ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 31 ਮਈ
ਨਗਰ ਕੌਂਸਲ ਹਾਊਸ ਦੀ ਮੀਟਿੰਗ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਦੀ ਪ੍ਰਧਾਨਗੀ ਹੇਠ ਅਤੇ ਹਲਕਾ ਵਿਧਾਇਕ ਦੀ ਹਾਜ਼ਰੀ ’ਚ ਹੋਈ। ਮੀਟਿੰਗ ’ਚ ਵੱਖ-ਵੱਖ ਵਾਰਡਾਂ ਦੇ ਕੌਂਸਲਰ ਹਾਜ਼ਰ ਰਹੇ। ਮੀਟਿੰਗ ਦੀ ਆਰੰਭਤਾ ਕਰਦਿਆਂ ਕੌਂਸਲਰਾਂ ਨੇ ਲੋਕ ਗਾਇਕ ਸਿੱਧੂ ਮੂਸੇਵਾਲਾ ਦੇ ਬੇਰਹਿਮੀ ਨਾਲ ਹੋਏ ਕਤਲ ਦੀ ਨਿਖੇਧੀ ਕਰਦਿਆਂ ਵਿਛੜੀ ਰੂਹ ਨੂੰ ਦੋ ਮਿੰਟ ਦਾ ਮੌਨ ਧਾਰਨ ਕਰ ਕੇ ਸ਼ਰਧਾਂਜਲੀ ਭੇਟ ਕੀਤੀ ਅਤੇ ਕੌਂਸਲਰ ਮਾਲਵਾ ਦੀ ਭੈਣ ਦੀ ਬੇਵਕਤੀ ਮੌਤ ’ਤੇ ਵੀ ਦੁੱਖ ਦਾ ਇਜ਼ਹਾਰ ਕੀਤਾ। ਪਹਿਲਾਂ ਤਾਂ ਕੁਝ ਮੈਂਬਰਾਂ ਨੇ ਮੀਟਿੰਗ ਰੱਦ ਕਰਨ ਦੀ ਮੰਗ ਕੀਤੀ ਪਰ ਰੁਕੇ ਵਿਕਾਸ ਅਤੇ ਹੋਣ ਵਾਲੇ ਜ਼ਰੂਰੀ ਕਾਰਜਾਂ ਕਾਰਨ ਮੀਟਿੰਗ ਰੱਦ ਨਹੀਂ ਕੀਤੀ ਗਈ। ਮੀਟਿੰਗ ਆਰੰਭ ਹੋਣ ਤੋਂ ਕੁੱਝ ਸਮੇਂ ਬਾਅਦ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਅਤੇ ਕੁੱਝ ਕੁ ਕੌਂਸਲਰ ਮੀਟਿੰਗ ’ਚੋਂ ਉੱਠ ਕੇ ਬਾਹਰ ਚਲੇ ਗਏ। ਸ਼ਹਿਰ ਦੇ ਵੱਖ-ਵੱਖ ਵਾਰਡਾਂ ’ਚ ਹੋਣ ਵਾਲੇ ਵਿਕਾਸ ਲਈ ਖਰਚੇ ਜਾਣ ਵਾਲੇ ਕਰੀਬ 8 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਨੂੰ ਸਰਬਸੰਮਤੀ ਨਾਲ ਹਰੀ ਝੰਡੀ ਦਿੱਤੀ ਗਈ। ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਕੌਂਸਲਰ ਸਤੀਸ਼ ਕੁਮਾਰ ਨੇ ਨਗਰ ਕੌਂਸਲ ਦਾ ਧਿਆਨ ਰਾਏਕੋਟ ਰੋਡ ’ਤੇ ਸਥਿਤ ਸ਼ਹੀਦ ਭਗਤ ਸਿੰਘ ਕਮਿਊਨਿਟੀ ਹਾਲ ਵੱਲ ਦਿਵਾਉਂਦਿਆਂ ਆਖਿਆ ਕਿ ਹਾਲ ਦਾ ਕੰੰਮ ਜਲਦੀ ਕਰਵਾਇਆ ਜਾਵੇ। ਉਨ੍ਹਾਂ ਦੀ ਇਸ ਖਾਸ ਮੰਗ ਨੂੰ ਪੂਰਾ ਕਰਦਿਆਂ ਹਾਊਸ ਨੇ ਹਾਲ ਨੂੰ ਮੁੜ ਤੋਂ ਸੁਰਜੀਤ ਕਰਨ ਅਤੇ ਲੋਕਾਂ ਦੇ ਸਪੁਰਦ ਕਰਨ ਲਈ ਮਤਾ ਪਾਸ ਕੀਤਾ। ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਨੇ ਸ਼ਹਿਰ ਦੀ ਖੋ ਚੁੱਕੀ ਦਿੱਖ ਅਤੇ ਟੌਹਰ ਦੁਬਾਰਾ ਬਹਾਲ ਕਰਨ ਲਈ ਵਚਨਵੱਧਤਾ ਦੁਹਰਾਈ ਅਤੇ ਸਾਰੇ ਕੌਂਸਲਰਾਂ ਤੇ ਸ਼ਹਿਰ ਵਾਸੀਆਂ ਦਾ ਸਹਿਯੋਗ ਮੰੰਗਿਆ। ਇਸ ਮੀਟਿੰਗ ’ਚ ਕਾਰਜਸਾਧਕ ਅਫ਼ਸਰ ਅਸ਼ੋਕ ਕੁਮਾਰ, ਦਰਸ਼ਨਾ ਦੇਵੀ, ਅਮਨ ਕਪੂਰ, ਵਿਕਰਮ ਜੱਸੀ, ਜਰਨੈਲ ਸਿੰਘ, ਰਮੇਸ਼ ਸਹੋਤਾ ਸਮੇਤ ਵੱਡੀ ਗਿਣਤੀ ’ਚ ਕੌਂਸਲਰ ਹਾਜ਼ਰ ਸਨ।