ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 10 ਮਈ
ਥਾਣਾ ਹੈਬੋਵਾਲ ਦੀ ਪੁਲੀਸ ਨੇ ਕਾਰ ਪਾਰਕਿੰਗ ਦੇ ਮਾਮਲੇ ’ਤੇ ਕੁੱਟਮਾਰ ਦੇ ਦੋਸ਼ ਹੇਠ 20 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੇਨ ਰੋਡ ਦੀਪ ਨਗਰ ਵਾਸੀ ਲਵ ਸੂਦ ਨੇ ਦੱਸਿਆ ਹੈ ਕਿ ਉਸ ਦਾ ਇੱਕ ਮਕਾਨ ਚੰਦਰ ਨਗਰ ਹੈਬੋਵਾਲ ਵਿੱਚ ਹੈ। ਉਹ ਆਪਣੇ ਭਰਾ ਰਾਹੁਲ ਸੂਦ ਨਾਲ ਮਕਾਨ ’ਚ ਗਿਆ ਤਾਂ ਮਕਾਨ ਦੀ ਦੀਵਾਰ ਨਾਲ ਰਮਨ ਲੇਖੀ ਵੱਲੋਂ ਆਪਣੀ ਕਾਰ ਖੜ੍ਹੀ ਕੀਤੀ ਹੋਈ ਸੀ। ਉਸ ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਰਮਨ ਲੇਖੀ ਅਤੇ ਉਸ ਦੇ ਭਰਾ ਨੇ 15-20 ਨਾਮਲੂਮ ਵਿਅਕਤੀਆਂ ਦੀ ਮਦਦ ਨਾਲ ਉਨ੍ਹਾਂ ਦੋਵਾਂ ਭਰਾਵਾਂ ਦੀ ਕੁੱਟਮਾਰ ਕਰਕੇ ਜ਼ਖ਼ਮੀ ਕਰ ਦਿੱਤਾ ਅਤੇ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਗੁਆਂਢੀਆਂ ਦੀ ਮਦਦ ਨਾਲ ਦੋਵਾਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਥਾਣੇਦਾਰ ਹਰਮੇਸ਼ ਲਾਲ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।