ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 14 ਫਰਵਰੀ
ਨਵੀਂ ਅਨਾਜ ਮੰਡੀ ਮੋਗਾ ਵਿਚ 16 ਫਰਵਰੀ ਨੂੰ ਕਿਰਤੀ ਕਿਸਾਨ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, ਨੌਜਵਾਨ ਭਾਰਤ ਸਭਾ, ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਕਰਵਾਈ ਜਾ ਰਹੀ ‘ਇਨਕਲਾਬੀ ਬਦਲ ਉਸਾਰੋ’ ਕਾਨਫਰੰਸ ਤਹਿਤ ਜਗਰਾਉਂ ਇਲਾਕੇ ਦੇ ਪਿੰਡਾਂ ’ਚ ਰੈਲੀਆਂ ਕੀਤੀਆਂ ਗਈਆਂ। ਮਾਣੂੰਕੇ ਅਤੇ ਰਸੂਲਪੁਰ ਤੋਂ ਇਲਾਵਾ ਜਗਰਾਉਂ ਨੇੜਲੇ ਪਿੰਡ ਕੋਠੇ ਪੋਨਾ ਵਿਚ ਇਹ ਜਥੇਬੰਦੀਆਂ ਨੇ ਲਾਮਬੰਦੀ ਲਈ ਰੈਲੀਆਂ ਕੀਤੀਆਂ। ਸੂਬਾਈ ਆਗੂ ਕਰਮਜੀਤ ਮਾਣੂੰਕੇ, ਬਲਵਿੰਦਰ ਸਿੰਘ ਪੋਨਾ, ਅਵਤਾਰ ਸਿੰਘ ਤਾਰੀ ਨੇ ਕਿਹਾ ਕਿ ਪੁਰਾਣੀਆਂ ਪਾਰਟੀਆਂ ਦਾ ਬਦਲ ਨਵੀਆਂ ਪਾਰਟੀਆਂ ਨਹੀਂ ਬਲਕਿ ਇਨਕਲਾਬੀ ਬਦਲ ਹੀ ਹੋ ਸਕਦਾ ਹੈ। ਚਿਹਰਿਆਂ ਦੇ ਬਦਲਣ ਨਾਲ ਕੁਝ ਨਹੀਂ ਹੋਣਾ ਬਲਕਿ ਬਦਲਾਅ ਬਦਲਵੇਂ ਰਾਜਨੀਤਿਕ ਪ੍ਰੋਗਰਾਮ ਨਾਲ ਹੀ ਆ ਸਕਦਾ ਹੈ। ਅਕਾਲੀ, ਭਾਜਪਾ, ਕਾਂਗਰਸ, ‘ਆਪ’ ਦਾ ਸਿਆਸੀ ਏਜੰਡਾ ਇੱਕੋ ਜਿਹਾ ਹੈ। ਇਹ ਸਭ ਕਾਰਪੋਰੇਟ ਦੇ ਸੇਵਾਦਾਰ ਹਨ ਅਤੇ ਫਿਰਕਾਪ੍ਰਸਤੀ ਪੱਖੀ ਸਿਆਸਤ ਕਰਦੇ ਹਨ।
ਸੁਖਦੇਵ ਸਿੰਘ ਮਾਣੂੰਕੇ, ਗੁਰਚਰਨ ਸਿੰਘ ਰਸੂਲਪੁਰ, ਤੇਜਾ ਸਿੰਘ ਪੱਬੀਆਂ ਨੇ ਕਿਹਾ ਕਿ ਸਾਮਰਾਜੀ ਹਰੇ ਇਨਕਲਾਬ ਦਾ ਮਾਡਲ ਰੱਦ ਕਰ ਕੇ ਕਿਸਾਨੀ, ਮਜ਼ਦੂਰ, ਕੁਦਰਤ, ਵਾਤਾਵਰਨ ਪੱਖੀ ਖੇਤੀ ਮਾਡਲ ਲਾਗੂ ਹੋਵੇ। ਪੰਜਾਬ ’ਚ ਕਲਾਈਮੈਟਿਕ ਜ਼ੋਨ ਬਣਾ ਕੇ ਫ਼ਸਲਾਂ ਬਿਜਵਾਈਆਂ ਜਾਣ। ਉਨ੍ਹਾਂ ਕਿਹਾ ਲੋਕਾਂ ਨੂੰ ਉਮੀਦਵਾਰ ਚੁਣਨ ਦੇ ਨਾਲ ਵਾਪਸ ਬੁਲਾਉਣ ਦਾ ਅਧਿਕਾਰ ਵੀ ਦਿੱਤਾ ਜਾਵੇ।
ਜਗਰਾਉਂ ’ਚ ਕਨਵੈਨਸ਼ਨ ਅੱਜ
ਇਨਕਲਾਬੀ ਕੇਂਦਰ ਪੰਜਾਬ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ 15 ਫਰਵਰੀ ਮੰਗਲਵਾਰ ਸਵੇਰੇ 11 ਵਜੇ ਸਥਾਨਕ ਸ਼ਹੀਦ ਭਗਤ ਸਿੰਘ ਪਾਰਕ ਅਗਵਾੜ ਲੋਪੋਂ ਵਿਚ ਵਿਧਾਨ ਸਭਾ ਚੋਣਾਂ ’ਚ ਆਪਣੇ ਨਜ਼ਰੀਏ ਦੇ ਪ੍ਰਚਾਰ ਲਈ ਕਨਵੈਨਸ਼ਨ ਕੀਤੀ ਜਾ ਰਹੀ ਹੈ। ‘ਰਾਜ ਬਦਲੋ ਸਮਾਜ ਬਦਲੋ’ ਕਨਵੈਨਸ਼ਨ ਨੂੰ ਬੁੱਧੀਜੀਵੀ ਮੁਖਤਿਆਰ ਪੂਹਲਾ, ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਾਰਾਇਣ ਦੱਤ ਸੰਬੋਧਨ ਕਰਨਗੇ।