ਪੱਤਰ ਪ੍ਰੇਰਕ
ਦੋਰਾਹਾ, 22 ਅਗਸਤ
ਇੱਥੇ ਅੱਜ ਮਾਰਕਾਸਵਾਦੀ ਕਮਿਊਨਿਸਟ ਪਾਰਟੀ ਆਫ ਇੰਡੀਆ (ਯੂਨਾਈਟਿਡ) ਦੇ ਮੈਬਰਾਂ ਦੀ ਇੱਕਤਰਤਾ ਹਰਦੇਵ ਸਿੰਘ ਖੇੜੀ ਦੀ ਪ੍ਰਧਾਨਗੀ ਹੇਠਾਂ ਹੋਈ। ਇਸ ਮੌਕੇ ਕਾਮਰੇਡ ਕੁਲਦੀਪ ਸਿੰਘ ਨੇ ਕੌਮੀ ਅਤੇ ਕੌਮਾਂਤਰੀ ਸਥਿਤੀ ’ਤੇਜਾਣਕਾਰੀ ਦਿੱਤੀ। ਉਨ੍ਹਾਂ ਇਸ ਗੱਲ ਦੀ ਸ਼ੰਕਾ ਜ਼ਾਹਿਰ ਕੀਤੀ ਕਿ ਚੀਨ ਅਤੇ ਤਾਇਵਾਨ, ਰੂਸ ਅਤੇ ਯੁਕਰੇਨ ਵਾਂਗ ਯੁੱਧ ਦਾ ਅਖਾੜਾ ਨਾ ਬਣ ਜਾਵੇ। ਅੱਜ ਸ੍ਰੀਲੰਕਾ, ਬੰਗਲਾ ਦੇਸ਼, ਪਾਕਿਸਤਾਨ ਬੁਰੀ ਤਰ੍ਹਾਂ ਆਰਥਿਕ ਸੰਕਟ ਦੇ ਸ਼ਿਕਾਰ ਹਨ। ਉਨ੍ਹਾਂ ਕੇਂਦਰ ਸਰਕਾਰ ਦੇ ਫਾਂਸੀਵਾਦੀ ਕਦਮਾਂ ਤੇ ਚਿੰਤਾ ਪ੍ਰਗਟ ਕਰਦਿਆਂ ਇਨ੍ਹਾਂ ਦਾ ਮੁਕਾਬਲਾ ਕਰਨ ਲਈ ਖੱਬੀਆਂ ਸ਼ਕਤੀਆਂ ਦੇ ਇਕਮੁੱਠ ਹੋਣ ਦੀ ਲੋੜ ’ਤੇ ਜ਼ੋਰ ਦਿੱਤਾ। ਪਵਨ ਕੁਮਾਰ ਕੌਸ਼ਲ ਨੇ ਪੰਜਾਬ ਸਰਕਾਰ ਵੱਲੋਂ ਪਹਿਲਾ ਕਰਜ਼ਾ ਉਤਾਰਨ ਦੀ ਥਾਂ ਹੋਰ ਕਰਜ਼ਾ ਲੈਣ ਦੀ ਨਿੰਦਾ ਕੀਤੀ। ਕਾਮਰੇਡ ਪ੍ਰੇਮ ਸਿੰਘ ਭੰਗੂ ਨੇ ਵੀ ਇਸ ਮੌਕੇ ਸੰਬੋਧਨ ਕੀਤੀ।
ਮੀਟਿੰਗ ਵਿਚ ਮਤੇ ਰਾਹੀਂ ਪੰਜਾਬ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਲੰਪੀ ਸਕਿਨ ਬਿਮਾਰੀ ਕਾਰਨ ਮਰ ਰਹੇ ਪਸ਼ੂਆਂ ਨੂੰ ਚੁਕਾਉਣ ਅਤੇ ਦਫ਼ਨਾਉਣ ਦਾ ਪ੍ਰਬੰਧ ਕੀਤਾ ਜਾਵੇ, ਪਸ਼ੂ ਮਾਲਕਾਂ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ, ਕਿਸਾਨਾਂ ਦੇ ਗੰਨੇ ਦੇ ਬਕਾਏ ਦੀ ਅਦਾਇਗੀ ਕੀਤੀ ਜਾਵੇ, ਰਾਜਪੁਰੇ ਦੀ ਸੀਲ ਕੈਮੀਕਲਜ਼ ਦੀ ਅਣਵਰਤੀ ਜ਼ਮੀਨ ਕਿਸਾਨਾਂ ਨੂੰ ਵਾਪਸ ਕੀਤੀ ਜਾਵੇ, ਲੋਕ ਵਿਰੋਧੀ ਬਿਜਲੀ ਸੋਧ ਬਿੱਲ-2022 ਵਾਪਸ ਲਿਆ ਜਾਵੇ ਅਤੇ ਲਗਾਤਾਰ ਵੱਧ ਰਹੀ ਮਹਿੰਗਾਈ ਨੂੰ ਨੱਥ ਪਾਈ ਜਾਵੇ ਆਦਿ। ਇਸ ਮੌਕੇ ਜ਼ੋਰਾ ਸਿੰਘ, ਸੁਖਦੇਵ ਸਿੰਘ, ਪ੍ਰੇਮ ਸਿੰਘ, ਗੁਰਪ੍ਰੀਤ ਨਾਸਤਿਕ, ਹਾਕਮ ਸਿੰਘ, ਮਲਕੀਤ ਸਿੰਘ ਹਾਜ਼ਰ ਸਨ।