ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 6 ਅਗਸਤ
ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਚੋਰੀ ਦੀਆਂ ਤਾਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਆਦਰਸ਼ ਨਗਰ ਸਮਰਾਲਾ ਰੋਡ ਵਾਸੀ ਪ੍ਰਦੀਪ ਕੁਮਾਰ ਉਰਫ਼ ਵਿੱਕੀ ਨੇ ਦੱਸਿਆ ਹੈ ਕਿ ਉਸਦੀ ਕਾਰਾਂ ਦੇ ਸਕਰੈਪ ਦੀ ਦੁਕਾਨ ਕਬਾੜੀਆ ਮਾਰਕੀਟ ਸਮਰਾਲਾ ਚੌਂਕ ਨੇੜੇ ਹੈ। ਰਾਤ ਨੂੰ ਦੁਕਾਨ ਦੇ ਬਾਹਰ ਖੜ੍ਹੀਆਂ ਗੱਡੀਆਂ ਵਿੱਚੋਂ ਇੰਜਣ ਦੀਆਂ ਤਾਰਾਂ ਚੋਰੀ ਹੋ ਗਈਆਂ ਸਨ। ਹੌਲਦਾਰ ਗੁਰਮੇਲ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰਨ ਉਪਰੰਤ ਸੀਸੀਟੀਵੀ ਸੀਸੀਟੀਵੀ ਕੈਮਰਿਆਂ ਦੀ ਚੈਕਿੰਗ ਦੌਰਾਨ ਪਤਾ ਲੱਗਾ ਹੈ ਕਿ ਇਹ ਤਾਰਾਂ ਸੰਨੀ ਵਰਮਾ ਵਾਸੀ ਸਮਰਾਲਾ ਚੌਂਕ ਨੇ ਚੋਰੀ ਕੀਤੀਆਂ ਹਨ। ਪੁਲੀਸ ਨੇ ਉਸਨੂੰ ਕਾਬੂ ਕਰ ਕੇ 7 ਕਿੱਲੋ 900 ਗ੍ਰਾਮ ਤਾਰਾਂ ਬਰਾਮਦ ਕੀਤੀਆਂ ਹਨ। ਪੁਲੀਸ ਮੁਲਜ਼ਮ ਤੋਂ ਪੁੱਛ ਪੜਤਾਲ ਕਰ ਰਹੀ ਹੈ।