ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 14 ਜੂਨ
ਦਰੇਸੀ ਦੇ ਸ਼ਾਹੀ ਦਵਾਖਾਨਾ ਵਾਲੀ ਗਲੀ ਵਿੱਚ ਮੰਗਲਵਾਰ ਦੀ ਸਵੇਰੇ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਨਾਲ ਬੰਦ ਵੱਡੀ ਹੌਜ਼ਰੀ ਇਕਾਈ ਵਿੱਚ ਪਿਆ ਕੱਪੜਾ ਅਤੇ ਮਸ਼ੀਨਾਂ ਸੜ ਗਈਆਂ। ਇਹ ਅੱਗ ਇੰਨੀ ਭਿਆਨਕ ਸੀ ਕਿ ਇਸ ਕਾਰਨ ਇਮਾਰਤ ਦਾ ਇੱਕ ਹਿੱਸਾ ਵੀ ਡਿੱਗ ਗਿਆ। ਇਸ ਦੌਰਾਨ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਅੱਗ ਸਵੇਰੇ ਸੱਤ ਵਜੇ ਲੱਗੀ ਸੀ। ਇਸ ਨੂੰ ਕਰੀਬ ਸਾਢੇ ਕੁ 10 ਵਜੇ ਬੁਝਾ ਲਿਆ ਗਿਆ ਸੀ। ਜਿਵੇਂ ਹੀ ਅੱਗ ਲੱਗਣ ਬਾਰੇ ਇਲਾਕੇ ਦੇ ਲੋਕਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਤੁਰੰਤ ਬਿਲਡਿੰਗ ਮਾਲਕ ਨੂੰ ਫੋਨ ਕਰ ਕੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਮੌਕੇ ’ਤੇ ਪੁੱਜ ਕੇ ਅੱਗ ਬੁਝਾਊ ਅਮਲੇ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਪੁੱਜ ਗਈ ਸੀ। ਉਨ੍ਹਾਂ ਨੇ ਤੁਰੰਤ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਇਲਾਕੇ ਦੇ ਲੋਕਾਂ ਨੇ ਖ਼ੁਦ ਵੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ।
ਸ਼ਾਹੀ ਦਵਾਖਾਨਾ ਦੀ ਜਿਸ ਗਲੀ ਵਿੱਚ ਅੱਗ ਲੱਗੀ ਸੀ, ਉਹ ਬੇਹੱਦ ਤੰਗ ਹੈ। ਇਸ ਕਾਰਨ ਗਲੀ ਅੰਦਰ ਅੱਗ ਬੁਝਾਊ ਅਮਲੇ ਦੀ ਗੱਡੀ ਨਹੀਂ ਜਾ ਪਾ ਰਹੀ ਸੀ। ਇੱਥੇ ਅੱਗ ’ਤੇ ਪਾਣੀ ਪਾਉਣ ਲਈ ਗਲੀ ਵਿੱਚ ਕਰੀਬ 250 ਮੀਟਰ ਤੱਕ ਪਾਈਪ ਵਿਛਾਉਣੀ ਪਈ। ਇਸ ਮਗਰੋਂ ਅੱਗ ਬੁਝਾਉਣ ਲਈ ਪਾਣੀ ਪਾਇਆ ਗਿਆ। ਇਸ ਨਾਲ ਅੱਗ ਬੁਝਾਉਣ ’ਚ ਵੀ ਕਰੀਬ ਅੱਧੇ ਤੋਂ ਪੌਣੇ ਘੰਟੇ ਦਾ ਸਮਾਂ ਜ਼ਿਆਦਾ ਲੱਗਿਆ।
ਅੱਜ ਲੱਗਣ ਵਾਲੀ ਇਮਾਰਤ ਦੋ ਮੰਜ਼ਿਲਾ ਹੈ। ਇਸ ਇਮਾਰਤ ਦੀ ਦੂਜੀ ਮੰਜ਼ਿਲ ’ਤੇ ਅੱਗ ਲੱਗੀ ਸੀ। ਅੱਗ ਇੰਨੀ ਤੇਜ਼ੀ ਨਾਲ ਵਧੀ ਕਿ ਇਸ ਦੇ ਸੇਕ ਨਾਲ ਕੰਧਾਂ ਵਿੱਚ ਤਰੇੜਾਂ ਆ ਗਈਆਂ ਤੇ ਦੂਜੀ ਮੰਜ਼ਿਲ ਦਾ ਲੈਂਟਰ ਡਿੱਗ ਗਿਆ। ਇਸ ਦੌਰਾਨ ਗ਼ਨੀਮਤ ਰਹੀ ਕਿ ਇਮਾਰਤ ਵਿੱਚ ਕੋਈ ਨਹੀਂ ਸੀ, ਜਿਸ ਸਦਕਾ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਫ਼ਿਲਹਾਲ ਆਸਪਾਸ ਦੀਆਂ ਰਿਹਾਇਸ਼ੀ ਇਮਾਰਤਾਂ ਨੂੰ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਹੈ। ਅੱਗ ਲੱਗਣ ਤੋਂ ਬਾਅਦ ਉੱਥੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੂੰ ਬਾਅਦ ’ਚ ਪੁਲੀਸ ਨੇ ਉੱਥੋਂ ਭੇਜਿਆ।