ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 22 ਦਸੰਬਰ
ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਵਰੋਸਾਈ ਨਿਰਮਲੇ ਸੰਪਰਦਾਇ ਦੇ ਮਹੰਤ ਗਿਆਨ ਦੇਵ ਨਿਰਮਲਾ ਪੰਚਾਇਤੀ ਅਖਾੜਾ ਅੱਜ ਐੱਸਜੀਬੀ ਬਾਲ ਘਰ ਧਾਮ ਤਲਵੰਡੀ ਖੁਰਦ ਪਹੁੰਚੇ। ਭੂਰੀ ਵਾਲੇ ਸੰਪਰਦਾਇ ਦੇ ਮੁਖੀ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਦੀ ਸਿਹਤ ਦਾ ਹਾਲਚਾਲ ਜਾਣਨ ਉਪਰੰਤ ਉਨ੍ਹਾਂ ਬਾਲ ਘਰ ’ਚ ਪਲ ਰਹੇ ਅਨਾਥ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ। ਦਰੱਖਤਾਂ ਦੀਆਂ ਅਲੋਪ ਹੋ ਰਹੀਆਂ ਕਿਸਮਾਂ ਨੂੰ ਸੰਭਾਲਣ ਅਤੇ ਵਾਤਾਵਰਨ ਦੀ ਸ਼ੁੱਧਤਾ ਲਈ ਧਾਮ ਤਲਵੰਡੀ ਖੁਰਦ ਵਿਖੇ ਲਗਾਏ ਜਾ ਰਹੇ ਜੰਗਲ ਵਾਲੇ ਖੇਤਰ ਦਾ ਦੌਰਾ ਕਰਦਿਆਂ, ਉਨ੍ਹਾਂ ਕੁਦਰਤੀ ਬਨਸਪਤੀ ਨੂੰ ਸੰਭਾਲਣ ਦਾ ਸੱਦਾ ਦਿੱਤਾ। ਉਨ੍ਹਾਂ ਬਾਲ ਘਰ ’ਚ ਵੱਖ-ਵੱਖ ਕਾਰਨਾਂ ਕਰਕੇ ਪ੍ਰਸ਼ਾਸਨ ਵੱਲੋਂ ਭੇਜੇ ਜਾਣ ਵਾਲੇ ਬੱਚਿਆਂ ਦੀ ਸਾਂਭ ਸੰਭਾਲ ਸਬੰਧੀ ਗੱਲ ਕਰਦਿਆਂ ਕਿਹਾ ਕਿ ਸਵਾਮੀ ਸ਼ੰਕਰਾ ਨੰਦ ਭੂਰੀ ਵਾਲੇ ਧਰਮ, ਕਰਮ ਅਤੇ ਸਮਾਜ ਸੇਵਾ ਨੂੰ ਸਮਰਪਿਤ ਸਾਧੂ ਹਨ। ਫਾਊਂਡੇਸ਼ਨ ਪ੍ਰਧਾਨ ਬੀਬੀ ਜਸਬੀਰ ਕੌਰ ਅਤੇ ਸਕੱਤਰ ਕੁਲਦੀਪ ਸਿੰਘ ਮਾਨ ਨੇ ਮਹੰਤ ਗਿਆਨ ਦੇਵ ਨੂੰ ਕਾਰਜਾਂ ਬਾਰੇ ਜਾਣੂ ਕਰਵਾਇਆ।