ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 2 ਸਤੰਬਰ
ਜੀਐੱਚਜੀ ਇੰਸਟੀਚਿਊਟ ਆਫ ਲਾਅ ਸਿੱਧਵਾਂ ਖੁਰਦ ’ਚ ਵਕਾਲਤ ਕਰ ਰਹੀਆਂ 31 ਵਿਦਿਆਰਥਣਾਂ ਨੇ ਕਾਲਜ ਡਾਇਰੈਕਟਰ ਡਾ. ਐੱਸਕੇ ਨਾਇਕ ਅਤੇ ਕਾਰਜਕਾਰੀ ਪ੍ਰਿੰਸੀਪਲ ਡਾ. ਸ਼ਵੇਤਾ ਢੰਡ ਦੀ ਅਗਵਾਈ ਹੇਠ ਅੱਜ ਤਾਜਪੁਰ ਰੋਡ ਸਥਿਤ ਮਹਿਲਾ ਸੁਧਾਰ ਘਰ ਦਾ ਦੌਰਾ ਕੀਤਾ। ਮਹਿਲਾ ਸੁਧਾਰ ਜੇਲ੍ਹ ਦੇ ਦੌਰੇ ਦੌਰਾਨ ਜੇਲ੍ਹ ਸੁਪਰਡੈਂਟ ਰਾਹੁਲ ਰਾਜਾ ਨੇ ਦੱਸਿਆ ਕਿ ਇਸ ਸਮੇਂ ਜੇਲ੍ਹ ’ਚ 245 ਔਰਤਾਂ ਅਤੇ 9 ਬੱਚੇ ਮੌਜੂਦ ਹਨ। ਜੇਲ੍ਹ ਅਧਿਕਾਰੀਆਂ ਨੇ ਵਿਦਿਆਰਥਣਾਂ ਨੂੰ ਜੇਲ੍ਹ ਦੀਆਂ ਬੈਰਕਾਂ ’ਚ ਲਿਜਾ ਕੇ ਕੈਦੀਆਂ ਦੇ ਰਹਿਣ-ਸਹਿਣ, ਉਨ੍ਹਾਂ ਨੂੰ ਮਿਲਣ ਵਾਲੇ ਖਾਣੇ ਸਮੇਤ ਉਨ੍ਹਾਂ ਦੇ ਕੇਸਾਂ ਦੀ ਜਾਣਕਾਰੀ ਮੁਹੱਈਆ ਕਰਵਾਈ। ਇਨ੍ਹਾਂ ਵਿਦਿਆਰਥਣਾਂ ਨੇ ਜੇਲ੍ਹ ’ਚ ਕੈਦੀਆਂ ਵੱਲੋਂ ਚਲਾਏ ਜਾਂਦੇ ਬਿਊਟੀ ਪਾਰਲਰ ਤੇ ਸਿਲਾਈ ਸੈਂਟਰ ਸਬੰਧੀ ਵੀ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਮਹਿਲਾ ਜੇਲ੍ਹ ਦੀ ਡਿਪਟੀ ਸੁਪਰਡੈਂਟ ਚੰਚਲ ਕੁਮਾਰੀ ਨੇ ਦੱਸਿਆ ਕਿ ਮਹਿਲਾ ਸੈੱਲ ਵਿੱਚ ਮੁਫ਼ਤ ਕਾਨੂੰਨੀ ਸਹਾਇਤਾ ਵੀ ਮੁਹੱਈਆ ਕਰਵਾਈ ਜਾਂਦੀ ਹੈ। ਇਸ ਮੌਕੇ ਵਿਦਿਆਰਥਣਾਂ ਨਾਲ ਜਸਪਾਲ ਕੌਰ, ਡਾ. ਜਸਵੀਰ ਕੌਰ, ਮਨਦੀਪ ਕਸ਼ਯਪ ਤੇ ਨਿਸ਼ਾਂਤ ਸ਼ਰਮਾ ਵੀ ਹਾਜ਼ਰ ਸਨ।