ਜਸਬੀਰ ਸ਼ੇਤਰਾ
ਜਗਰਾਉਂ, 28 ਮਈ
ਪੰਜਾਬ ਸਰਕਾਰ ਵੱਲੋਂ ਇੱਕ ਪਾਸੇ ਮੂੰਗੀ ’ਤੇ ਐੱਮਐੱਸਪੀ ਦਾ ਐਲਾਨ ਕਰਕੇ ਖੇਤੀ ਧੰਦੇ ਨਾਲ ਜੁੜੇ ਵਰਗਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਦੂਜੇ ਪਾਸੇ ਮੂੰਗੀ ’ਤੇ ਆੜ੍ਹਤ ਬੰਦ ਕਰਨ ਖ਼ਿਲਾਫ਼ ਪੰਜਾਬ ਦੇ ਆੜ੍ਹਤੀਏ ਭੜਕ ਗਏ ਹਨ। ਫ਼ੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਦਾ ਸੂਬਾ ਪੱਧਰੀ ਇਕੱਠ ਅੱਜ ਜਗਰਾਉਂ ਵਿੱਚ ਹੋਇਆ। ਸੂਬਾ ਪ੍ਰਧਾਨ ਵਿਜੈ ਕਾਲੜਾ, ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸਿੰਘ ਰਾਜੇਆਣਾ ਸਮੇਤ ਹੋਰ ਸੂਬਾਈ ਆਗੂਆਂ ਨੇ ਪੰਜਾਬ ਸਰਕਾਰ ਨੂੰ ਆੜ੍ਹਤੀਆਂ ਖ਼ਿਲਾਫ਼ ਲਿਆ ਗਿਆ ਇਹ ਫ਼ੈਸਲਾ ਫੌਰੀ ਵਾਪਸ ਲੈਣ ਦੀ ਮੰਗ ਕੀਤੀ। ਨਾਲ ਹੀ 31 ਮਈ ਤੱਕ ਦਾ ਅਲਟੀਮੇਟਮ ਦਿੰਦੇ ਹੋਏ ਪਹਿਲੀ ਜੂਨ ਤੋਂ ਪੰਜਾਬ ਭਰ ਦੀਆਂ ਮੰਡੀਆਂ ਬੰਦ ਕਰਨ ਦੀ ਚਿਤਾਵਨੀ ਜਾਰੀ ਕੀਤੀ। ਫ਼ੈਸਲੇ ਖ਼ਿਲਾਫ਼ ਰੋਹ ’ਚ ਆਏ ਆੜ੍ਹਤੀਆਂ ਨੇ ਮੰਡੀਆਂ ਦੇ ਬਾਈਕਾਟ ਦੌਰਾਨ ਦੁਕਾਨਾਂ ਦੀਆਂ ਚਾਬੀਆਂ ਤੇ ਲਾਇਸੈਂਸ ਵੀ ਪੰਜਾਬ ਭਰ ਦੀਆਂ ਮਾਰਕੀਟ ਕਮੇਟੀ ਦਫ਼ਤਰਾਂ ਵਿੱਚ ਸੌਂਪਣ ਦਾ ਐਲਾਨ ਕੀਤਾ। ਪ੍ਰਧਾਨ ਕਾਲੜਾ ਨੇ ਕਿਹਾ ਪੰਜਾਬ ਦੇ ਸਮੂਹ ਆੜ੍ਹਤੀਆਂ ’ਚ ਮੂੰਗੀ ’ਤੇ ਆੜ੍ਹਤ ਬੰਦ ਕਰਨ ਦੇ ਸਰਕਾਰ ਦੇ ਫ਼ੈਸਲੇ ਖ਼ਿਲਾਫ਼ ਭਾਰੀ ਰੋਹ ਹੈ। ਪੰਜਾਬ ਮੰਡੀ ਬੋਰਡ ਵੱਲੋਂ ਬਣਾਏ ਐਕਟ ਮੁਤਾਬਕ ਆੜ੍ਹਤੀ ਪਿਛਲੇ ਕਈ ਸਾਲਾਂ ਤੋਂ ਇਸੇ ਤਰ੍ਹਾਂ ਕੰਮ ਕਰਦੇ ਆ ਰਹੇ ਹਨ ਪਰ ਨਵੀਂ ਬਣੀ ਪੰਜਾਬ ਸਰਕਾਰ ਹੁਣ ਆੜ੍ਹਤੀਆਂ ਦੇ ਹੱਕਾਂ ’ਤੇ ਡਾਕਾ ਮਾਰਨ ਜਾ ਰਹੀ ਹੈ। ਇਸ ਫ਼ੈਸਲੇ ਨਾਲ ਇਕੱਲੇ ਆੜ੍ਹਤੀ ਨਹੀਂ ਸਗੋਂ ਮੰਡੀਆਂ ’ਚ ਕੰਮ ਕਰਦੇ ਮੁਨੀਮ, ਮਜ਼ਦੂਰ ਤੇ ਫ਼ਸਲ ਵੇਚਣ ਵਾਲੇ ਕਿਸਾਨ ਵੀ ਪ੍ਰਭਾਵਿਤ ਹੋਣਗੇ। ਇਸੇ ਲਈ ਆੜ੍ਹਤੀਆਂ ਨਾਲ ਇਨ੍ਹਾਂ ਸਾਰੇ ਵਰਗਾਂ ਨੇ ਸੜਕਾਂ ’ਤੇ ਆਉਣ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਖ਼ਰੀਦ ਏਜੰਸੀਆਂ ਰਾਹੀਂ ਮੂੰਗੀ ਦੀ ਫ਼ਸਲ ਦੀ ਖ਼ਰੀਦ ਕਰਵਾ ਕੇ ਆੜ੍ਹਤੀਆਂ ਨੂੰ ਵਿੱਚੋਂ ਕੱਢਣ ਦੇ ਸਰਕਾਰੀ ਮਨਸੂਬੇ ਸਫ਼ਲ ਨਹੀਂ ਹੋਣਗੇ। ਆੜ੍ਹਤੀਆਂ ਨੇ ਮੰਡੀ ਬੋਰਡ ਤੋਂ ਕਰੋੜਾਂ ਰੁਪਏ ਖਰਚ ਕਰਕੇ ਦੁਕਾਨਾਂ ਖ਼ਰੀਦੀਆਂ ਅਤੇ ਲੱਖਾਂ ਰੁਪਏ ਇਨ੍ਹਾਂ ਨੂੰ ਬਣਾਉਣ ’ਤੇ ਖਰਚੇ। ਇਕੱਠ ਨੂੰ ਮਹਾਵੀਰ ਸਿੰਘ ਅੰਮ੍ਰਿਤਸਰ, ਮਨਜਿੰਦਰ ਸਿੰਘ ਜੰਡਿਆਲਾ, ਪਰਮ ਸਿੰਘ ਮਾਨਸਾ, ਕਰਨੈਲ ਸਿੰਘ ਤਰਨ ਤਾਰਨ, ਸੇਵਾ ਸਿੰਘ ਪੱਟੀ, ਗੁਰਚਰਨ ਸਿੰਘ ਨਿਹਾਲ ਸਿੰਘ ਵਾਲਾ, ਧਰਮਿੰਦਰ ਭਾਰਦਵਾਜ ਆਦਿ ਨੇ ਸੰਬੋਧਨ ਕੀਤਾ।