ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 6 ਜੁਲਾਈ
ਏਸ਼ੀਆ ਦੀ ਦੂਜੀ ਵੱਡੀ ਮੰਡੀ ਜਗਰਾਉਂ ’ਚ ਮੂੰਗੀ ਨੂੰ ਲੈ ਕੇ ਸਮੱਸਿਆ ਜਿਉਂ ਦੀ ਤਿਉਂ ਨਜ਼ਰ ਆ ਰਹੀ ਹੈ। ਖਰੀਦ ਏਜੰਸੀ ਮਾਰਕਫੈੱਡ ਦੇ ਚੀਫ਼ ਮੈਨੇਜਰ ਐੱਚ ਐੱਚ ਬੈਂਸ ਦੇ ਮੰਡੀ ਦੇ ਦੌਰੇ ਮੌਕੇ ਆੜ੍ਹਤੀਆਂ ’ਚ ਤਲਖੀ ਨਜ਼ਰ ਆਈ। ਮਾਰਕਫੈੱਡ ਦੇ ਅਧਿਕਾਰੀ ਕੁਝ ਹੋਰ ਕਹਿ ਰਹੇ ਸਨ ਜਦਕਿ ਆੜ੍ਹਤੀਆਂ ਦੀ ਸ਼ਿਕਾਇਤ ਕੁਝ ਹੋਰ ਸੀ। ਚੀਫ਼ ਮੈਨੇਜਰ ਦਾ ਕਹਿਣਾ ਸੀ ਕਿ ਕਿਸਾਨਾਂ ਦੀ ਸੌਖ ਦੇ ਮੱਦੇਨਜ਼ਰ ਮੰਡੀ ’ਚ ਪਹੁੰਚਦੀ ਮੂੰਗੀ ਨੂੰ ਖਰੀਦਣ ਲਈ ਏਜੰਸੀ ਤੇ ਆੜ੍ਹਤੀਆਂ ਨੂੰ ਮਿਲ ਕੇ ਚੱਲਣਾ ਚਾਹੀਦਾ ਹੈ। ਜਿਹੜੀ ਮੂੰਗੀ ਖਰੀਦ ਏਜੰਸੀ ਦੇ ਮਿੱਥੇ ਮਿਆਰ ਦੀ ਹੋਵੇਗੀ, ਉਹ 7275 ਐੱਮਐੱਸਪੀ ’ਤੇ ਖਰੀਦੀ ਜਾਵੇਗੀ। ਬਾਕੀ ਮੂੰਗੀ ਵਪਾਰੀ ਖਰੀਦ ਲੈਣ ਜਿਸ ’ਤੇ ਸਰਕਾਰ ਨੇ ਇੱਕ ਹਜ਼ਾਰ ਰੁਪਏ ਤੱਕ ਵਾਧੂ ਦੇਣ ਦਾ ਐਲਾਨ ਕਰ ਦਿੱਤਾ ਹੈ। ਦੂਜੇ ਪਾਸੇ ਆੜ੍ਹਤੀਆਂ ਦਾ ਪੱਖ ਸੀ ਕਿ ਉਨ੍ਹਾਂ ਕੋਲ ਪਹੁੰਚੀ ਮੂੰਗੀ ਦੀ ਸਫਾਈ ਆਦਿ ਕਰਨ ’ਤੇ ਮਜ਼ਦੂਰੀ ਦਾ ਖਰਚਾ ਪੈਂਦਾ ਹੈ। ਸਰਕਾਰੀ ਖਰੀਦ ਏਜੰਸੀਆਂ ਵੱਲੋਂ ਖਰੀਦ ਕਰਨ ’ਤੇ ਆੜ੍ਹਤੀਆਂ ਨੂੰ ਆੜ੍ਹਤ ਵੀ ਨਹੀਂ ਮਿਲਦੀ। ਮਾਰਕਫੈੱਡ ਤੇ ਸਰਕਾਰ ਨੇ ਜਿਹੜੀ ਮੂੰਗੀ ਦੀ ਖਰੀਦ ਕਰਨੀ ਹੈ, ਉਹ ਮੰਡੀ ਦੇ ਗੇਟ ’ਤੇ ਹੀ ਕਰ ਲਈ ਜਾਵੇ ਤਾਂ ਜੋ ਆੜ੍ਹਤੀਆਂ ’ਤੇ ਮਜ਼ਦੂਰੀ ਦਾ ਵਾਧੂ ਬੋਝ ਨਾ ਪਵੇ। ਉਨ੍ਹਾਂ ਦਾ ਕਹਿਣਾ ਸੀ ਕਿ ਇੱਕ ਮਜ਼ਦੂਰ ਪੰਜ ਤੋਂ ਸੱਤ ਸੌ ਰੁਪਏ ਦਿਹਾੜੀ ਨੂੰ ਪੈਂਦਾ ਹੈ।
ਚੀਫ਼ ਮੈਨੇਜਰ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਮਾਰਕਫੈੱਡ ਸਰਕਾਰ ਦੀਆਂ ਸ਼ਰਤਾਂ ਮੁਤਾਬਕ ਮੂੰਗੀ ਖਰੀਦ ਰਹੀ ਹੈ। ਇਸ ਲਈ ਮੰਡੀ ’ਚ ਮੂੰਗੀ ਦੀਆਂ ਢੇਰੀਆਂ ਚੈੱਕ ਕਰਨਾ ਜ਼ਰੂਰੀ ਹੈ ਤਾਂ ਜੋ ਖਰੀਦ ਦਾ ਕੰਮ ਨੇਪਰੇ ਚੜ੍ਹ ਸਕੇ। ਇਸ ਦੌਰਾਨ ਸਰਕਾਰੀ ਮਾਪਦੰਡਾਂ ’ਤੇ ਖਰੀ ਉਤਰਦੀ ਮੂੰਗੀ ਖਰੀਦ ਲਈ ਜਾਂਦੀ ਹੈ ਤੇ ਬਾਕੀ ਵਪਾਰੀਆਂ ਲਈ ਛੱਡ ਦਿੱਤੀ ਜਾਂਦੀ ਹੈ।
ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਭੱਲਾ, ਜਗਰਾਉਂ ਦੇ ਪ੍ਰਧਾਨ ਸਵਰਨਜੀਤ ਸਿੰਘ ਗਿੱਦੜਵਿੰਡੀ ਤੇ ਪਰਮਜੀਤ ਸਿੰਘ ਪੰਮਾ ਨੇ ਵਿਰੋਧ ਕਰਦਿਆਂ ਆੜ੍ਹਤੀਆਂ ਨਾਲ ਧੱਕਾ ਹੋਣ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ। ਵੱਡੀ ਗਿਣਤੀ ’ਚ ਇਕੱਤਰ ਹੋਏ ਆੜ੍ਹਤੀ ਇੱਕ ਵਾਰ ਤਲਖੀ ’ਚ ਵੀ ਆ ਗਏ। ਉਨ੍ਹਾਂ ਦਾ ਕਹਿਣਾ ਸੀ ਕਿ ਆੜ੍ਹਤੀਆਂ ਦੇ ਫੜ੍ਹਾਂ ’ਤੇ ਆਈ ਮੂੰਗੀ ਦੀ ਵਪਾਰੀਆਂ ਵੱਲੋਂ ਖ਼ਰੀਦ ਕਰਨ ਮੌਕੇ ਮਾਰਕਫੈੱਡ ਦਾ ਦਖ਼ਲ ਮਨਜ਼ੂਰ ਨਹੀਂ। ਇੰਜ, ਕਈ ਘੰਟੇ ਦੀ ਕਸਰਤ ਦੇ ਬਾਵਜੂਦ ਮਸਲਾ ਹੱਲ ਨਾ ਹੋਇਆ।