ਖੰਨਾ: ਪੁਲੀਸ ਜ਼ਿਲ੍ਹਾ ਖੰਨਾ ਨੇ ਪੰਜਾਬ ਵਿੱਚ ਸਰਗਰਮ ਲੁਟੇਰਾ ਗਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜਦੋਂ ਕਿ 5 ਹੋਰ ਮੁਲਜ਼ਮਾਂ ਦੀ ਭਾਲ ਜਾਰੀ ਹੈ। ਇਸ ਸਬੰਧੀ ਖੰਨਾ ਦੇ ਐੱਸਐੱਸਪੀ ਦਿਆਮਾ ਹਰੀਸ਼ ਓਮ ਪ੍ਰਕਾਸ਼ ਨੇ ਦੱਸਿਆ ਕਿ ਇਸ ਗਰੋਹ ਦੇ ਹੋਰ ਵੀ ਕਈ ਮੈਂਬਰ ਹਨ, ਜੋ ਪੰਜਾਬ ਤੇ ਦੂਜੇ ਸੂਬਿਆਂ ਵਿੱਚ ਵੱਖ-ਵੱਖ ਲੁੱਟ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਹਨ। ਇਸ ਗਰੋਹ ਦੇ ਦੋ ਮੁੱਖ ਸਰਗਨੇ ਸੁਖਵਿੰਦਰ ਸਿੰਘ ਮਾਨ ਵਾਸੀ ਰਾੜਾ ਸਾਹਿਬ ਅਤੇ ਮੁਹੰਮਦ ਹਨੀਫ ਵਾਸੀ ਮਾਲੇਰਕੋਟਲਾ ਹਨ। ਇਨ੍ਹਾਂ ਵਿੱਚੋਂ ਹਨੀਫ ਨੂੰ 3 ਸਾਥੀਆਂ ਰਜਨੀਸ਼ ਕੁਮਾਰ ਵਾਸੀ ਜ਼ੀਰਾ (ਫਿਰੋਜ਼ਪੁਰ), ਪ੍ਰਮਦੀਪ ਸਿੰਘ ਵਿੱਕੀ ਪੱਖੋਵਾਲ ਰੋਡ ਲੁਧਿਆਣਾ ਤੇ ਰਾਜੀਵ ਕੁਮਾਰ ਸਾਹਨੀ ਵਾਸੀ ਬਿਹਾਰ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਿਹੜੇ ਪਿਛਲੇ ਦਿਨੀਂ ਖੰਨਾ ਨੇੜੇ ਪਿੰਡ ਰੋਹਣੋਂ ਖੁਰਦ ਦੇ ਇਕ ਕਿਸਾਨ ਸੱਜਣ ਸਿੰਘ ਦੇ ਘਰ ਜਾਅਲੀ ਸ਼ਨਾਖਤੀ ਕਾਰਡ ਪਾ ਕੇ ਤੇ ਅਸਲਾ ਲੈ ਕੇ ਡਰਾ ਧਮਕਾ ਕੇ 25 ਲੱਖ ਰੁਪਏ ਲੈ ਕੇ ਫਰਾਰ ਹੋ ਗਏ ਸਨ। ਐੱਸਐੱਸਪੀ ਨੇ ਦੱਸਿਆ ਕਿ ਉਕਤ ਗ੍ਰਿਫ਼ਤਾਰ ਕੀਤੇ ਦੋਸ਼ੀਆਂ ਨਾਲ ਪੰਜ ਹੋਰ ਵੀ ਸਾਥੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਪਾਸੋਂ 11 ਲੱਖ ਰੁਪਏ ਨਗਦ, ਇਕ ਕਾਰ ਬੀ.ਐੱਮ.ਡਬਲਯੂ ਡੀਐੱਲ-1ਸੀਐਕਸ5805, ਇਨੋਵਾ ਕਾਰ ਨੰਬਰ ਪੀਬੀ11ਸੀਜੈਂਡ-6404, ਵਰੀਟੋ ਕਾਰ ਨੰਬਰ ਪੀਬੀ10ਈਡੀ9866 ਤੇ ਹੋਰ ਸਾਮਾਨ ਬਰਾਮਦ ਹੋਇਆ ਹੈ। ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਕੇਸ ਦਰਜ ਹਨ। ਪੰਜ ਹੋਰ ਦੋਸ਼ੀਆਂ ਦੀ ਪਛਾਣ ਕਰ ਲਈ ਗਈ ਹੈ, ਜਿਨ੍ਹਾਂ ਵਿੱਚ ਗੁਰਚਰਨ ਸਿੰਘ ਪਿੰਡ ਪਮਾਲੀ, ਗੁਰਪ੍ਰੀਤ ਸਿੰਘ ਪਿੰਡ ਝੱਮਟ, ਸੁਖਿਵੰਦਰ ਸਿੰਘ ਮਾਨ ਰਾੜਾ ਸਾਹਿਬ, ਦਲਜੀਤ ਸਿੰਘ ਰਾਣਵਾਂ ਤੇ ਹਰਪ੍ਰੀਤ ਸਿੰਘ ਗਿੱਲ ਤਾਜਪੁਰ ਰੋਡ ਲੁਧਿਆਣਾ ਦੇ ਨਾਂ ਸ਼ਾਮਲ ਹਨ। -ਨਿੱਜੀ ਪੱਤਰ ਪ੍ਰੇਰਕ