ਸੰਤੋਖ ਗਿੱਲ
ਗੁਰੂਸਰ ਸੁਧਾਰ, 7 ਮਾਰਚ
ਪਿੰਡ ਜੁੜਾਹਾਂ ਵਿੱਚ ‘23 ਮਾਰਚ ਦੇ ਸ਼ਹੀਦਾਂ ਦੇ ਵਿਚਾਰ ਅਤੇ ਵਰਤਮਾਨ ਸਮਾਂ’ ਵਿਸ਼ੇ ਨੂੰ ਲੈ ਕੇ ਕੀਤੀ ਵਿਚਾਰ ਗੋਸ਼ਟੀ ਨੂੰ ਸੰਬੋਧਨ ਕਰਦਿਆਂ ਮੁੱਖ ਬੁਲਾਰੇ ਅਤੇ ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਦੇ ਆਗੂ ਰਾਜਵਿੰਦਰ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਵਿਚਾਰ ਕਿਤਾਬਾਂ ਵਿਚ ਬੰਦ ਮਹਿਜ਼ ਇੱਕ ਇਤਿਹਾਸ ਨਹੀਂ ਹੈ, ਸਗੋਂ ਇਹ ਸੜਕਾਂ, ਨੁੱਕੜਾਂ ਅਤੇ ਅਭਿਆਸ ਵਿੱਚ ਸਾਬਿਤ ਹੁੰਦਾ ਵਿਗਿਆਨਕ ਸੱਚ ਹੈ। ਉਨ੍ਹਾਂ ਇਨਕਲਾਬੀ ਲਹਿਰ ਦੇ ਮੁੱਢਲੇ ਸਮੇਂ ਤੋਂ ਭਗਤ ਸਿੰਘ ਅਤੇ ਬਾਕੀ ਸਾਥੀਆਂ ਤੱਕ ਦੇ ਸਫ਼ਰ ਬਾਰੇ ਗੱਲ ਕਰਦਿਆਂ ਕਿਹਾ ਕਿ ਸਾਡੀ ਮਹਾਨ ਅਤੇ ਕੁਰਬਾਨੀਆਂ ਭਰੀ ਵਿਰਾਸਤ ਹੈ।
ਬੁਲਾਰਿਆਂ ਨੇ ਕਿਹਾ ਕਿ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੇ ਅਧੂਰੇ ਸੁਫ਼ਨੇ ਨੂੰ ਅੱਜ ਪੂਰਾ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਲੋਕ ਗ਼ਰੀਬੀ, ਮਹਿੰਗਾਈ, ਬੇਰੁਜ਼ਗਾਰੀ, ਸਿਹਤ ਸਹੂਲਤਾਂ ਤੋਂ ਸੱਖਣੀ ਜ਼ਿੰਦਗੀ ਨਾਲ ਦੋ ਚਾਰ ਹੋ ਰਹੇ ਹਨ ਅਤੇ ਸਰਕਾਰਾਂ ਨੰਗੇ ਚਿੱਟੇ ਰੂਪ ਵਿੱਚ ਕਿਰਤੀ ਲੋਕਾਈ ਨੂੰ ਲੁੱਟ ਕੇ ਲਗਾਤਾਰ ਅਮੀਰਾਂ ਦੇ ਢਿੱਡ ਭਰ ਰਹੀਆਂ ਹਨ। ਮੌਜੂਦਾ ਢਾਂਚੇ ਵਿਚ ਜਿੱਥੇ ਕੋਈ ਧੀ-ਭੈਣ ਸੁਰੱਖਿਅਤ ਨਹੀਂ, ਨੌਜਵਾਨਾਂ ਨੂੰ ਭਵਿੱਖ ਦਿਖਾਈ ਨਹੀਂ ਦੇ ਰਿਹਾ, ਮਜ਼ਦੂਰ ਘੰਟਿਆਂ ਬੱਧੀ ਕੰਮ ਕਰਕੇ ਦੋ ਡੰਗ ਦੀ ਰੋਟੀ ਤੋਂ ਵੀ ਸੱਖਣੇ ਹਨ ਤੇ ਰੁਜ਼ਗਾਰ ਕੇਵਲ ਕੰਧ ਉੱਤੇ ਟੰਗਿਆ ਇਕ ਪੋਸਟਰ ਬਣ ਕੇ ਰਹਿ ਗਿਆ ਹੈ। ਅਜਿਹੇ ਸਮੇਂ ਲੋੜ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਭਗਤ ਸਿੰਘ ਅਤੇ ਉਨ੍ਹਾਂ ਦੀ ਜੁਝਾਰੂ ਵਿਰਾਸਤ ਨੂੰ ਆਪਣੇ ਸੀਨਿਆਂ ਵਿੱਚ ਲੈ ਕੇ ਅੱਗੇ ਵਧੇ ਅਤੇ ਲੋਕਾਂ ਨੂੰ ਜਥੇਬੰਦ ਕਰੇ। ਉਨ੍ਹਾਂ ਕਿਹਾ ਕਿ ਮਨੁੱਖਤਾ ਦੇ ਦੋਖੀ ਢਾਂਚੇ ਨੂੰ ਢਹਿ-ਢੇਰੀ ਕਰ ਕੇ ਇਸ ਦੀ ਥਾਂ ਇੱਕ ਬਰਾਬਰੀ ਵਾਲਾ ਸਮਾਜ ਉਸਾਰਿਆ ਜਾਵੇ, ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਸੁਪਨਿਆਂ ਦਾ ਸਮਾਜ ਉਸਾਰਿਆ ਜਾਵੇ।