ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 5 ਜਨਵਰੀ
ਪਿਛਲੇ ਦੋ ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਤੋਂ ਨਾਰਾਜ਼ 108 ਐਂਬੂਲੈਂਸ ਸਰਵਿਸ ਦੇ ਮੁਲਾਜ਼ਮ ਬੁੱਧਵਾਰ ਨੂੰ ਚਾਰ ਘੰਟੇ ਲਈ ਹੜਤਾਲ ’ਤੇ ਰਹੇ। ਸੂਬੇ ’ਚ ਨਿੱਜੀ ਕੰਪਨੀ ਵੱਲੋਂ ਚਲਾਈ ਜਾ ਰਹੀ, ਇਸ ਐਂਬੂਲੈਂਸ ਸਰਵਿਸ ਦੇ ਡਰਾਈਵਰ ਤੇ ਈਐੱਮਟੀ (ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨ) ਆਪਣਾ ਕੰਮਕਾਜ ਠੱਪ ਕਰਕੇ ਸਿਵਲ ਹਸਪਤਾਲ ਪੁੱਜੇ ਅਤੇ ਕੰਪਨੀ ਦੇ ਖਿਲ਼ਾਫ਼ ਨਾਅਰੇਬਾਜ਼ੀ ਕੀਤੀ। ਐਂਬੂਲੈਂਸ ਮੁਲਾਜ਼ਮਾਂ ਦੇ ਹੜਤਾਲ ’ਤੇ ਜਾਣ ਦੀ ਸੂਚਨਾ ਮਿਲਦੇ ਹੀ ਸਿਹਤ ਵਿਭਾਗ ਨੂੰ ਹੱਥਾਂ-ਪੈਰਾਂ ਦੀ ਪੈ ਗਈ ਤੇ ਕੰਪਨੀ ਨਾਲ ਸੰਪਰਕ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਤੇ 4 ਘੰਟੇ ਦੀ ਮਿਹਨਤ ਤੋਂ ਬਾਅਦ ਕੰਪਨੀ ਦੇ ਅਧਿਕਾਰੀ ਸਮੱਸਿਆ ਦਾ ਹੱਲ ਕਰਨ ਦਾ ਭਰੋਸਾ ਦੇ ਕੇ ਹੜਤਾਲ ਖਤਮ ਕਰਵਾਉਣ ’ਚ ਕਾਮਯਾਬ ਰਹੇ।
ਇਸ ਦੌਰਾਨ ਸਿਵਲ ਹਸਪਤਾਲ ਪੁੱਜੇ ਐਂਬੂਲੈਂਸ ਮੁਲਾਜ਼ਮਾਂ ਦੇ ਜ਼ਿਲ੍ਹਾ ਪ੍ਰਧਾਨ ਹਰਜੋਤ ਸਿੰਘ, ਉਪ ਪ੍ਰਧਾਨ ਜੱਸ ਚੀਮਾ ਨੇ ਦੱਸਿਆ ਕਿ ਬੀਤੇ 2 ਮਹੀਨਿਆਂ ’ਚ ਉਨ੍ਹਾਂ ਦੇ ਕਿਸੇ ਵੀ ਸਾਥੀ ਨੂੰ ਤਨਖਾਹ ਨਹੀਂ ਮਿਲੀ। ਉਨ੍ਹਾਂ ਦੇ ਨਵੇਂ ਐਗਰੀਮੈਂਟ ’ਚ ਤਨਖਾਹ ਨਹੀਂ ਵਧਾਈ ਗਈ। ਸੂਬਾ ਸਰਕਾਰ ਵੀ ਐਂਬੂਲੈਂਸ ਮੁਲਾਜ਼ਮਾਂ ਨੂੰ ਆਪਣੇ ਅਧੀਨ ਨਹੀਂ ਲੈ ਰਹੀ। ਇਸ ਲਈ ਸਾਰੇ ਮੁਲਾਜ਼ਮ ਹੜਤਾਲ ’ਤੇ ਜਾਣ ਲਈ ਮਜਬੂਰ ਹਨ ਤੇ ਜੇਕਰ 10 ਜਨਵਰੀ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਪੂਰੇ ਸੂਬੇ ’ਚ 108 ਐਂਬੂਲੈਂਸ ਮੁਲਾਜ਼ਮ ਚੱਕਾ ਜਾਮ ਕਰਕੇ ਅਣਮਿੱਥੇ ਸਮੇਂ ਲਈ ਹੜਤਾਲ ਕਰਨ ਦੀ ਯੋਜਨਾ ਉਲੀਕ ਕਰ ਰਹੇ ਹਨ।