ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 29 ਜੁਲਾਈ
ਇਥੇ ਰੇਲਵੇ ਪਾਰਕ ’ਚ ਕਿਸਾਨ ਸੰਘਰਸ਼ ਮੋਰਚੇ ਨੇ ਅੱਜ ਗ਼ਦਰ ਲਹਿਰ ਦੀ ਸ਼ਹੀਦ ਬੀਬੀ ਗੁਲਾਬ ਕੌਰ ਨੂੰ ਯਾਦ ਕੀਤਾ। ਧਰਨੇ ਦੇ 302ਵੇਂ ਦਿਨ ਧਰਨਾਕਾਰੀਆਂ ਨੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ। ਬੁਲਾਰਿਆਂ ਨੇ ਕਿਹਾ ਕਿ ਬੀਬੀ ਗੁਲਾਬ ਕੌਰ ਆਪਣੇ ਘਰਵਾਲੇ ਨੂੰ ਛੱਡ ਕੇ ਗ਼ਦਰ ਪਾਰਟੀ ਦੀ ਮੈਂਬਰ ਬਣ ਕੇ ਇਕੱਲੀ ਔਰਤ ਸੀ ਜਿਹੜੀ ਭਾਰਤ ’ਚ ਅੰਗਰੇਜ਼ਾਂ ਖ਼ਿਲਾਫ਼ ਬਗ਼ਾਵਤ ਕਰਨ ਆਈ ਸੀ। ਉਹ ਅੰਤਲੇ ਸਾਹਾਂ ਤੱਕ ਗ਼ਦਰ ਪਾਰਟੀ ਨਾਲ ਰਲ਼ ਕੇ ਕੰਮ ਕਰਦੀ ਰਹੀ। ਬੀਕੇਯੂ ਏਕਤਾ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਨੇ ਪੰਜਾਬ ਭਰ ’ਚ ਕਿਸਾਨਾਂ ਨੂੰ ਯੂਰੀਆ ਖ਼ਾਤਿਰ ਰੋਲਣ ਦੀ ਨਿਖੇਧੀ ਕਰਦਿਆਂ ਮਾਰਕਫੈੱਡ ਅਤੇ ਸਹਿਕਾਰੀ ਸੁਸਾਇਟੀਆਂ ’ਚ ਪੂਰੀ ਖਾਦ ਭੇਜਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਅੱਜ ਝੋਨੇ ਖ਼ਾਤਿਰ ਰੇਹ ਦੀ ਕਿੱਲਤ ਕਾਰਨ ਕਿਸਾਨ ਧੱਕੇ ਖਾ ਰਹੇ ਹਨ। ਉਨ੍ਹਾਂ ਤਾੜਨਾ ਕੀਤੀ ਕਿ ਜੇਕਰ ਪੂਰੇ ਪ੍ਰਬੰਧ ਨਾ ਕੀਤੇ ਗਏ ਤਾਂ ਮਾਰਕਫੈੱਡ ਦੇ ਦਫ਼ਤਰ ਅਤੇ ਸਥਾਨਕ ਪ੍ਰਸ਼ਾਸਨ ਦਾ ਘਿਰਾਓ ਕੀਤਾ ਜਾਵੇਗਾ। ਕਿਸਾਨ ਆਗੂ ਧਰਮ ਸਿੰਘ ਸੂਜਾਪੁਰ ਨੇ ਕਿਹਾ ਕਿ ਕਿਸਾਨ ਸੰਘਰਸ਼ ਜਿੰਨੀ ਮਜਬੂਤੀ ਨਾਲ ਅੱਗੇ ਵਧ ਰਿਹਾ ਹੈ ਉਸ ਨੂੰ ਹੋਰ ਤਕੜਾ ਕਰਨ ਲਈ ਪਿੰਡਾਂ ’ਚ ਲਾਮਬੰਦੀ ਮੁਹਿੰਮ ਹਿਤ ਰੈਲੀਆਂ, ਮੀਟਿੰਗਾਂ, ਨੁੱਕੜ ਨਾਟਕਾਂ ਦਾ ਅਮਲ ਤੇਜ਼ ਕੀਤਾ ਜਾ ਰਿਹਾ ਹੈ। ਜਗਰਾਜ ਸਿੰਘ ਹਰਦਾਸਪੁਰਾ ਅਤੇ ਕੰਵਲਜੀਤ ਖੰਨਾ ਨੇ ਪਿੰਡ ਗੋਬਿੰਦਗੜ੍ਹ ’ਚ ਪੁਲੀਸ ਜਬਰ ਖ਼ਿਲਾਫ਼ ਉੱਠੇ ਰੋਹ ਦੇ ਮੱਦੇਨਜ਼ਰ ਮਾਮਲੇ ਦੀ ਪੜਤਾਲ ਕਰਕੇ ਦੋਸ਼ੀ ਪੁਲਸੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਧਰਨੇ ਨੂੰ ਬੰਤਾ ਸਿੰਘ ਡੱਲਾ, ਕਰਨੈਲ ਸਿੰਘ ਭੋਲਾ ਅਤੇ ਮਦਨ ਸਿੰਘ ਹਾਜ਼ਰ ਸਨ।
ਐੱਸਡੀਐੱਮ ਦਫ਼ਤਰ ਪਾਇਲ ਅੱਗੇ ਪੱਕਾ ਧਰਨਾ ਲਾਉਣ ਦੀ ਚਿਤਾਵਨੀ
ਪਾਇਲ (ਦੇਵਿੰਦਰ ਸਿੰਘ ਜੱਗੀ): ਬੀਕੇਯੂ ਉਗਰਾਹਾਂ ਦੇ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਬਲਾਕ ਮਲੌਦ ਦੇ ਕਨਵੀਨਰ ਲਖਵਿੰਦਰ ਸਿੰਘ ਉਕਸੀ ਅਤੇ ਬਲਾਕ ਦੋਰਾਹਾ ਦੇ ਕਨਵੀਨਰ ਪਰਮਵੀਰ ਸਿੰਘ ਘਲੋਟੀ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੰਘੂ ਹੱਦ ’ਤੇ ਸ਼ਹੀਦ ਹੋਏ ਮਜ਼ਦੂਰ ਲਾਭ ਸਿੰਘ ਸਿਰਥਲਾ ਦੇ ਪਰਿਵਾਰ ਨੂੰ ਸਰਕਾਰ ਵੱਲੋਂ ਅਜੇ ਤੱਕ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ। ਉਹ ਇਸ ਸਬੰਧੀ ਅਨੇਕਾਂ ਵਾਰ ਐੱਸਡੀਐੱਮ ਪਾਇਲ ਅਤੇ ਡੀਸੀ ਲੁਧਿਆਣਾ ਨੂੰ ਮਿਲ ਕੇ ਮੰਗ ਪੱਤਰ ਅਤੇ ਯਾਦ ਪੱਤਰ ਵੀ ਦੇ ਚੁੱਕੇ ਹਨ ਪਰ ਪ੍ਰਸ਼ਾਸਨ ਇਸ ਮੁੱਦੇ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ। ਆਗੂਆਂ ਨੇ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੂੰ ਮੰਗ ਪੱਤਰ ਦਿੰਦਿਆਂ ਮੰਗ ਕੀਤੀ ਹੈ ਕਿ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਲਾਭ ਸਿੰਘ ਸਿਰਥਲਾ ਦੇ ਪਰਿਵਾਰ ਨੂੰ ਮੁਆਵਜ਼ਾ ਅਤੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਸਬੰਧੀ 2 ਅਗਸਤ ਨੂੰ ਐੱਸਡੀਐੱਮ ਪਾਇਲ ਦਫ਼ਤਰ ਅੱਗੇ ਦਿਨ-ਰਾਤ ਧਰਨਾ ਸ਼ੁਰੂ ਕੀਤਾ ਜਾ ਰਿਹਾ ਹੈ, ਜੋ ਮੁਆਵਜ਼ਾ ਪ੍ਰਾਪਤੀ ਤੱਕ ਜਾਰੀ ਰਹੇਗਾ।