ਡੀ.ਪੀ.ਐੱਸ ਬੱਤਰਾ
ਸਮਰਾਲਾ, 16 ਮਾਰਚ
ਰੂਸ-ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੌਰਾਨ ਯੂਕਰੇਨ ਫਸੇ ਭਾਰਤ ਦੇ ਵਿਦਿਆਰਥੀਆਂ ਵਿਚੋਂ ਪਿੰਡ ਪਪੜੌਦੀ ਦਾ ਇਕ ਨੌਜਵਾਨ ਅੱਜ ਘਰ ਪਰਤ ਆਇਆ ਹੈ। ਇਹ ਨੌਜਵਾਨ ਡਾਕਟਰੀ ਦੀ ਪੜ੍ਹਾਈ ਲਈ ਤਿੰਨ ਸਾਲ ਤੋਂ ਯੂਕਰੇਨ ਰਹਿ ਰਿਹਾ ਸੀ।
ਉਸ ਦੇ ਨਜ਼ਦੀਕੀ ਰਿਸ਼ਤੇਦਾਰ ਡਾਕਟਰ ਜਗਰੂਪ ਸਿੰਘ ਹਾਂਸਪੁਰੀ ਨੇ ਦੱਸਿਆ ਕਿ ਰੂਸ ਅਤੇ ਯੂਕਰੇਨ ਦੀ ਲੜਾਈ ਕਾਰਨ ਉਸ ਦੇ ਮਾਪੇ ਫਿਕਰਾਂ ਵਿੱਚ ਸਨ ਅਤੇ ਅੱਜ ਪੁੱਤਰ ਦੇ ਘਰ ਪਰਤਣ ਮਗਰੋਂ ਘਰ ਵਿੱਚ ਖੁਸ਼ੀ ਦਾ ਮਾਹੌਲ ਹੈ।
ਇਸ ਮੌਕੇ ਯੂਕਰੇਨ ਤੋਂ ਪਰਤੇ ਨੌਜਵਾਨ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਸਮੇਂ ’ਤੇ ਛੁੱਟੀਆਂ ਨਾ ਦੇਣ ਦੇ ਕਾਰਨ ਉਹ ਜੰਗ ਦੇ ਮਾਹੌਲ ਵਿਚ ਫਸ ਗਏ। ਰਵੀ ਚੋਪੜਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਹਵਾਈ ਹਮਲਿਆਂ ਦੇ ਡਰੋਂ ਆਪਣਾ ਘਰ ਛੱਡਿਆ ਤਾਂ ਯੂਕਰੇਨ ਦੇ ਪ੍ਰਸ਼ਾਸਨ ਅਤੇ ਲੋਕਾਂ ਵੱਲੋਂ ਉਨ੍ਹਾਂ ਨੂੰ ਰੇਲ ਗੱਡੀਆਂ ਵਿਚ ਨਹੀਂ ਚੜ੍ਹਨ ਦਿੱਤਾ ਗਿਆ ਜਿਨ੍ਹਾਂ ਦਾ ਕਹਿਣਾ ਸੀ ਕਿ ਇਹ ਰੇਲ ਗੱਡੀਆਂ ਸਿਰਫ਼ ਯੂਕਰੇਨ ਦੇ ਲੋਕਾਂ ਲਈ ਹਨ। ਇਸ ਮਗਰੋਂ ਉਹ ਪੈਦਲ ਹੀ ਉਥੇ ਪਹੁੰਚੇ, ਜਿਥੇ ਯੂਕਰੇਨ ਸਰਕਾਰ ਨੇ ਆਮ ਲੋਕਾਂ ਦੀ ਸੁਰੱਖਿਆਂ ਲਈ ਵਿਸ਼ੇਸ਼ ਬੰਕਰ ਬਣਾਏ ਹੋਏ ਸਨ।
ਉਸ ਨੇ ਦੱਸਿਆ ਕਿ ਇਕ ਹਫਤਾ ਬੰਕਰਾਂ ਵਿਚ ਗੁਜ਼ਾਰਨ ਤੋਂ ਬਾਅਦ ਉਹ ਵਿਸ਼ੇਸ਼ ਬੱਸਾਂ ਰਾਹੀਂ ਰੋਮਾਨੀਆ ਪਹੁੰਚੇ ਜਿੱਥੋਂ ਉਹ ਜਹਾਜ਼ ਰਾਹੀਂ ਭਾਰਤ ਪਰਤੇ। ਨੌਜਵਾਨ ਨੇ ਦੱਸਿਆ ਕਿ ਅਜੇ ਵੀ ਉਸ ਦੇ 200 ਤੋਂ ਵੱਧ ਸਾਥੀ ਯੂਕਰੇਨ ਵਿਚ ਹੀ ਫਸੇ ਹੋਏ ਹਨ ਜਿਨ੍ਹਾਂ ਦੀ ਜਾਨ ਅਜੇ ਵੀ ਖਤਰੇ ਵਿਚ ਹੈ। ਇਸ ਮੌਕੇ ਉਸ ਨੇ ਕਿਹਾ ਿਕ ਉਥੇ ਜੰਗ ਕਾਰਨ ਹਾਲਾਤ ਬਹੁਤ ਖਰਾਬ ਹਨ ਅਤੇ ਕਈਆਂ ਦੀ ਜ਼ਿੰਦਗੀ ਖਤਰੇ ਵਿੱਚ ਹੈ।