ਸੰਤੋਖ ਗਿੱਲ
ਗੁਰੂਸਰ ਸੁਧਾਰ, 17 ਅਪਰੈਲ
ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤਾਂ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਅਤੇ ਐੱਨਆਰਆਈ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪਿੰਡਾਂ ਦੇ ਸਰਕਾਰੀ ਸਕੂਲਾਂ, ਹਸਪਤਾਲਾਂ ਅਤੇ ਪੇਂਡੂ ਡਿਸਪੈਂਸਰੀਆਂ ਦੀ ਕਾਇਆਂ-ਕਲਪ ਕਰਨ ਲਈ ਆਪਣੀ ਮਿੱਟੀ ਨੂੰ ਪਿਆਰ ਕਰਨ ਵਾਲੇ ਪਰਵਾਸੀ ਪੰਜਾਬੀਆਂ ਦਾ ਸਹਿਯੋਗ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਦਾ ਮੁਕੰਮਲ ਅੰਕੜਾ ਤਿਆਰ ਕਰ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਬਠਿੰਡਾ ਵਿੱਚ ਵਿਸ਼ੇਸ਼ ਅਦਾਲਤਾਂ ਕਾਇਮ ਕਰਨ ਦਾ ਫ਼ੈਸਲਾ ਕੀਤਾ ਹੈ। ਕੁਲਦੀਪ ਸਿੰਘ ਧਾਲੀਵਾਲ ਪਰਵਾਸੀ ਪੰਜਾਬੀ ਪਰਿਵਾਰਾਂ ਵੱਲੋਂ ਦਿੱਤੇ 10 ਲੱਖ ਰੁਪਏ ਨਾਲ ਪਿੰਡ ਗੁੱਜਰਵਾਲ ਵਿੱਚ ਕਰੀਬ ਸੌ ਸਾਲ ਪੁਰਾਣੀ ਖਸਤਾ ਹਾਲ ਪੇਂਡੂ ਡਿਸਪੈਂਸਰੀ ਦੇ ਨਵੀਨੀਕਰਨ ਦੀ ਸ਼ੁਰੂਆਤ ਕਰਨ ਲਈ ਪੁੱਜੇ ਸਨ।
ਧਾਲੀਵਾਲ ਨੇ ਸਰਕਾਰੀ ਡਿਸਪੈਂਸਰੀ ਨੂੰ ਅਪਗਰੇਡ ਕਰਨ ਲਈ ਪੰਜ ਲੱਖ ਰੁਪਏ ਗਰਾਂਟ ਦੇਣ ਦਾ ਵੀ ਐਲਾਨ ਕੀਤਾ ਅਤੇ ਛੱਪੜ ਦੀ ਸਫ਼ਾਈ ਲਈ ਅਨੁਮਾਨ ਤਿਆਰ ਕਰਨ ਵਾਸਤੇ ਬਲਾਕ ਵਿਕਾਸ ਅਫ਼ਸਰ ਨੂੰ ਹਦਾਇਤ ਕੀਤੀ। ਉਨ੍ਹਾਂ ਕੈਨੇਡਾ ਵਾਸੀ ਕੁਲਦੀਪ ਸਿੰਘ ਗਰੇਵਾਲ ਸਮੇਤ ਹੋਰ ਸਹਿਯੋਗੀਆਂ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ। ਪਿੰਡ ਵਾਸੀਆਂ ਨੇ ਡਿਸਪੈਂਸਰੀ ਨੂੰ ਅਪਗਰੇਡ ਕਰ ਕੇ 25 ਬਿਸਤਰਿਆਂ ਦਾ ਹਸਪਤਾਲ ਬਣਾਉਣ ਦੀ ਮੰਗ ਰੱਖੀ।
ਕੈਬਨਿਟ ਮੰਤਰੀ ਨੇ ਵਾਅਦੇ ਪੂਰੇ ਕਰਨ ਦੀ ਵਚਨਬੱਧਤਾ ਦੁਹਰਾਈ
ਪਾਇਲ (ਦੇਵਿੰਦਰ ਜੱਗੀ): ਪਰਵਾਸੀ ਪੰਜਾਬੀ ਸੂਬੇ ਦਾ ਅਨਿੱਖੜਵਾਂ ਅੰਗ ਹਨ ਤੇ ਪੰਜਾਬ ਸਰਕਾਰ ਉਨ੍ਹਾਂ ਲਈ ਜਲਦ ਵਿਸ਼ੇਸ਼ ਨੀਤੀ ਬਣਾਉਣ ਜਾ ਰਹੀ ਹੈ ਤਾਂ ਜੋ ਪੰਜਾਬ ਤਰੱਕੀ ਦੀਆਂ ਲੀਹਾਂ ’ਤੇ ਤੁਰ ਸਕੇ ਅਤੇ ਉਨ੍ਹਾਂ ਦੇ ਅਧੂਰੇ ਸੁਪਨੇ ਪੂਰੇ ਹੋ ਸਕਣ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਰਵਾਸੀ ਭਾਰਤੀ ਅਤੇ ਖੇਡ ਪ੍ਰੋਮੋਟਰ ਹਰਪਿੰਦਰ ਸਿੰਘ ਗਿੱਲ ਦੇ ਗ੍ਰਹਿ ਪਿੰਡ ਜੰਡਾਲੀ ਵਿੱਚ ਉਨ੍ਹਾਂ ਦੇ ਸਵਰਗੀ ਪਿਤਾ ਬੰਤ ਸਿੰਘ ਗਿੱਲ ਦਾ ਅਫ਼ਸੋਸ ਪ੍ਰਗਟ ਕਰਨ ਆਏ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕੀਤਾ। ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਿੰਡਾਂ ਵਿਚ ਆਧੁਨਿਕ ਖੇਡ ਮੈਦਾਨ, ਓਪਨ ਜਿਮ, ਛੱਪੜਾਂ ਦਾ ਨਵੀਨੀਕਰਨ, ਸਾਫ ਸੁਥਰਾ ਪਾਣੀ ਮੁਹੱਈਆ ਕਰਵਾਉਣਾ ਲਈ ਵਚਨਬੱਧ ਹੈ। ਇਸ ਮੌਕੇ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਵਿਧਾਇਕ ਤਰਣਪ੍ਰੀਤ ਸਿੰਘ ਸੌਂਦ, ਵਿਧਾਇਕ ਹਰਦੀਪ ਸਿੰਘ ਮੁੰਡੀਆਂ ਹਾਜ਼ਰ ਸਨ।