ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 15 ਜੁਲਾਈ
ਸਨਅਤੀ ਸ਼ਹਿਰ ਦੇ ਸਿਵਲ ਹਸਪਤਾਲ ਦੀ ਐਮਰਜੈਂਸੀ ਵਿੱਚ ਬੀਤੀ ਰਾਤ ਹੋਏ ਨੌਜਵਾਨ ਦੇ ਕਤਲ ਨੇ ਪੁਲੀਸ ਦੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਹਸਪਤਾਲ ਵਿੱਚ ਅਜਿਹੀਆਂ ਵਾਰਦਾਤਾਂ ਰੋਕਣ ਲਈ ਪੁਲੀਸ ਚੌਕੀ ਬਣਾਈ ਗਈ ਹੈ, ਹਸਪਤਾਲ ਦੇ ਬਾਹਰ ਪੁਲੀਸ ਨੇ ਪੱਕਾ ਨਾਕਾ ਲਗਾਇਆ ਹੋਇਆ ਹੈ, ਇੰਨਾ ਹੀ ਨਹੀਂ ਹਸਪਤਾਲ ਦੀ 200 ਮੀਟਰ ਦੀ ਦੂਰੀ ’ਤੇ ਥਾਣਾ ਡਿਵੀਜ਼ਨ ਨੰਬਰ 2 ’ਤੇ ਏਸੀਪੀ ਦਾ ਦਫ਼ਤਰ ਹੈ। ਫਿਰ ਵੀ ਮੁਲਜ਼ਮ ਰਾਤ ਨੂੰ ਨੰਗੀਆਂ ਤਲਵਾਰਾਂ ਹੱਥਾਂ ਵਿੱਚ ਲੈ ਕੇ ਹਸਪਤਾਲ ਪੁੱਜ ਗਏ ਤੇ ਐਮਰਜੈਂਸੀ ਦੇ ਅੰਦਰ ਵੜ੍ਹ ਕੇ ਮੁਲਜ਼ਮਾਂ ਨੇ ਨੌਜਵਾਨ ਦਾ ਸ਼ਰ੍ਹੇਆਮ ਤਲਵਾਰਾਂ ਨਾਲ ਵੱਢ ਕੇ ਕਤਲ ਕਰ ਦਿੱਤਾ। ਤਲਵਾਰਾਂ ਲੈ ਕੇ ਮੁਲਜ਼ਮ ਸ਼ਰੇਆਮ ਸ਼ਹਿਰ ਦੀਆਂ ਸੜਕਾਂ ’ਤੇ ਘੁੰਮਦੇ ਰਹੇ, ਪਰ 24 ਘੰਟੇ ਸੜਕਾਂ ’ਤੇ ਹੋਣ ਦਾ ਦਾਅਵਾ ਕਰਨ ਵਾਲੀ ਕਮਿਸ਼ਨਰੇਟ ਪੁਲੀਸ ਦਾ ਇੱਕ ਵੀ ਪੁਲੀਸ ਮੁਲਜ਼ਮ ਸੜਕ ’ਤੇ ਨਹੀਂ ਦਿਖਿਆ। ਈਡਬਲਿਊਐੱਸ ਕਲੋਨੀ ਤੋਂ ਸਿਵਲ ਹਸਪਤਾਲ ਦਾ ਰਸਤਾ ਕਰੀਬ ਚਾਰ ਕਿਲੋਮੀਟਰ ਦੂਰੀ ’ਤੇ ਹੈ। ਇਸ ਇਲਾਕੇ ਵਿੱਚ ਪਹਿਲਾਂ ਕੁੱਟਮਾਰ ਹੋਈ ਉਸ ਮਗਰੋਂ ਈਡਬਲਿਊਐੱਸ ਕਲੋਨੀ ਦੇ ਇੱਕ ਪਾਸੇ ਥਾਣਾ ਡਿਵੀਜ਼ਨ ਨੰ. 7 ਤੇ ਦੂਸਰੇ ਪਾਸੇ ਕੁਝ ਦੂਰੀ ’ਤੇ ਸੀਆਈਏ-2 ਹੈ। ਇਲਾਕੇ ’ਚ ਕੁੱਟਮਾਰ ਹੋਈ ਤੇ ਮੁਲਜ਼ਮ ਕਿਰਪਾਨਾਂ ਤੇ ਹੋਰ ਹਥਿਆਰ ਲੈ ਕੇ ਸ਼ਰ੍ਹੇਆਮ ਸੜਕਾਂ ’ਤੇ ਦੇਰ ਰਾਤ ਘੁੰਮਦੇ ਰਹੇ। ਇੰਨਾ ਹੀ ਨਹੀਂ ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇ ਕੇ ਸਿਵਲ ਹਸਤਪਾਲ ਚਲੇ ਗਏ। ਸਿਵਲ ਹਸਪਤਾਲ ਦੀ ਚੌਕੀ ਦੇ ਪੁਲੀਸ ਮੁਲਾਜ਼ਮ ਵੀ ਨਹੀਂ ਮਿਲੇ ਅਤੇ ਨਾ ਹੀ ਸਿਵਲ ਹਸਪਤਾਲ ਦੇ ਬਾਹਰ ਨਾਕੇ ’ਤੇ ਤਾਇਨਾਤ ਰਹਿਣ ਵਾਲੇ ਥਾਣਾ ਡਿਵੀਜ਼ਨ ਨੰ. 2 ਦੇ ਪੁਲੀਸ ਮੁਲਾਜ਼ਮ ਮਿਲੇ। ਇਸ ਤਰ੍ਹਾਂ ਸ਼ਰ੍ਹੇਆਮ ਹਸਪਤਾਲ ’ਚ ਦਾਖਲ ਹੋ ਕੇ ਸਾਰਿਆਂ ਦੇ ਸਾਹਮਣੇ ਵਾਰਦਾਤ ਕਰਨਾ ਤੇ ਆਰਾਮ ਨਾਲ ਚਲੇ ਜਾਣਾ, ਸੁਰੱਖਿਆ ਨੂੰ ਲੈ ਕੇ ਵੱਡੇ ਸਵਾਲ ਖੜ੍ਹੇ ਕਰਦਾ ਹੈ।
ਹਸਪਤਾਲ ਪ੍ਰਸ਼ਾਸ਼ਨ ਕੋਲ ਸਿਰਫ਼ ਇੱਕ ਸੁਰੱਖਿਆ ਮੁਲਾਜ਼ਮ
ਸਿਵਲ ਹਸਪਤਾਲ ’ਚ ਇਹ ਕੋਈ ਪਹਿਲੀ ਵਾਰ ਕੁੱਟਮਾਰ ਦੀ ਘਟਨਾ ਨਹੀਂ ਹੋਈ ਹੈ, ਬਲਕਿ ਪਹਿਲਾਂ ਵੀ ਕਈ ਵਾਰਦਾਤਾਂ ਹੋ ਚੁੱਕੀਆਂ ਹਨ ਤੇ ਕਈ ਵਾਰ ਗੱਡੀਆਂ ਦੇ ਨਾਲ ਹੋਰ ਸਾਮਾਨ ਟੁੱਟ ਚੁੱਕਿਆ ਹੈ। ਇਸ ਵਾਰ ਤਾਂ ਮੁਲਜ਼ਮਾਂ ਨੇ ਹੱਦ ਹੀ ਕਰ ਦਿੱਤੀ। ਮੁਲਜ਼ਮ ਐਮਰਜੈਂਸੀ ਵਾਰਡ ’ਚ ਦਾਖਲ ਹੋ ਗਏ ਤੇ ਨੌਜਵਾਨ ਦਾ ਕਤਲ ਕਰ ਦਿੱਤਾ। ਉਸ ਸਮੇਂ ਉਥੇਂ ਮੌਜੂਦ ਸੁਰੱਖਿਆ ਮੁਲਾਜ਼ਮ ਨੇ ਵੀ ਅੱਗੇ ਜਾਣ ਦੀ ਹਿੰੰਮਤ ਨਹੀਂ ਕੀਤੀ। ਇੰਨੇ ਵੱਡੇ ਸ਼ਹਿਰ ਦੇ ਸਰਕਾਰੀ ਹਸਪਤਾਲ ’ਚ ਸਿਰਫ਼ ਇੱਕ ਹੀ ਸੁਰੱਖਿਆ ਮੁਲਾਜ਼ਮ ਹੈ। ਵੱਡੇ ਵੱਡੇ ਦਾਅਵੇ ਕਰਨ ਵਾਲੀਆਂ ਸਰਕਾਰਾਂ ਕੋਲ ਉੱਥੇ ਸੁਰੱਖਿਆ ਦਾ ਪੁਖਤਾ ਪ੍ਰਬੰਧ ਤੱਕ ਨਹੀਂ ਹੋ ਸਕਿਆ। ਜੇ ਸਿਵਲ ਹਸਪਤਾਲ ’ਚ ਪੁਲੀਸ ਚੌਕੀ ਬਣੀ ਹੈ ਤਾਂ ਉੱਥੇ ਵੀ ਮੁਲਾਜ਼ਮ ਸੌਂ ਰਹੇ ਸਨ।