ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 25 ਜੂਨ
ਥਾਣਾ ਸਿੱਧਵਾਂ ਬੇਟ ਦੇ ਪਿੰਡ ਮੰਡ ਤਿਹਾੜਾ ਵਿਆਹੀ ਔਰਤ ਨੇ ਆਪਣੇ ਸਹੁਰੇ ਪਰਿਵਾਰ ’ਤੇ ਬੇਟੇ ਨੂੰ ਨਾ ਮਿਲਣ, ਕੁੱਟਮਾਰ ਕਰਨ ਅਤੇ ਜਬਰੀ ਗਰਭਪਾਤ ਕਰਵਾਉਣ ਦੇ ਗੰਭੀਰ ਦੋਸ਼ ਲਗਾਏ ਹਨ। ਪੀੜਤ ਮੀਨੂ ਸ਼ਰਮਾ ਪੁੱਤਰੀ ਕਪਿਲ ਦੇਵ ਵਾਸੀ ਜ਼ੀਰਾ ਨੇ ਪੁਲੀਸ ਨੂੰ ਦੱਸਿਆ ਕਿ ਉਸਦਾ ਅਵਤਾਰ ਸਿੰਘ ਨਾਲ ਹੋਇਆ ਸੀ। ਉਦੋਂ ਤੋਂ ਹੀ ਸਹੁਰਾ ਪਰਿਵਾਰ ਉਸ ਨਾਲ ਅਣਮਨੁੱਖੀ ਵਿਹਾਰ ਕਰਦਾ ਆ ਰਿਹਾ ਹੈ। ਉਸਨੇ ਦੱਸਿਆ ਕਿ ਉਸਦਾ ਕਰੀਬ ਤਿੰਨ ਸਾਲ ਦਾ ਬੇਟਾ ਹੈ, ਜੋ ਕਿ ਸਹੁਰਿਆਂ ਕੋਲ ਹੈ, ਜਿਸਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ। ਬੀਤੇ ਕੱਲ੍ਹ ਜਦੋਂ ਉਹ ਬੱਚੇ ਨੂੰ ਮਿਲਣ ਗਈ ਤਾਂ ਉਸਦੀ ਕੁੱਟਮਾਰ ਕੀਤੀ ਗਈ। ਦੂਜੇ ਪਾਸੇ ਮੀਨੂ ਸ਼ਰਮਾ ਦੀ ਸੱਸ ਨਿਰਮਲਾ ਦੇਵੀ ਨੇ ਉਸ ਉਪਰ ਗਹਿਣੇ ਚੋਰੀ ਕਰਨ, ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ। ਸਬ-ਇੰਸਪੈਕਟਰ ਕਰਮਜੀਤ ਸਿੰਘ ਨੇ ਆਖਿਆ ਕਿ ਦੋਵਾਂ ਧਿਰਾਂ ਦੇ ਬਿਆਨ ਲਏ ਗਏ ਹਨ, ਜੋ ਵੀ ਦੋਸ਼ੀ ਪਾਇਆ ਗਿਆ ਬਿਨਾਂ ਦੇਰੀ ਕਾਰਵਾਈ ਕੀਤੀ ਜਾਵੇਗੀ।