ਜਸਬੀਰ ਸ਼ੇਤਰਾ
ਜਗਰਾਉਂ, 5 ਅਗਸਤ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਇਲਾਕੇ ਭਰ ਦੇ ਪਿੰਡਾਂ ’ਚ ਚਲਾਈ ਜਾ ਰਹੀ ਲਾਮਬੰਦੀ ਮੁਹਿੰਮ ਅੱਜ ਤੀਜੇ ਦਿਨ ਵੀ ਜਾਰੀ ਰਹੀ। ਲਗਾਤਾਰ ਹਫਤੇ ਭਰ ਦੀ ਇਸ ਮੁਹਿੰਮ ਤਹਿਤ ਇਲਾਕੇ ਭਰ ਦੇ ਤਿੰਨ ਦਰਜਨ ਪਿੰਡਾਂ ’ਚ ਇਹ ਮੁਹਿੰਮ ਚਲਾਈ ਜਾ ਰਹੀ ਹੈ। ਅੱਜ ਤੀਜੇ ਦਿਨ ਢੋਲਣ, ਚਚਰਾੜੀ, ਹਾਂਸ ਕਲਾਂ, ਸੂਜਾਪੁਰ, ਬਾਰਦੇਕੇ ਆਦਿ ਪਿੰਡਾਂ ’ਚ ਪੀਪਲਜ਼ ਆਰਟ ਥੀਏਟਰ ਗਰੁੱਪ ਪਟਿਆਲਾ ਦੀ ਟੀਮ ਨੇ ਚਰਚਿਤ ਨਾਟਕ ‘ਅਣਖ ਜਿਨ੍ਹਾਂ ਦੀ ਜਿਉਂਦੀ ਹੈ’ ਰਾਹੀਂ ਕਾਲੇ ਕਾਨੂੰਨਾਂ ਦੀ ਅਸਲੀਅਤ ਨੂੰ ਨੰਗਾ ਕਰਕੇ ਲੋਕਾਂ ਨੂੰ ਚੇਤਨ ਕਰਨ ਦੀ ਕੋਸ਼ਿਸ਼ ਕੀਤੀ। ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ’ਚ ਚੱਲ ਰਹੀ ਇਸ ਮੁਹਿੰਮ ’ਚ ਇਕੱਠ ਨੂੰ ਸੰਬੋਧਨ ਕਰਦਿਆ ਲੋਕ ਆਗੂ ਕੰਵਲਜੀਤ ਖੰਨਾ, ਇੰਦਰਜੀਤ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ ਸਿੱਧਵਾਂ ਨੇ ਲੋਕਾਂ ਨੂੰ 12 ਅਗਸਤ ਨੂੰ ਸ਼ਹੀਦ ਕਿਰਨਜੀਤ ਕੌਰ ਮਹਿਲ ਕਲਾਂ ਦੀ ਬਰਸੀ ’ਤੇ ਰੇਲ ਪਾਰਕ ਜਗਰਾਉਂ ਵਿੱਚ ਪੁੱਜਣ ਦਾ ਸੱਦਾ ਦਿੱਤਾ। ਇਸੇ ਦੌਰਾਨ ਰੇਲਵੇ ਪਾਰਕ ਜਗਰਾਉਂ ਦਾ ਧਰਨਾ ਅੱਜ 309ਵੇਂ ਦਿਨ ਜਾਰੀ ਰਿਹਾ।