ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 16 ਜੁਲਾਈ
ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਵੱਲੋਂ ਦਿੱਤੀ ਗਈ ਬੰਦ ਦੀ ਕਾਲ ਦੇ ਸੱਦੇ ’ਤੇ ਸਥਾਨਕ ਦਾਣਾ ਮੰਡੀ ਤੋਂ ਇਲਾਵਾ ਲਾਗਲੀਆਂ ਮੰਡੀਆਂ ਡੇਹਲੋਂ, ਕੰਗਣਵਾਲ, ਪੱਖੋਵਾਲ, ਕਿਲਾ ਰਾਏਪੁਰ, ਜੋਧਾਂ ਅਤੇ ਘਲੋਟੀ ਆਦਿ ਦੇ ਆੜ੍ਹਤੀਆਂ ਵੱਲੋਂ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਮੀਟਿੰਗਾਂ ਅਤੇ ਰੈਲੀਆਂ ਕੀਤੀਆਂ ਗਈਆਂ। ਆੜ੍ਹਤੀਆ ਯੂਨੀਅਨ ਦੇ ਚੇਅਰਮੈਨ ਬਲਦੇਵ ਰਾਜ ਸਿੰਗਲਾ ਅਤੇ ਪ੍ਰਧਾਨ ਸੁਰਿਦੰਰ ਕੁਰੜਛਾਪਾ ਦੀ ਅਗਵਾਈ ਵਿੱਚ ਇਲਾਕੇ ਦੇ ਆੜ੍ਹਤੀਆਂ, ਵਪਾਰੀਆਂ ਤੇ ਗੱਲਾ ਮਜ਼ਦੂਰਾਂ ਨੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿਦੰਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਪਹਿਲਾਂ ਹੀ ਆਰਥਿਕ ਤੰਗੀਆਂ ਦੇ ਸ਼ਿਕਾਰ ਸੀਮਾਵਰਤੀ ਸੂਬੇ ਪੰਜਾਬ ਦੀ ਆਰਥਿਕਤਾ ਤਬਾਹ ਕਰਨ ’ਤੇ ਤੁਲੀ ਹੋਈ ਹੈ। ਆੜ੍ਹਤੀਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਅਨਾਜ ਤੇ ਦਾਲਾਂ ਆਦਿ ’ਤੇ ਜੀਐੱਸਟੀ ਲਗਾਉਣ ਦਾ ਫੈਸਲਾ ਤੁਰੰਤ ਵਾਪਸ ਲਿਆ ਜਾਵੇ।
ਆੜ੍ਹਤੀਆਂ ਦੀਆਂ ਮੰਗ ਦਾ ਸਮਰਥਨ ਕਰਦਿਆਂ ਯਿਊ ਯੂਨਿਟੀ ਕਲੱਬ ਦੇ ਆਹੁਦੇਦਾਰਾਂ ਸੁਭਾਸ਼ ਕੁਮਾਰ ਤੇ ਗੌਤਮ ਜੈਨ ਨੇ ਇਸ ਫ਼ੈਸਲੇ ਦੀ ਨਿਖੇਧੀ ਕੀਤੀ।ਉਨ੍ਹਾਂ ਕਿਹਾ ਕਿ ਜੇ ਫ਼ੈਸਲਾ ਵਾਪਸ ਨਾ ਲਿਆ ਤਾਂ ਸੰਘਰਸ਼ ਵਿੱਢਿਆ ਜਾਵੇਗਾ।