ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 31 ਦਸੰਬਰ
ਇੱਥੋਂ ਦੇ ਸਮਰਾਲਾ ਰੋਡ ’ਤੇ ਸਥਿਤ ਅਲਾਹਾਬਾਦ ਬੈਂਕ (ਇੰਡੀਅਨ ਬੈਂਕ) ’ਚ ਅੱਜ ਤੜਕੇ ਅੱਗ ਲੱਗ ਗਈ ਜਿਸ ਕਾਰਨ ਬੈਂਕ ’ਚ ਪਏ ਕੰਪਿਊਟਰ, ਰਿਕਾਰਡ, ਏ.ਸੀ. ਅਤੇ ਇਮਾਰਤ ਨੂੰ ਭਾਰੀ ਨੁਕਸਾਨ ਪੁੱਜਿਆ ਜਦਕਿ ਸਟਰੌਂਗ ਰੂਮ ਵਿੱਚ ਪਈ ਲੱਖਾਂ ਦੀ ਨਕਦੀ ਸੁਰੱਖਿਅਤ ਰਹੀ।
ਜਾਣਕਾਰੀ ਅਨੁਸਾਰ ਅੱਜ ਤੜਕੇ 6.30 ਵਜੇ ਅਲਾਹਾਬਾਦ ਬੈਂਕ ’ਚ ਹੂਟਰ ਵੱਜਣਾ ਸ਼ੁਰੂ ਹੋ ਗਿਆ ਅਤੇ ਫਿਰ ਕੁਝ ਹੀ ਮਿੰਟਾਂ ਬਾਅਦ ਬੈਂਕ ਦੇ ਆਸ-ਪਾਸ ਧੂੰਆਂ ਫੈਲ ਗਿਆ। ਬੈਂਕ ਅੰਦਰ ਲੱਗੀ ਅੱਗ ਦੀ ਸੂਚਨਾ ਮਿਲਦਿਆਂ ਹੀ ਥਾਣਾ ਮੁਖੀ ਰਾਓ ਵਰਿੰਦਰ ਸਿੰਘ ਪੁਲੀਸ ਪਾਰਟੀ ਸਮੇਤ ਪੁੱਜ ਗਏ ਜਿਨ੍ਹਾਂ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਕੁਝ ਹੀ ਮਿੰਟ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ ਅਤੇ ਕਰਮਚਾਰੀਆਂ ਬੈਂਕ ਦਾ ਸ਼ਟਰ ਤੇ ਦਰਵਾਜ਼ੇ ਤੋੜ ਅੱਗ ’ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ।
ਮੁੱਢਲੀ ਜਾਂਚ ਦੌਰਾਨ ਪਤਾ ਲੱਗਿਆ ਕਿ ਇਹ ਅੱਗ ਬੈਂਕ ਮੈਨੇਜਰ ਦੇ ਕੈਬਿਨ ਤੋਂ ਸ਼ਾਰਟ ਸਰਕਟ ਕਾਰਨ ਲੱਗੀ ਜੋ ਸਾਰੇ ਕਿਤੇ ਫੈਲ ਗਈ ਜਿਸ ਕਾਰਨ ਅੰਦਰਲਾ ਸਾਰਾ ਫਰਨੀਚਰ ਸੜ ਕੇ ਸੁਆਹ ਹੋ ਗਿਆ। ਇਸ ਤੋਂ ਇਲਾਵਾ ਕੰਪਿਊਟਰ ਤੇ ਜੋ ਹੋਰ ਦਸਤਾਵੇਜ਼ ਪਏ ਸਨ, ਉਹ ਵੀ ਨੁਕਸਾਨੇ ਗਏ।
ਅੱਗ ’ਤੇ ਕਾਬੂ ਪਾਉਣ ਲਈ ਪੁਲੀਸ ਤੇ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਕਾਫ਼ੀ ਜਦੋ-ਜਹਿਦ ਕੀਤੀ। ਬੈਂਕ ਦੀ ਪਿਛਲੀ ਕੰਧ ਤੋੜ ਕੇ ਉਹ ਅੰਦਰ ਦਾਖਲ ਹੋਏ ਅਤੇ ਅੱਗ ’ਤੇ ਕਾਬੂ ਪਾਇਆ। ਕਰੀਬ 4 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਬੈਂਕ ਦੇ ਅੰਦਰ ਲੱਗੀ ਅੱਗ ’ਤੇ ਕਾਬੂ ਪਾਇਆ ਗਿਆ ਅਤੇ ਉਸ ਤੋਂ ਬਾਅਦ ਪੁਲੀਸ ਤੇ ਬੈਂਕ ਮੁਲਾਜ਼ਮਾਂ ਨੇ ਸਟਰੌਂਗ ਰੂਮ ਦੀ ਜਾਂਚ ਕੀਤੀ ਜਿਸ ਵਿੱਚ ਲੱਖਾਂ ਰੁਪਏ ਨਕਦੀ ਸੁਰੱਖਿਅਤ ਪਾਈ ਗਈ। ਥਾਣਾ ਮੁਖੀ ਰਾਓ ਵਰਿੰਦਰ ਸਿੰਘ ਨੇ ਦੱਸਿਆ ਕਿ ਅੱਗ ਸ਼ਾਰਟ ਸਰਕਟ ਨਾਲ ਲੱਗੀ ਜਾਪਦੀ ਹੈ ਪਰ ਫਿਰ ਵੀ ਹਰ ਪਹਿਲੂਆਂ ਤੋਂ ਜਾਂਚ ਕੀਤੀ ਜਾਵੇਗੀ।