ਸਤਵਿੰਦਰ ਸਿੰਘ ਬਸਰਾ
ਲੁਧਿਆਣਾ, 14 ਅਕਤੂਬਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਕੈਨੇਡਾ ਦੀ ਨੋਵਾ ਸਕੋਸ਼ੀਆ ਸਥਿਤ ਡਲਹੌਜ਼ੀ ਯੂਨੀਵਰਸਿਟੀ ਦੇ ਚਾਰ ਮੈਂਬਰੀ ਵਫ਼ਦ ਨੇ ਵਾਈਸ-ਚਾਂਸਲਰ ਡਾ. ਸਤਬਿੀਰ ਸਿੰਘ ਗੋਸਲ ਅਤੇ ਹੋਰ ਅਧਿਕਾਰੀਆਂ ਨਾਲ ਦੁਵੱਲੇ ਸਹਿਯੋਗ ਦੇ ਖੇਤਰਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਡਲਹੌਜ਼ੀ ਯੂਨੀਵਰਸਿਟੀ ਦੇ ਪ੍ਰਧਾਨ ਅਤੇ ਵਾਈਸ-ਚਾਂਸਲਰ ਡਾ. ਦੀਪ ਸੈਣੀ, ਸਹਿਯੋਗੀ ਉਪ ਪ੍ਰਧਾਨ ਅਤੇ ਆਲਮੀ ਸੰਪਰਕ ਅਧਿਕਾਰੀ ਡਾ. ਬਾਲਕ੍ਰਿਸ਼ਨ ਪ੍ਰਿਥਵੀਰਾਜ, ਸਹਾਇਕ ਡੀਨ ਖੇਤੀਬਾੜੀ ਡਾ. ਮਿਰੀਅਮ ਗੋਰਡਨ ਅਤੇ ਉਦਯੋਗਿਕ ਖੋਜ ਦੇ ਸਹਿਯੋਗੀ ਪ੍ਰੋਫੈਸਰ ਡਾ. ਅਹਿਮਦ ਅਲ-ਮੱਲਹੀ ਅਤੇ ਪੀਏਯੂ ਵੱਲੋਂ ਸਾਬਕਾ ਵਾਈਸ ਚਾਂਸਲਰ ਡਾ. ਮਨਜੀਤ ਸਿੰਘ ਕੰਗ ਹਾਜ਼ਰ ਸਨ।
ਵਾਈਸ ਚਾਂਸਲਰ ਡਾ. ਗੋਸਲ ਨੇ ਵਫ਼ਦ ਨਾਲ ਪੰਜਾਬ ਦੀ ਖੇਤੀ ਵਿੱਚ ਸਮਕਾਲੀ ਚੁਣੌਤੀਆਂ ਬਾਰੇ ਚਰਚਾ ਕਰਦਿਆਂ ਜ਼ਮੀਨੀ ਪਾਣੀ ਦੇ ਡਿੱਗ ਰਹੇ ਪੱਧਰ, ਮਿੱਟੀ ਦੀ ਸਿਹਤ ਅਤੇ ਧਰਤੀ ਹੇਠਲੇ ਪਾਣੀ ਦੇ ਵਿਗੜ ਰਹੇ ਮਿਆਰ, ਲਾਗਤਾਂ ਦੀਆਂ ਵਧਦੀਆਂ ਕੀਮਤਾਂ ਬਾਰੇ ਫਿਕਰਮੰਦੀ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਪੀਏਯੂ ਨੇ ਆਲਮੀ ਪੱਧਰ ’ਤੇ ਨਵੀਆਂ ਤਕਨਾਲੋਜੀਆਂ ਉੱਪਰ ਭਰੋਸਾ ਰੱਖਣ ਵਾਲੀਆਂ ਸੰਸਥਾਵਾਂ ਨਾਲ ਸੰਪਰਕ ਸਥਾਪਤ ਕੀਤਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਦਿਸ਼ਾ ਵਿੱਚ ਡਲਹੌਜ਼ੀ ਯੂਨੀਵਰਸਿਟੀ ਨਾਲ ਸੰਪਰਕ ਦੇ ਯਤਨ ਅੱਗੇ ਵਧਣਗੇ।
ਡਾ. ਕੰਗ ਨੇ ਕਿਹਾ ਕਿ ਵਾਤਾਵਰਨ ਪੱਖੀ ਤਕਨਾਲੋਜੀਆਂ, ਜੀਨੋਮ ਸੰਪਾਦਨ, ਬਾਇਓਸੈਂਸਰ ਅਤੇ ਟਿਕਾਊ ਖੇਤੀਬਾੜੀ ਵਰਗੇ ਖੇਤਰਾਂ ਵਿੱਚ ਸਹਿਯੋਗੀਆਂ ਲਈ ਸਾਂਝ ਦੇ ਰਸਤੇ ਖੁੱਲ੍ਹੇ ਹਨ। ਡਾ. ਦੀਪ ਸੈਣੀ ਨੇ ਦੱਸਿਆ ਕਿ 13 ਫੈਕਲਟੀਆਂ ਵਿੱਚ 200 ਤੋਂ ਵੱਧ ਪ੍ਰੋਗਰਾਮਾਂ ਦੇ ਨਾਲ ਡਲਹੌਜ਼ੀ ਯੂਨੀਵਰਸਿਟੀ ਕੈਨੇਡਾ ਦੀਆਂ ਪ੍ਰਮੁੱਖ ਖੋਜ-ਅਧੀਨ ਯੂਨੀਵਰਸਿਟੀਆਂ ਦੇ ਸਮੂਹ ਵਿੱਚ ਸ਼ਾਮਲ ਹੈ। ਇਹ ਯੂਨੀਵਰਸਿਟੀ ਇੰਡੋ-ਕੈਨੇਡੀਅਨ ਇੰਸਟੀਚਿਊਟਸ ਦੀ ਮੈਂਬਰ ਵੀ ਹੈ।
ਡਾ. ਮਿਰੀਅਮ ਗੋਰਡਨ ਨੇ ਡਲਹੌਜ਼ੀ ਯੂਨੀਵਰਸਿਟੀ ਵਿੱਚ ਖੇਤੀਬਾੜੀ ਫੈਕਲਟੀ ਦੇ ਵੇਰਵੇ ਸਾਂਝੇ ਕੀਤੇ ਅਤੇ ਭਾਰਤੀ ਯੂਨੀਵਰਸਿਟੀਆਂ ਨਾਲ ਸਾਂਝੇ ਪ੍ਰੋਗਰਾਮਾਂ ਬਾਰੇ ਵਿਸਥਾਰ ਵਿੱਚ ਦੱਸਿਆ। ਵਫ਼ਦ ਦੇ ਮੈਂਬਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਆ।