ਦੇਵਿੰਦਰ ਸਿੰਘ ਜੱਗੀ
ਪਾਇਲ, 21 ਅਗਸਤ
ਦਿ ਲੈਂਡ ਮਾਰਗੇਜ਼ ਬੈਂਕ ਮਲੌਦ ਦੇ ਡਾਇਰੈਕਟਰਾਂ ਦੀ ਹੋਈ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਿੱਤੇ ਚਾਰ ਡਾਇਰੈਕਟਰ ਕਰਮਜੀਤ ਕੌਰ ਝੱਮਟ, ਹਰਨਰਿੰਦਰ ਕੌਰ ਜੋਗੀਮਾਜਰਾ, ਅਮਰ ਸਿੰਘ ਰੋਸ਼ੀਆਣਾ, ਕੁਲਵਿੰਦਰ ਸਿੰਘ ਸੀਹਾਂਦੌਦ ਆਦਿ ਦਾ ਵਿਸ਼ੇਸ ਸਨਮਾਨ ਗੁਰਦੁਆਰਾ ਸ੍ਰੀ ਨਿੰਮਸਰ ਸਾਹਿਬ ਘੁਡਾਣੀ ਕਲਾਂ ਵਿੱਚ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਵੱਲੋਂ ਲੋਈਆਂ ਅਤੇ ਸਿਰੋਪਾਓ ਦੇ ਕੇ ਕੀਤਾ ਗਿਆ।
ਅਕਾਲੀ ਬਸਪਾ ਗੱਠਜੋੜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੀ ਹੋਈ ਜਿੱਤ ’ਤੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਸੂਬੇ ਦੇ ਹਰ ਵਰਗ ਦੇ ਲੋਕਾਂ ਦਾ ਭਗਵੰਤ ਸਿੰਘ ਮਾਨ ਦੀ ਸਰਕਾਰ ਤੋਂ ਮੋਹ ਭੰਗ ਹੋ ਚੁੱਕਾ ਹੈ। ਸੂਬੇ ਅੰਦਰ ਬਦਲਾਅ ਦੀ ਰਾਜਨੀਤੀ ਲਿਆਉਣ ਵਾਲਿਆਂ ਦੇ ਰਾਜ ਅੰਦਰ ਗੁੰਡਾਗਰਦੀ, ਨਸ਼ਿਆਂ ਦੀ ਤਸਕਰੀ, ਲੁੱਟਾਂ ਖੋਹਾਂ, ਕਤਲੋਗਾਰਦ, ਭਿਰਸ਼ਟਾਚਾਰ, ਅਗਵਾ ਵਰਗੀਆਂ ਘਟਨਾਵਾਂ ਵਿੱਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ। ਇਸ ਤੋਂ ਸਾਫ ਜਾਹਰ ਹੁੰਦਾ ਹੈ ਕਿ ਸੂਬੇ ਅੰਦਰ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ। ਗਰੇਵਾਲ ਨੇ ‘ਆਪ’ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਅਕਾਲੀ ਦਲ ਬਾਦਲ ਪੰਜਾਬ ਅੰਦਰ ਹੋ ਰਹੀਆਂ ਧੱਕੇਸ਼ਾਹੀਆਂ ਦਾ ਡੱਟ ਕੇ ਜਵਾਬ ਦੇਵੇਗਾ। ਖੰਨਾ ਲਾਗੇ ਫੜੀ ਗਈ ਨਾਜਾਇਜ਼ ਸ਼ਰਾਬ ਫੈਕਟਰੀ ਬਾਰੇ ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਇਸ ਸ਼ਰਾਬ ਫੈਕਟਰੀ ਦੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚਿੱਠੀ ਲਿਖਣਗੇ। ਸ਼੍ਰੋਮਣੀ ਕਮੇਟੀ ਮੈਂਬਰ ਜਥੇ ਰਘਵੀਰ ਸਿੰਘ ਸਹਾਰਨ ਮਾਜਰਾ ਨੇ ਪਾਰਟੀ ਅੰਦਰ ਦੋਗਲੀ ਨੀਤੀ ਕਰਨ ਵਾਲੇ ਆਗੂਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਾਂ ਤਾਂ ਉਹ ਪਾਰਟੀ ਦੀ ਮੁੱਖ ਧਾਰਾ ਵਿੱਚ ਆ ਜਾਣ ਜਾਂ ਫਿਰ ਹਮੇਸ਼ਾ ਲਈ ਪਾਰਟੀ ਤੋਂ ਲਾਂਭੇ ਹੋ ਜਾਣ।
ਸੀਨੀਅਰ ਅਕਾਲੀ ਆਗੂ ਇੰਜ ਜਗਦੇਵ ਸਿੰਘ ਬੋਪਾਰਾਏ ਨੇ ਕਿਹਾ ਕਿ ਅਕਾਲੀ ਦਲ ਦੀ ਮਜ਼ਬੂਤੀ ਲਈ ਹਰ ਵਰਗ ਦੇ ਲੋਕਾਂ ਨੂੰ ਲਾਮਬੰਦ ਕਰਨਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਬੁਲਾਰਿਆਂ ਵਿੱਚ ਅਕਾਲੀ ਆਗੂ ਇੰਜ ਜਗਦੇਵ ਸਿੰਘ ਬੋਪਾਰਾਏ, ਹਰਜੀਵਨਪਾਲ ਸਿੰਘ ਗਿੱਲ, ਗੁਰਪ੍ਰੀਤ ਸਿੰਘ ਲਾਪਰਾਂ, ਯੂਥ ਆਗੂ ਸਰਬਜੀਤ ਸਿੰਘ ਲੱਕੀ ਰੌਣੀ, ਭੁਪਿੰਦਰ ਸਿੰਘ ਚੀਮਾ, ਜਗਜੀਤ ਸਿੰਘ ਦੌਲਤਪੁਰ, ਸ਼ਿਵਰਾਜ ਸਿੰਘ ਜੱਲਾ, ਡਾ ਜਸਪ੍ਰੀਤ ਸਿੰਘ ਬੀਜਾ, ਮੈਨੇਜਰ ਗੁਰਜੀਤ ਸਿੰਘ ਰਾਜੇਵਾਲ, ਸਰਪੰਚ ਹਰਿੰਦਰਪਾਲ ਸਿੰਘ ਹਨੀ, ਜਗਦੀਪ ਸਿੰਘ ਲੈਹਿਲ ਆਦਿ ਹਾਜ਼ਰ ਸਨ।