ਸਤਵਿੰਦਰ ਬਸਰਾ
ਲੁਧਿਆਣਾ, 28 ਜੂਨ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਬਾਰ੍ਹਵੀਂ ਜਮਾਤ ਦੇ ਐਲਾਨੇ ਨਤੀਜੇ ਵਿੱਚ ਲੁਧਿਆਣਾ ਦੀ ਅਰਸ਼ਦੀਪ ਕੌਰ ਨੇ 99.40 ਫੀਸਦੀ ਅੰਕ ਪ੍ਰਾਪਤ ਕਰਕੇ ਆਰਟਸ ਗਰੁੱਪ ’ਚ ਸੂਬੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਜ਼ਿਲ੍ਹੇ ਦੇ 35346 ਵਿਦਿਆਰਥੀਆਂ ਨੇ ਬਾਰ੍ਹਵੀਂ ਦੀ ਪ੍ਰੀਖਿਆ ਦਿੱਤੀ ਅਤੇ ਇਨ੍ਹਾਂ ਵਿੱਚੋਂ 34,229 ਵਿਦਿਆਰਥੀ ਪਾਸ ਹੋਏ। ਜ਼ਿਲ੍ਹੇ ਦਾ ਕੁੱਲ ਨਤੀਜਾ 96.84 ਫ਼ੀਸਦੀ ਰਿਹਾ। ਨਤੀਜਾ ਆਉਂਦਿਆਂ ਹੀ ਸਕੂਲਾਂ ਵਿੱਚ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਅਤੇ ਵਿਦਿਆਰਥੀਆਂ ਨੇ ਭੰਗੜੇ ਪਾ ਕੇ ਖੁਸ਼ੀਆਂ ਮਨਾਈਆਂ। ਲੰਬੀ ਉਡੀਕ ਤੋਂ ਬਾਅਦ ਅੱਜ 12ਵੀਂ ਜਮਾਤ ਦੇ ਆਏ ਨਤੀਜੇ ਨੇ ਵਿਦਿਆਰਥੀਆਂ ਦੇ ਚਿਹਰਿਆਂ ’ਤੇ ਖੁਸ਼ੀ ਲਿਆ ਦਿੱਤੀ। ਬੋਰਡ ਵੱਲੋਂ ਜਾਰੀ ਕੀਤੇ ਨਤੀਜੇ ਅਨੁਸਾਰ ਲੁਧਿਆਣਾ ਦੇ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ ਦੀ ਵਿਦਿਆਰਥਣ ਅਰਸ਼ਦੀਪ ਕੌਰ ਨੇ 500 ਵਿੱਚੋਂ 497 ਅੰਕ ਲੈ ਕੇ 99.40 ਫ਼ੀਸਦੀ ਅੰਕਾਂ ਨਾਲ ਸੂਬੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਜ਼ਿਲ੍ਹੇ ਦਾ ਨਾਂ ਹੋਰ ਉੱਚਾ ਕੀਤਾ ਹੈ। ਇਹ ਵਿਦਿਆਰਥਣ ਆਈਏਐੱਸ ਬਣ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਹੈ। ਉਸ ਨੇ ਦੱਸਿਆ ਕਿ ਪੜ੍ਹਨ ਸਮੇਂ ਉਹ ਕਦੇ ਸਮਾਂ ਦੇਖ ਕੇ ਬੈਠਦੀ ਜਾਂ ਉੱਠਦੀ ਨਹੀਂ ਸੀ। ਉਸ ਦਾ ਇੱਕੋ ਇੱਕ ਟੀਚਾ ਚੰਗੇ ਅੰਕਾਂ ਨਾਲ ਪਾਸ ਹੋਣਾ ਸੀ। ਇਸ ਤੋਂ ਇਲਾਵਾ ਲੁਧਿਆਣਾ ਦੇ ਆਰਐੱਸ ਮਾਡਲ ਸਕੂਲ ਸ਼ਾਸ਼ਤਰੀ ਨਗਰ ਦੀ ਟੀਸ਼ਾ ਮਹਿਤਾ ਨੇ ਆਰਟਸ ਗਰੁੱਪ ਅਤੇ ਇਸੇ ਸਕੂਲ ਦੀ ਮੁਸਕਾਨ ਨੇ ਕਾਮਰਸ ’ਚ 500 ਵਿੱਚੋਂ 496 ਲੈ ਕੇ ਮੈਰਿਟ ਸੂਚੀ ਵਿੱਚ ਦੂਜਾ ਰੈਂਕ ਪ੍ਰਾਪਤ ਕੀਤਾ ਜਦਕਿ ਤੇਜਾ ਸਿੰਘ ਸੁਤੰਤਰ ਸਕੂਲ ਦੀ ਬਿਸ਼ਾਲੀ ਨੇ ਆਰਟਸ ਗਰੁੱਪ ਵਿੱਚੋਂ 99 ਫ਼ੀਸਦੀ ਅੰਕਾਂ ਨਾਲ ਮੈਰਿਟ ਸੂਚੀ ’ਚ ਤੀਜਾ ਰੈਂਕ ਹਾਸਲ ਕੀਤਾ। ਬੋਰਡ ਵੱਲੋਂ ਅੱਜ ਐਲਾਨੀ 301 ਵਿਦਿਆਰਥੀਆਂ ਦੀ ਮੈਰਿਟ ਸੂਚੀ ਵਿੱਚ ਲੁਧਿਆਣਾ ਦੇ ਵੱਖ ਵੱਖ ਸਕੂਲਾਂ ਦੇ 71 ਅਤੇ ਇਨ੍ਹਾਂ ਵਿੱਚੋਂ ਇਕੱਲੇ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ ਦੇ 27 ਵਿਦਿਆਰਥੀ ਸ਼ਾਮਲ ਹਨ।
ਜ਼ਿਲ੍ਹੇ ਦੇ 6 ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਵੀ ਮੈਰਿਟ ਵਿੱਚ ਥਾਂ ਬਣਾਈ
ਅਜੀਤਸਰ ਗੌਰਮਿੰਟ ਗਲਜ਼ ਸੀਨੀਅਰ ਸੈਕੰਡਰੀ ਸਕੂਲ ਰਾਏਕੋਟ ਦੀ ਕਿਰਨਦੀਪ ਕੌਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਿੱਦੜਵਿੰਡੀ ਦੀ ਜਸਵਿੰਦਰ ਕੌਰ ਨੇ ਸਾਂਝੇ ਰੂਪ ਵਿੱਚ 98.20 ਫੀਸਦੀ ਅੰਕਾਂ ਨਾਲ ਮੈਰਿਟ ਵਿੱਚ 7ਵਾਂ ਥਾਂ ਪ੍ਰਾਪਤ ਕੀਤਾ। ਇਸੇ ਤਰ੍ਹਾਂ ਸ਼ਹੀਦ-ਏ-ਆਜ਼ਮ ਸੁਖਦੇਵ ਥਾਪਰ ਗੌਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰੇਰਨਾ ਨੇ ਹਿਊਮੈਨਟੀ, ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਦੀ ਹਰਮਨਜੋਤ ਕੌਰ ਨੇ ਸਾਇੰਸ ਗਰੁੱਪ ਵਿੱਚੋਂ ਅਤੇ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਪੀਏਯੂ ਦੇ ਵਿਦਿਆਰਥੀ ਰੋਹਨ ਬਾਵਾ ਨੇ ਕਾਮਰਸ ਗਰੁੱਪ ਵਿੱਚੋਂ 490 ਅੰਕ ਪ੍ਰਾਪਤ ਕਰਕੇ 98 ਫ਼ੀਸਦੀ ਨਾਲ ਮੈਰਿਟ ਸੂਚੀ ਵਿੱਚ ਸਾਂਝੇ ਤੌਰ ’ਤੇ ਅੱਠਵਾਂ ਰੈਂਕ ਜਦਕਿ ਸ਼ਹੀਦ-ਏ-ਆਜ਼ਮ ਸੁਖਦੇਵ ਥਾਪਰ ਸਕੂਲ ਦੀ ਚੇਤਨਾ ਨੇ 97.80 ਫੀਸਦੀ ਅੰਕਾਂ ਨਾਲ ਮੈਰਿਟ ਸੂਚੀ ਵਿੱਚੋਂ 9ਵਾਂ ਰੈਂਕ ਪ੍ਰਾਪਤ ਕਰਕੇ ਸਰਕਾਰੀ ਸਕੂਲਾਂ ਦਾ ਨਾਂ ਚਮਕਾਇਆ ਹੈ।
ਗਰੁੱਪ ਵਾਈਜ਼ ਜ਼ਿਲ੍ਹੇ ਦੇ ਟਾਪਰ ਵਿਦਿਆਰਥੀ ਦਾ ਵੇਰਵਾ
ਆਰਟਸ ਗਰੁੱਪ: ਤੇਜਾ ਸਿੰਘ ਸੁਤੰਤਰ ਮੈਮੋਰੀਅਲ ਦੀ ਅਰਸ਼ਦੀਪ ਕੌਰ ਨੇ 500 ਵਿੱਚੋਂ 497 ਅੰਕਾਂ ਨਾਲ ਪਹਿਲਾ, ਆਰਐਸਐਸ ਮਾਡਲ ਸਕੂਲ ਦੀ ਟੀਸ਼ਾ ਮਹਿਤਾ ਨੇ 496 ਅੰਕ ਨਾਲ ਜ਼ਿਲ੍ਹੇ ਵਿੱਚੋਂ ਦੂਜਾ ਅਤੇ ਤੇਜਾ ਸਿੰਘ ਸੁਤੰਤਰ ਸਕੂਲ ਦੀ ਬਿਸ਼ਾਲੀ ਨੇ 495 ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ।
ਕਾਮਰਸ ਗਰੁੱਪ: ਆਰਐਸ ਮਾਡਲ ਸਕੂਲ ਦੀ ਮੁਸਕਾਨ ਨੇ 496 ਅੰਕਾਂ ਨਾਲ ਜ਼ਿਲ੍ਹੇ ਵਿੱਚੋਂ ਪਹਿਲਾ, ਸਨਮਤੀ ਵਿਮਲ ਜੈਨ ਸਕੂਲ ਦੀ ਪ੍ਰੀਆ ਨੇ 494 ਅੰਕਾਂ ਨਾਲ ਦੂਜਾ ਅਤੇ ਇਸੇ ਸਕੂਲ ਦੀ ਪ੍ਰਗਤੀ ਗੋਇਲ ਨੇ 493 ਅੰਕਾਂ ਨਾਲ ਜ਼ਿਲ੍ਹੇ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ।
ਸਾਇੰਸ ਗਰੁੱਪ: ਤੇਜਾ ਸਿੰਘ ਸੁਤੰਤਰ ਸਕੂਲ ਦੇ ਰੋਹਿਤ ਕੁਮਾਰ ਨੇ 494 ਅੰਕਾਂ ਨਾਲ ਸਾਇੰਸ ਗਰੁੱਪ ’ਚ ਜ਼ਿਲ੍ਹੇ ਵਿੱਚੋਂ ਪਹਿਲਾ, ਆਰਐਸ ਮਾਡਲ ਦੇ ਗੁਰਜੋਤ ਸਿੰਘ ਨੇ 493 ਅੰਕਾਂ ਨਾਲ ਦੂਜਾ ਅਤੇ ਤੇਜਾ ਸਿੰਘ ਸੁਤੰਤਰ ਸਕੂਲ ਦੀ ਗਗਨਦੀਪ ਕੌਰ ਨੇ 493 ਅੰਕਾਂ ਨਾਲ ਜ਼ਿਲ੍ਹੇ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ।