ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 12 ਅਗਸਤ
ਪੰਜਾਬ ਪੁਲੀਸ ਦੇ ਇੱਕ ਕਾਂਸਟੇਬਲ ਨਸ਼ੇ ਦੇ ਲਈ ਲੁਟੇਰਾ ਬਣ ਗਿਆ। ਇਸ ਕਾਂਸਟੇਬਲ ਨੇ ਲੁੱਟਾਂ ਖੋਹਾਂ ਲਈ ਗਰੋਹ ਬਣਾ ਲਿਆ ਤੇ ਫਿਰ ਇਹ ਸਾਰੇ ਨਸ਼ੇੜੀ ਮਿਲ ਕੇ ਨਸ਼ੇ ਦੀ ਪੂਰਤੀ ਲਈ ਲੋਕਾਂ ’ਤੇ ਹਮਲਾ ਕਰ ਉਨ੍ਹਾਂ ਨੂੰ ਲੁੱਟ ਲੈਂਦੇ ਸਨ। ਇਸ ਗਰੋਹ ਦੇ ਦੋ ਮੈਂਬਰਾਂ ਨੂੰ ਲੋਕਾਂ ਨੇ ਵਾਰਦਾਤ ਨੂੰ ਅੰਜਾਮ ਦਿੰਦਿਆਂ ਕਾਬੂ ਕਰ ਲਿਆ, ਜਿਸ ਤੋਂ ਬਾਅਦ ਖੁਲਾਸਾ ਹੋਇਆ ਕਿ ਇਹ ਮੁਲਜ਼ਮ ਪੰਜਾਬ ਪੁਲੀਸ ਦਾ ਕਾਂਸਟੇਬਲ ਹੈ ਤੇ ਉਸਦੀ ਵੀਆਈਪੀ ਸਰਕਟ ਹਾਊਸ ਵਿੱਚ ਡਿਊਟੀ ਹੈ। ਹਾਲਾਂ ਕਿ ਗਰੋਹ ਦੇ 2 ਮੈਂਬਰ ਚਕਮਾ ਦੇ ਕੇ ਫ਼ਰਾਰ ਹੋ ਗਏ। ਫੜ੍ਹੇ ਜਾਣ ਸਮੇਂ ਕਾਂਸਟੇਬਲ ਨੇ ਪੁਲੀਸ ਦੀ ਵਰਦੀ ਪਾਈ ਹੋਈ ਸੀ। ਉਸ ਕੋਲੋਂ ਪੁਲੀਸ ਦਾ ਪਛਾਣ ਪੱਤਰ ਵੀ ਮਿਲਿਆ ਹੈ। ਗੁੱਸੇ ’ਚ ਆਏ ਲੋਕਾਂ ਨੇ ਉਸ ਦੀ ਕੁੱਟਮਾਰ ਵੀ ਕੀਤੀ ਤੇ ਉਸਨੂੰ ਪੁਲੀਸ ਹਵਾਲੇ ਕਰ ਦਿੱਤਾ। ਫੜ੍ਹੇ ਗਏ ਮੁਲਜ਼ਮਾਂ ਦੀ ਪਛਾਣ ਸੰਗਰੂਰ ਜ਼ਿਲ੍ਹੇ ਦੇ ਪਿੰਡ ਆਦਮਪਾਲ ਦੇ ਰਹਿਣ ਵਾਲੇ ਕਾਂਸਟੇਬਲ ਇੰਦਰਜੀਤ ਸਿੰਘ ਤੇ ਲੁਧਿਆਣਾ ਦੇ ਤਾਜਪੁਰ ਰੋਡ ਦੀ ਇੰਦਰਾਪੁਰੀ ਦੇ ਕਰਨ ਕੁਮਾਰ ਵਜੋਂ ਹੋਈ ਹੈ। ਥਾਣਾ ਮੋਤੀ ਨਗਰ ਦੀ ਪੁਲੀਸ ਨੇ ਦੋਹਾਂ ਖਿਲ਼ਾਫ਼ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੇ ਫ਼ਰਾਰ ਚੱਲ ਰਹੇ ਸਾਥੀਆਂ ਦੀ ਪਛਾਣ ਜਗਰਾਉਂ ਦੇ ਪਿੰਡ ਚੌਂਕੀਮਾਨ ਵਾਸੀ ਮਨਜੀਤ ਸਿੰਘ ਤੇ ਜਮਾਲਪੁਰ ਦੀ ਪੁਲੀਸ ਕਲੋਨੀ ਵਾਸੀ ਪ੍ਰਿੰਸ ਵਜੋਂ ਹੋਈ ਹੈ। ਕਾਂਸਟੇਬਲ ਇੰਦਰਜੀਤ ਸਿੰਘ ਜਮਾਲਪੁਰ ਪੁਲੀਸ ਕਲੋਨੀ ਦਾ ਰਹਿਣ ਵਾਲਾ ਹੈ। ਉਹ ਸਰਕਟ ਹਾਊਸ ’ਚ ਗਾਰਡ ਵਜੋਂ ਤਾਇਨਾਤ ਹੈ। ਪੁਲੀਸ ਨੇ ਗਿਆਸਪੁਰਾ ਦੇ ਬਾਬਾ ਦੀਪ ਸਿੰਘ ਨਗਰ ਵਾਸੀ ਧਨਰਾਜ ਚੌਧਰੀ ਦੀ ਸ਼ਿਕਾਇਤ ’ਤੇ ਕਾਰਵਾਈ ਕੀਤੀ ਹੈ।
ਧਨਰਾਜ ਨੇ ਦੱਸਿਆ ਕਿ ਉਹ ਬਿਹਾਰ ਦੇ ਜ਼ਿਲ੍ਹਾ ਔਰੰਗਾਬਾਦ ਦਾ ਰਹਿਣ ਵਾਲੇ ਹਨ। ਫੋਕਲ ਪੁਆਇੰਟ ਸਥਿਤ ਨਟ ਬੋਲਟ ਵਾਲੀ ਫੈਕਟਰੀ ’ਚ ਕੰਮ ਕਰਦੇ ਹਨ। ਬੀਤੇ ਦਿਨ ਉਸਦੀ ਦੀ ਸਿਹਤ ਠੀਕ ਨਹੀਂ ਸੀ। ਉਸ ਦੇ ਸਾਥੀ ਉਪਿੰਦਰ ਕੁਮਾਰ ਤੇ ਪੰਕਜ ਚੌਧਰੀ ਉਸ ਨੂੰ ਡਾਕਟਰ ਕੋਲ ਦਵਾਈ ਦਵਾ ਕੇ ਵਾਪਸ ਆ ਰਹੇ ਸਨ।
ਇਸ ਦੌਰਾਨ ਬਾਬਾ ਦੀਪ ਸਿੰਘ ਨਗਰ ’ਚ ਰੇਲਵੇ ਲਾਈਨ ਕੋਲ 2 ਮੋਟਰਸਾਈਕਲਾਂ ’ਤੇ ਆਏ 4 ਲੋਕਾਂ ਨੇ ਉਨ੍ਹਾਂ ਨੂੰ ਘੇਰ ਲਿਆ। ਇਸ ’ਚੋਂ ਇੱਕ ਨੇ ਪੁਲੀਸ ਦੀ ਵਰਦੀ ਪਾਈ ਹੋਈ ਸੀ। ਉਨ੍ਹਾਂ ਹਮਲਾ ਕਰ ਦਿੱਤਾ ਅਤੇ ਉਪਿੰਦਰ ਦੀ ਜੇਬ ’ਚੋਂ ਇੱਕ ਮੋਬਾਈਲ ਫੋਨ ਤੇ 500 ਰੁਪਏ ਕੱਢ ਲਏ। ਪੰਕਜ ਚੌਧਰੀ ਦੀ ਜੇਬ ’ਚੋਂ ਵੀ ਮੋਬਾਈਲ ਅਤੇ 50 ਰੁਪਏ ਕੱਢ ਲਏ। ਲੁਟੇਰਿਆਂ ਨੇ ਉਸਦੀ ਗਰਦਨ ’ਤੇ ਦਾਤ ਰੱਖ ਕੇ ਮੋਬਾਈਲ ਤੇ ਇੱਕ ਹਜ਼ਾਰ ਖੋਹ ਲਏ। ਉਸ ਨੇ ਰੌਲਾ ਪਾਇਆ ਤਾਂ ਲੋਕਾਂ ਨੇ ਇਕੱਠੇ ਹੋ ਕੇ 2 ਹਮਲਾਵਾਰਾਂ ਨੂੰ ਕਾਬੂ ਕਰ ਲਿਆ, ਜਦੋਂ ਕਿ 2 ਮੋਟਰਸਾਈਕਲ ’ਤੇ ਸਵਾਰ ਹੋ ਕੇ ਫ਼ਰਾਰ ਹੋ ਗਏ।