ ਕ੍ਰਮਵਾਰ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਹਾਸਲ ਕੀਤੀ।