ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 27 ਅਗਸਤ
ਦਿੱਲੀ ਦੀਆਂ ਹੱਦਾਂ ’ਤੇ ਚੱਲਦੇ ਕਿਸਾਨ ਸੰਘਰਸ਼ ਦੇ ਨੌਂ ਮਹੀਨੇ ਪੂਰੇ ਹੋਣ ਤੋਂ ਇਕ ਦਿਨ ਬਾਅਦ ਅੱਜ ਜਗਰਾਉਂ ਰੇਲਵੇ ਪਾਰਕ ’ਚ ਲੱਗੇ ਕਿਸਾਨ ਮੋਰਚੇ ਨੇ ਗਿਆਰਾਂ ਮਹੀਨੇ ਮੁਕੰਮਲ ਕਰ ਲਏ ਹਨ। ਇਸ ਸਮੇਂ ਕਿਸਾਨ ਆਗੂਆਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਹਰ ਪ੍ਰੋਗਰਾਮ ਨੂੰ ਪਹਿਲਾਂ ਵਾਂਗ ਹੀ ਵਧ ਚੜ੍ਹ ਕੇ ਲਾਗੂ ਕਰਨ ਦਾ ਪ੍ਰਣ ਲਿਆ ਅਤੇ ਇਲਾਕੇ ਦੇ ਲੋਕਾਂ ਦਾ ਸਾਥ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜਗਰਾਉਂ ਕਿਸਾਨ ਘੋਲ ਨੇ ਇਕ ਸਾਲ ਪੂਰਾ ਕਰਨ ਵੱਲ ਅੱਜ ਕਦਮ ਪੁੱਟ ਲਿਆ ਹੈ। ਧਰਨੇ ’ਚ ਪਿੰਡਾਂ ਦੀਆਂ ਸਹਿਕਾਰੀ ਸਭਾਵਾਂ ਅਤੇ ਬਾਜ਼ਾਰ ’ਚ ਯੂਰੀਆ ਤੇ ਡੀਏਪੀ ਦੀ ਪੈਦਾ ਹੋਈ ਕਿੱਲਤ ’ਤੇ ਡੂੰਘੀ ਚਿੰਤਾ ਜ਼ਾਹਿਰ ਕਰਦਿਆਂ ਕੇਂਦਰ ਤੇ ਪੰਜਾਬ ਸਰਕਾਰ ਤੋਂ ਇਸ ਕਿੱਲਤ ਦਾ ਹੱਲ ਕਰਨ ਦੀ ਮੰਗ ਕੀਤੀ ਗਈ।
ਕਿਸਾਨ ਆਗੂ ਬਿੱਕਰ ਸਿੰਘ ਅਖਾੜਾ ਦੀ ਅਗਵਾਈ ’ਚ ਚੱਲੇ ਧਰਨੇ ’ਚ ਲੋਕ ਆਗੂ ਕੰਵਲਜੀਤ ਖੰਨਾ ਨੇ ਅਫ਼ਸੋਸ ਪ੍ਰਗਟ ਕੀਤਾ ਕਿ ਚਾਰ ਮਹੀਨੇ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਦਿੱਲੀ ਸਿੰਘੂ ਬਾਰਡਰ ’ਤੇ ਸ਼ਹੀਦ ਨੌਜਵਾਨ ਬਲਕਰਨ ਸਿੰਘ ਲੋਧੀਵਾਲ ਦੇ ਵਾਰਸਾਂ ਨੂੰ ਸਰਕਾਰੀ ਸਹਾਇਤਾ ਦੇ ਪੰਜ ਲੱਖ ਰੁਪਏ ਦਾ ਚੈੱਕ ਜਾਰੀ ਨਹੀਂ ਕੀਤਾ ਗਿਆ। ਉਨ੍ਹਾਂ ਇਸ ਰਵੱਈਏ ਖ਼ਿਲਾਫ਼ 31 ਅਗਸਤ ਨੂੰ ਸਵੇਰੇ ਰੋਸ ਧਰਨਾ ਦੇਣ ਦਾ ਐਲਾਨ ਕੀਤਾ ਗਿਆ। ਇਲਾਕਾ ਵਾਸੀਆਂ ਨੂੰ ਇਸ ਪ੍ਰਦਰਸ਼ਨ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ। ਕਿਸਾਨ ਆਗੂ ਕੁਲਵਿੰਦਰ ਸਿੰਘ ਢੋਲਣ ਅਤੇ ਦਰਸ਼ਨ ਸਿੰਘ ਗਾਲਬਿ ਨੇ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਪਿੰਡ ਵਾਸੀਆਂ ਦੀ ਸਹਿਮਤੀ ਤੋਂ ਬਿਨਾਂ ਅਤੇ ਪਿੰਡ ਦੇ ਬੇਜ਼ਮੀਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਹਾਲਤ ਜਾਣੇ ਤੋਂ ਬਿਨਾਂ ਕਿਸਾਨ ਦੀ ਜ਼ਮੀਨ ਐਕੁਆਇਰ ਕਰਨ ਦੇ ਫ਼ੈਸਲੇ ਦੀ ਨਿਖੇਧੀ ਕੀਤੀ। ਧਰਮ ਸਿੰਘ ਸੂਜਾਪੁਰ ਅਤੇ ਜਗਦੀਸ਼ ਸਿੰਘ ਨੇ ਕਿਹਾ ਕਿ ਸਿੰਘੂ ਬਾਰਡਰ ’ਤੇ ਹੋਈ ਦੋ ਰੋਜ਼ਾ ਕਨਵੈਨਸ਼ਨ ਕਿਸਾਨ ਸੰਘਰਸ਼ ਨੂੰ ਹੋਰ ਅੱਗੇ ਲਿਜਾਣ ਦਾ ਸੰਦ ਬਣੇਗੀ। ਪਿੰਡ ਲੱਖਾ ਅਤੇ ਦੇਹੜਕਾ ਤੋਂ ਦਿੱਲੀ ਟਿਕਰੀ ਬਾਰਡਰ ’ਤੇ ਸੰਘਰਸ਼ ਮੋਰਚੇ ’ਚ ਸ਼ਾਮਲ ਹੋਣ ਲਈ ਇੰਦਰਜੀਤ ਸਿੰਘ ਧਾਲੀਵਾਲ ਅਤੇ ਬਲਾਕ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਦੀ ਅਗਵਾਈ ’ਚ ਜਥੇ ਰਵਾਨਾ ਹੋਏ।