ਗੁਰਬਚਨ ਸਿੰਘ ਭੁੱਲਰ
ਇਕ ਪੁਸਤਕ – ਇਕ ਨਜ਼ਰ
ਗ਼ਦਰ ਸ਼ਬਦ ਪੰਜਾਬੀਆਂ ਨੂੰ ਬਹੁਤ ਪਿਆਰਾ ਹੈ। ਉਹ ਇਸ ਨੂੰ ਪਿਆਰਨ ਦੇ ਨਾਲ-ਨਾਲ ਸਤਿਕਾਰਦੇ ਵੀ ਹਨ। ਆਜ਼ਾਦੀ ਦੀ ਲੜਾਈ ਸਮੇਂ, ਖਾਸ ਕਰ ਕੇ ਪੰਜਾਬ ਵਿਚ, ਸਮੁੰਦਰ ਦੀਆਂ ਲਹਿਰਾਂ ਵਾਂਗ ਅਨੇਕ ਲਹਿਰਾਂ ਉੱਠੀਆਂ। ਉਹਨਾਂ ਸਭ ਨੇ ਸੰਗਰਾਮ ਵਿਚ ਆਪਣਾ-ਆਪਣਾ ਮੁੱਲਵਾਨ ਹਿੱਸਾ ਪਾਇਆ। ਇਹ ਮਾਣ ਪਰ ਗ਼ਦਰ ਲਹਿਰ ਨੂੰ ਹੀ ਜਾਂਦਾ ਹੈ ਕਿ ਪਰਦੇਸਾਂ ਵਿਚ ਇਹਦੀ ਸ਼ੁਰੂਆਤ ਤੋਂ ਅਤੇ ਦੇਸ ਪਹੁੰਚੇ ਗ਼ਦਰੀਆਂ ਦੀ ਫੜਫੜਾਈ ਤੋਂ ਇਕ ਸਦੀ ਨਾਲੋਂ ਵੱਧ ਸਮਾਂ ਮਗਰੋਂ ਵੀ ਪੰਜਾਬੀਆਂ ਦੇ ਮਨਾਂ ਵਿਚ ਇਹਦਾ ਆਦਰਜੋਗ ਸਥਾਨ ਸਦਾ-ਸੱਜਰਾ ਹੈ। ਜਿਥੇ ਕਿਸੇ ਗ਼ਦਰੀ ਬਾਬੇ ਦਾ ਨਾਂ ਆਉਂਦਾ ਹੈ, ਲੋਕਾਂ ਦਾ ਸਿਰ ਅਦਬ ਨਾਲ ਆਪਣੇ ਆਪ ਝੁਕ ਜਾਂਦਾ ਹੈ। ਇਸ ਲੋਕ-ਭਾਵਨਾ ਦੀ ਸਾਕਾਰਤਾ ਦੇ ਦਰਸ਼ਨ ਹਰ ਸਾਲ ਜਲੰਧਰ ਵਿਚ ਲਗਦੇ ਗ਼ਦਰੀ ਬਾਬਿਆਂ ਦੇ ਮੇਲੇ ਵੇਲੇ ਕੀਤੇ ਜਾ ਸਕਦੇ ਹਨ।
ਗੁਰੂਮੇਲ ਸ. ਸਿੱਧੂ ਦੀ ਪੁਸਤਕ ‘ਹਿੰਦੋਸਤਾਨ ਦਾ ਆਜ਼ਾਦੀ ਸੰਗਰਾਮ: ਗ਼ਦਰੀ ਲਹਿਰਾਂ ਦੀ ਹਿੱਸੇਦਾਰੀ’ ਪੜ੍ਹਨੀ ਸ਼ੁਰੂ ਕਰਨ ਸਮੇਂ ‘ਗ਼ਦਰ ਲਹਿਰ’ ਦੀ ਥਾਂ ‘ਗ਼ਦਰੀ ਲਹਿਰਾਂ’ ਲਿਖਿਆ ਦੇਖ ਕੇ ਮੈਂ ਸੋਚਿਆ ਕਿ 1857 ਦੀ ਅੰਗਰੇਜ਼-ਵਿਰੋਧੀ ਬਗ਼ਾਵਤ ਨੂੰ ‘1857 ਦਾ ਗ਼ਦਰ’ ਕਿਹਾ ਜਾਂਦਾ ਹੋਣ ਕਰਕੇ ਉਹਦਾ ਜ਼ਿਕਰ ਵੀ ਇਸ ਵਿਚ ਸ਼ਾਮਲ ਕਰ ਲਿਆ ਗਿਆ ਹੋਵੇਗਾ। ਇਸ ਕਰਕੇ ਪੁਸਤਕ ਇਕ ਗ਼ਦਰ ਲਹਿਰ ਦੀ ਥਾਂ ਦੋਵਾਂ ਗ਼ਦਰ ਲਹਿਰਾਂ ਦੀ ਬਾਤ ਪਾਉਂਦੀ ਹੋਵੇਗੀ। ਪੁਸਤਕ ਵਿਚ ਪ੍ਰਵੇਸ਼ ਵਧੀਕ ਹੈਰਾਨੀ ਤੇ ਤਸੱਲੀ ਲੈ ਕੇ ਆਇਆ। ਲੇਖਕ ਨੇ ਉਹਨਾਂ ਸਭ ਲੜਾਈਆਂ, ਬਗ਼ਾਵਤਾਂ, ਅੰਦੋਲਨਾਂ, ਲਹਿਰਾਂ, ਆਦਿ ਨੂੰ ਗ਼ਦਰੀ ਭਾਵਨਾ ਵਾਲੀਆਂ ਮੰਨਦਿਆਂ ਪੁਸਤਕ ਵਿਚ ਸ਼ਾਮਲ ਕੀਤਾ ਹੋਇਆ ਸੀ ਜਿਨ੍ਹਾਂ ਨੇ ਅੰਗਰੇਜ਼ ਨੂੰ ਦੇਸ ਵਿਚੋਂ ਕੱਢਣ ਵਾਸਤੇ ਹਥਿਆਰ ਚੁੱਕਣ ਦਾ ਜੇਰਾ ਦਿਖਾਇਆ ਸੀ।
ਅੰਗਰੇਜ਼ ਆਪਣੇ ਤੋਂ ਪਹਿਲਾਂ ਹਿੰਦੋਸਤਾਨ ਆਉਣ ਵਾਲੇ ਸਾਰੇ ਓਪਰਿਆਂ ਵਾਂਗ ਹਮਲਾਵਰ ਬਣ ਕੇ, ਧਾੜਵੀ ਦਲ, ਤੋਪਾਂ ਤੇ ਤਲਵਾਰਾਂ ਲੈ ਕੇ ਨਹੀਂ ਸਨ ਆਏ। ਉਹਨਾਂ ਨੇ ਵਪਾਰੀਆਂ ਦਾ ਰੂਪ ਧਾਰਿਆ ਹੋਇਆ ਸੀ ਅਤੇ ‘ਈਸਟ ਇੰਡੀਆ ਕੰਪਨੀ’ ਦੇ ਨਾਂ ਨਾਲ ਆਏ ਸਨ। ਕੰਪਨੀ ਬਾਦਸ਼ਾਹ ਜਹਾਂਗੀਰ ਤੋਂ ਵਪਾਰ ਦੀ ਆਗਿਆ ਲੈਣ ਵਿਚ ਸਫਲ ਹੋ ਗਈ। ਵਪਾਰਕ ਅੱਡੇ ਪੱਕੇ ਕਰ ਕੇ ਅਤੇ ਪੈਰ ਜਮਾ ਕੇ ਕੰਪਨੀ ਦੀ ਲਾਲਸਾ ਵਪਾਰ ਤੋਂ ਹਕੂਮਤ ਵੱਲ ਪਲਟਣ ਲੱਗੀ। ਔਰੰਗਜ਼ੇਬ ਦੀ ਮੌਤ ਮਗਰੋਂ ਕੇਂਦਰੀ ਮੁਗ਼ਲ ਰਾਜ ਕਮਜ਼ੋਰ ਹੋ ਜਾਣ ਦੇ ਨਤੀਜੇ ਵਜੋਂ ਸਥਾਨਕ ਹਾਕਮ ਖ਼ੁਦਮੁਖ਼ਤਿਆਰੀ ਐਲਾਨਣ ਲੱਗੇ। ਇਸ ਟੁਕੜੇਬੰਦੀ ਦਾ ਲਾਹਾ ਲੈ ਕੇ ਕੰਪਨੀ ਨੇ ਸਥਾਨਕ ਹਕੂਮਤਾਂ ਤੇ ਸੰਸਥਾਵਾਂ ਦੇ ਕੰਮਕਾਜ ਵਿਚ ਦਖ਼ਲ ਦੇਣਾ ਸ਼ੁਰੂ ਕਰ ਦਿੱਤਾ। ਨਤੀਜੇ ਵਜੋਂ ਹਥਿਆਰਬੰਦ ਟਕਰਾਓ ਹੋਣ ਲੱਗੇ। ਅਜਿਹਾ ਪਹਿਲਾ ਟਕਰਾਓ, ਕਈ ਪੜਾਵਾਂ ਵਿਚ, ਬੰਗਾਲ ਦੇ ਖ਼ੁਦਮੁਖ਼ਤਿਆਰ ਨਵਾਬ ਸਿਰਾਜ ਉਦ-ਦੌਲਾ ਨਾਲ ਹੋਇਆ। ਅੰਤ ਨੂੰ 23 ਜੂਨ 1757 ਨੂੰ ਪਲਾਸੀ ਦੀ ਲੜਾਈ ਵਿਚ ਨਵਾਬ ਹਾਰ ਗਿਆ। ਇਸ ਤਰ੍ਹਾਂ ਹਿੰਦੋਸਤਾਨ ਵਿਚ ਬਰਤਾਨਵੀ ਰਾਜ ਦਾ ਮੁੱਢ ਬੱਝ ਗਿਆ। ਅੰਗਰੇਜ਼ ਸਥਾਨਕ ਮੁਹਤਬਰਾਂ ਵਿਚ ਫੁੱਟ ਪਾ ਕੇ, ਧੱਕੇ ਤੋਂ ਧੋਖੇ ਤੱਕ ਦੀ ਵਰਤੋਂ ਕਰ ਕੇ ਅਤੇ ਇਥੋਂ ਹੀ ਭਰਤੀ ਕੀਤੀਆਂ ਫ਼ੌਜਾਂ ਦੇ ਬਲ ਨਾਲ ਲੜਾਈਆਂ ਲੜ ਕੇ ਹਿੰਦੁਸਤਾਨ ਨੂੰ ਕੁਤਰਨ ਲੱਗੇ। ਇਸ ਨੀਤੀ ਨਾਲ ਛੇਤੀ ਹੀ ਉਹ ਕਾਫ਼ੀ ਵੱਡੇ ਹਿੱਸੇ ਉੱਤੇ ਕਾਬਜ਼ ਹੋ ਗਏ। ਆਖ਼ਰ ਇਕ ਸਦੀ ਮਗਰੋਂ, 1849 ਵਿਚ ਓਦੋਂ ਤੱਕ ਆਜ਼ਾਦ ਰਿਹਾ ਪੰਜਾਬ ਵੀ ਫ਼ਤਿਹ ਕਰ ਲੈਣ ਨਾਲ ਪੂਰਾ ਹਿੰਦੋਸਤਾਨ ਉਹਨਾਂ ਦੇ ਕਬਜ਼ੇ ਹੇਠ ਹੋ ਗਿਆ।
ਇਤਿਹਾਸ ਦੀਆਂ ਸਕੂਲੀ-ਕਾਲਜੀ ਪੁਸਤਕਾਂ ਵਿਚ ਪਹਿਲਾਂ ਦੀਆਂ ਇਕਾ-ਦੁੱਕਾ ਬਗ਼ਾਵਤਾਂ ਦਾ ਸੰਖੇਪ ਜ਼ਿਕਰ ਕਰ ਕੇ 1857 ਦੇ ਗ਼ਦਰ ਨੂੰ ਹੀ ਹਿੰਦੋਸਤਾਨ ਦੀ ਆਜ਼ਾਦੀ ਦੀ ਪਹਿਲੀ ਲੜਾਈ ਦਾ ਨਾਂ ਦਿੱਤਾ ਜਾਂਦਾ ਰਿਹਾ ਹੈ। ਗੁਰੂਮੇਲ ਸ. ਸਿੱਧੂ ਨੇ ਪਹਿਲੇ ਕਾਂਡ ‘ਪੂਰਵ-1857 ਬਗ਼ਾਵਤਾਂ’ ਵਿਚ ਪਲਾਸੀ ਦੀ ਲੜਾਈ ਤੋਂ ਪਿੱਛੋਂ ਦੀ ਪੂਰੀ ਇਕ ਸਦੀ ਦੀਆਂ ਇਹਨਾਂ ਬਗ਼ਾਵਤਾਂ ਦਾ ਮਹੱਤਵਪੂਰਨ ਵੇਰਵਾ ਦਿੱਤਾ ਹੈ। ਇਹਨਾਂ ਵਿਚ ਸਿਆਸੀ ਤੋਂ ਇਲਾਵਾ ਕਿਸਾਨਾਂ ਦੀਆਂ, ਕਬੀਲਿਆਂ ਦੀਆਂ ਤੇ ਧਾਰਮਿਕ ਰੰਗ ਵਾਲੀਆਂ ਅਨੇਕ ਬਗ਼ਾਵਤਾਂ ਸ਼ਾਮਲ ਹਨ। ਇਸ ਕਾਂਡ ਦੀ ਸਮਾਪਤੀ ‘ਪਰਜਾ ਮੰਡਲ ਲਹਿਰ’ ਨਾਲ ਹੁੰਦੀ ਹੈ। ਪੁਸਤਕ ਦਾ ਅਜਿਹਾ ਕਲਾਵਾ ਇਸ ਦੇ ਨਾਂ ‘ਗ਼ਦਰੀ ਲਹਿਰਾਂ ਦੀ ਹਿੱਸੇਦਾਰੀ’ ਦੀ ਸਾਰਥਿਕਤਾ ਨੂੰ ਸਿੱਧ ਕਰਦਾ ਹੈ।
ਇਥੇ ਇਹ ਵਿਚਾਰ ਮਨ ਵਿਚ ਆਉਣਾ ਕੁਦਰਤੀ ਹੈ ਕਿ ਜੇ ਪੁਸਤਕ ਦਾ ਘੇਰਾ ਏਨਾ ਵੱਡਾ ਹੈ ਤਾਂ 1757 ਦੀ ਪਲਾਸੀ ਦੀ ਲੜਾਈ ਤੋਂ ਲੈ ਕੇ 1947 ਵਿਚ ਅੰਗਰੇਜ਼ਾਂ ਦੇ ਹਿੰਦੋਸਤਾਨ ਛੱਡਣ ਤੱਕ ਦੇ 190 ਸਾਲਾਂ ਵਿਚ ਹੋਈਆਂ ਅਨੇਕਾਂ-ਅਨੇਕ ਹਥਿਆਰਬੰਦ ਬਗ਼ਾਵਤਾਂ ਨੂੰ ਲੇਖਕ ਨੇ ਕਿਸ ਜੁਗਤ ਨਾਲ ਇਸ ਪੁਸਤਕ ਵਿਚ ਸਮੇਟਿਆ ਹੋਵੇਗਾ! ਇਹ ਸਵਾਲ ਵਾਜਬ ਹੈ ਤੇ ਇਸ ਦਾ ਜਵਾਬ ਲੇਖਕ ਤੋਂ ਹੀ ਲੈਣਾ ਠੀਕ ਰਹੇਗਾ। ਗੁਰੂਮੇਲ ਸ. ਸਿੱਧੂ ਨੇ ਆਪਣੀ ਪੁਸਤਕ ਦੇ ‘ਮੁਖਬੰਦ’ ਵਿਚ ਲਿਖਿਆ ਹੈ, ‘‘ਸੋਚਦਿਆਂ ਇਹ ਗੱਲ ਔਹੜੀ ਕਿ ਸਾਰੀਆਂ ਗ਼ਦਰੀ ਲਹਿਰਾਂ ਬਾਰੇ ਪੁਸਤਕ ਲਿਖੀ ਜਾਵੇ ਜਿਨ੍ਹਾਂ ਨੇ ਹਿੰਦੋਸਤਾਨ ਦੀ ਆਜ਼ਾਦੀ ਵਿਚ ਆਪਣਾ-ਆਪਣਾ ਯੋਗਦਾਨ ਪਾਇਆ ਹੈ। ਵੱਖ-ਵੱਖ ਗ਼ਦਰੀ ਲਹਿਰਾਂ ਬਾਰੇ ਪੁਸਤਕਾਂ ਲਿਖੀਆਂ ਗਈਆਂ ਹਨ, ਪਰ ਇਹਨਾਂ ਦਾ ਸਿਲਸਿਲੇਵਾਰ ਵੇਰਵਾ ਕਿਸੇ ਇਕ ਪੁਸਤਕ ਵਿਚ ਨਹੀਂ ਮਿਲਦਾ। ਗ਼ਦਰੀ ਸਾਹਿਤ ਦੀ ਇਸ ਘਾਟ ਨੂੰ ਹੱਥਲੀ ਪੁਸਤਕ ਵਿਚ ਪੂਰਾ ਕੀਤਾ ਗਿਆ ਹੈ। …ਅੰਤ ਨੂੰ ਫੈਸਲਾ ਲਿਆ ਕਿ ਹਿੰਦੋਸਤਾਨ ਦੀ ਆਜ਼ਾਦੀ ਵਿਚ ਹਿੱਸਾ ਪਾਉਣ ਵਾਲੀਆਂ ਮੁੱਖ ਲਹਿਰਾਂ ਬਾਰੇ, ਬੇਲੋੜੇ ਵਿਸਤਾਰ ਤੋਂ ਬਿਨਾਂ, ਲੋੜੀਂਦੀ ਅਤੇ ਢੁੱਕਵੀਂ ਵਾਕਫ਼ੀਅਤ ਇਕੱਤਰ ਕੀਤੀ ਜਾਵੇ …ਜੋ ਸਪੱਸ਼ਟ ਅਤੇ ਰੌਚਕ ਹੋਵੇ। … ਜਾਣਕਾਰੀ ਇਕੱਠੀ ਕਰਦਿਆਂ ਵਿਸ਼ੇ ਦੀ ਪ੍ਰਮਾਣਿਕਤਾ ਨੂੰ ਧਿਆਨ ਵਿਚ ਰੱਖਿਆ ਹੈ। ਲੋੜੀਂਦੀ ਸਮੱਗਰੀ ਨੂੰ ਵੱਖ-ਵੱਖ ਪੁਸਤਕਾਂ ਤੇ ਮੈਗ਼ਜ਼ੀਨਾਂ ਅਤੇ ਇੰਟਰਨੈਟ ਦੇ ਖੋਜ-ਲੇਖਾਂ ਵਿਚੋਂ ਕਸ਼ੀਦ ਕਰ ਕੇ ਵਰਤਿਆ ਗਿਆ ਹੈ।’’ ਕਸ਼ੀਦਕਾਰੀ ਦੇ ਇਸ ਅਮਲ ਵਿਚ ਪਏ ਲੇਖਕ ਨੂੰ ਕਿੰਨਾ ਕੁਝ ਹੰਘਾਲਣਾ ਪਿਆ ਹੈ, ਉਹਦਾ ਅਹਿਸਾਸ ਕਾਂਡਾਂ ਦੇ ਪਿੱਛੇ ਦਿੱਤੀਆਂ ਜਾਣਕਾਰੀ ਦੇ ਸੋਮਿਆਂ ਦੀਆਂ ਲੰਮੀਆਂ ਸੂਚੀਆਂ ਤੋਂ ਹੋ ਜਾਂਦਾ ਹੈ।
ਲੇਖਕ ਸਾਹਮਣੇ ਨਿਸ਼ਾਨਾ ਸਪੱਸ਼ਟ ਸੀ। ਇਸ ਪੁਸਤਕ ਵਿਚ ਸ਼ਾਮਲ ਲਗਭਗ ਹਰ ਲਹਿਰ ਬਾਰੇ ਵੱਖ-ਵੱਖ ਪੁਸਤਕ/ ਪੁਸਤਕਾਂ ਦੀ ਪਰਾਪਤੀ ਤਾਂ ਸੰਭਵ ਹੈ ਪਰ ਇਹਨਾਂ ਸਾਰੀਆਂ ਬਾਰੇ ਜਾਣਕਾਰੀ ਇਕ-ਥਾਂ ਨਹੀਂ ਮਿਲਦੀ। ਅਜਿਹਾ ਤਦ ਹੀ ਸੰਭਵ ਸੀ ਜੇ ਹਰ ਲਹਿਰ ਬਾਰੇ ਮੁੱਖ ਤੇ ਜ਼ਰੂਰੀ ਨੁਕਤੇ, ਕਿਸੇ ਖੱਪੇ ਤੋਂ ਬਿਨਾਂ ਪੁਜਦੇ ਹੋ ਜਾਣ ਪਰ ਇਹਨਾਂ ਨੁਕਤਿਆਂ ਨਾਲ ਜੁੜਿਆ ਹੋਇਆ ਵਿਆਖਿਆਮਈ ਵੇਰਵਾ ਤੇ ਵਿਸਤਾਰ ਛਾਣਨੀ ਵਿਚੋਂ ਹੇਠ ਨਿੱਕਲ ਜਾਵੇ। ਇਥੇ ਲੇਖਕ ਦਾ ਵਿਗਿਆਨੀ ਹੋਣਾ ਸਹਾਈ ਹੋਇਆ ਜਿਸ ਕਿੱਤੇ ਵਿਚ ਪਏ ਹੋਏ ਵਿਅਕਤੀ ਨੂੰ ਅਣੂਆਂ-ਪ੍ਰਮਾਣੂਆਂ ਜਿਹੀਆਂ ਬਰੀਕੀਆਂ ਦੀ ਆਦਤ ਪੈ ਚੁੱਕੀ ਹੁੰਦੀ ਹੈ। ਇਸੇ ਕਰਕੇ ਉਹਦੇ ਲਈ ਵਾਧੂ ਖਿਲਾਰੇ ਦੀ ਤੂੜੀ ਵਿਚੋਂ ਇਸ ਪੁਸਤਕ ਦੇ ਕੰਮ ਆਉਣ ਵਾਲੇ ਦਾਣੇ ਵੱਖ ਕਰਨਾ ਕੋਈ ਮੁਸ਼ਕਿਲ ਕਾਰਜ ਸਿੱਧ ਨਾ ਹੋਇਆ। ਇਸ ਪ੍ਰਸੰਗ ਵਿਚ ਉਹਨੇ ਆਪ ਵੀ ਮੁੱਖਬੰਦ ਵਿਚ ਆਪਣੇ ਵਿਗਿਆਨੀ ਵਾਲੇ ਸੁਭਾਅ ਦਾ ਜ਼ਿਕਰ ਕੀਤਾ ਹੈ।
ਇਹ ਤੱਥ ਵੀ ਧਿਆਨਜੋਗ ਹੈ ਕਿ ਆਜ਼ਾਦੀ ਦੇ ਇਤਿਹਾਸ ਵਿਚ ਜੋ ਬਗ਼ਾਵਤਾਂ ਜਾਂ ਲਹਿਰਾਂ ਹੋਈਆਂ ਹਨ, ਉਹ ਭੂਗੋਲਿਕ ਆਕਾਰ ਦੇ ਪੱਖੋਂ ਵੀ ਫ਼ਰਕ ਵਾਲੀਆਂ ਰਹੀਆਂ ਹਨ ਅਤੇ ਨਤੀਜੇ ਦੇ ਪੱਖੋਂ ਵੀ ਉਹ ਘੱਟ-ਵੱਧ ਅਸਰਦਾਰ ਰਹੀਆਂ ਹਨ। ਜਿਹੜੀਆਂ ਸੀਮਤ ਇਲਾਕੇ ਵਿਚ ਤੇ ਸੀਮਤ ਸਮੇਂ ਵਿਚ ਉੱਭਰੀਆਂ ਤੇ ਫੇਰ ਮੁੱਕ ਵੀ ਗਈਆਂ, ਭਾਵ ਜਿਨ੍ਹਾਂ ਨੂੰ ਇਕ-ਘਟਨਾਵੀ ਕਿਹਾ ਜਾ ਸਕਦਾ ਹੈ, ਉਹ ਤਾਂ ਵੇਰਵੇ ਤੇ ਵਿਸਤਾਰ ਤੋਂ ਬਿਨਾਂ ਜ਼ਰੂਰੀ ਨੁਕਤਿਆਂ ਰਾਹੀਂ ਪਾਠਕ ਤੱਕ ਪੁਜਦੀਆਂ ਕਰ ਦੇਣੀਆਂ ਸੰਭਵ ਸਨ। ਉਹਨਾਂ ਲਈ ਸ਼ਬਦ ‘ਬਗ਼ਾਵਤਾਂ’ ਵਰਤਣਾ ਹੀ ਢੁਕਦਾ ਹੈ। ਅਨੇਕ ਬਗ਼ਾਵਤਾਂ ਅਜਿਹੀਆਂ ਹੋਈਆਂ ਜੋ ਖੇਤਰ ਦੇ ਪੱਖੋਂ ਵੀ ਫੈਲਵੀਆਂ ਸਨ, ਸਮੇਂ ਦੇ ਪੱਖੋਂ ਵੀ ਲੰਮੀਆਂ ਚੱਲੀਆਂ ਅਤੇ ਇਕ-ਘਟਨਾਵੀ ਨਾ ਹੋ ਕੇ ਘਟਨਾਵਾਂ ਦੀ ਲੜੀ ਬਣ ਗਈਆਂ ਜਿਸ ਕਰਕੇ ਉਹਨਾਂ ਨੂੰ ਲਹਿਰਾਂ ਕਹਿਣਾ ਬਣਦਾ ਹੈ। ਅਜਿਹੀਆਂ ਲਹਿਰਾਂ ਨੂੰ ਉਪਰੋਕਤ ‘‘ਵੇਰਵੇ ਤੇ ਵਿਸਤਾਰ ਤੋਂ ਬਿਨਾਂ ਜ਼ਰੂਰੀ ਨੁਕਤਿਆਂ’’ ਵਾਲੇ ਤਰੀਕੇ ਨਾਲ ਪਾਠਕ ਤੱਕ ਪੁਜਦੀਆਂ ਕਰਨਾ ਸੰਭਵ ਨਹੀਂ ਸੀ। ਉਹਨਾਂ ਦੇ ਵਿਸਤਾਰ ਵਿਚ ਜਾਣਾ ਹੀ ਪੈਣਾ ਸੀ। ਲੇਖਕ ਨੇ ਉਹਨਾਂ ਬਾਰੇ ਲੋੜੀਂਦੀ ਜਾਣਕਾਰੀ ਦੇਣ ਲਈ ਬਹੁਪੱਖੀ ਖੋਜ ਪੇਸ਼ ਕੀਤੀ ਹੈ।
1857 ਦੇ ਗ਼ਦਰ ਨੇ ਦੇਸ ਭਰ ਵਿਚ ਵਿਆਪਕ ਜਨਤਕ ਰੂਪ ਧਾਰਿਆ। ਉਹਦੀ ਅਸਫਲਤਾ ਨੇ ਅਤੇ ਸਿੱਟੇ ਵਜੋਂ ਆਮ ਜਨਤਾ ਉੱਤੇ ਦਹਿਸ਼ਤ ਪਾਉਣ ਲਈ ਅੰਗਰੇਜ਼ ਵੱਲੋਂ ਕੀਤੇ ਗਏ ਵਹਿਸ਼ੀ ਅੱਤਿਆਚਾਰਾਂ ਨੇ ਦੇਸ ਨੂੰ ਢਹਿੰਦੀ ਕਲਾ ਦੀ ਡੂੰਘੀ ਖਾਈ ਵਿਚ ਧੱਕ ਦਿੱਤਾ। ਇਸ ਪਿੱਛੋਂ ਸਮੇਂ ਨੇ ਤੇ ਇਤਿਹਾਸ ਨੇ ਦੇਸ ਨੂੰ ਇਸ ਨਿਰਾਸ਼ਾ ਵਿਚੋਂ ਕੱਢਣ ਅਤੇ ਕਦੀ ਕਿਸੇ ਲਹਿਰ ਤੇ ਕਦੀ ਕਿਸੇ ਹੋਰ ਲਹਿਰ ਦੇ ਰੂਪ ਵਿਚ ਅੰਗਰੇਜ਼ ਦੇ ਨਾਸੀਂ ਧੂੰਆਂ ਦੇਈ ਰੱਖਣ ਦਾ ਕਾਰਜ ਪੰਜਾਬ ਨੂੰ ਸੌਂਪ ਦਿੱਤਾ! ਨਾਮਧਾਰੀ ਲਹਿਰ ਲਾਸਾਨੀ ਬਹਾਦਰੀ ਤੇ ਵੱਡੀਆਂ ਕੁਰਬਾਨੀਆਂ ਸਦਕਾ ਅੰਗਰੇਜ਼ ਲਈ ਭਾਰੀ ਵੰਗਾਰ ਤੇ ਮੁਸੀਬਤ ਸਿੱਧ ਹੋਈ। ਅਮਰੀਕਾ ਤੇ ਕੈਨੇਡਾ ਦੀ ਦੁਰੇਡੀ ਓਪਰੀ ਧਰਤੀ ਉੱਤੇ ਜਨਮ ਲੈ ਕੇ ਦੇਸ ਤੱਕ ਪਹੁੰਚੀ, ਫ਼ਾਂਸੀਆਂ, ਕਾਲੇ ਪਾਣੀਆਂ, ਲੰਮੀਆਂ ਕੈਦਾਂ, ਅੱਤਿਆਚਾਰਾਂ, ਕੁਰਕੀਆਂ, ਆਦਿ ਦੀ ਬੇਮਿਸਾਲ ਗਾਥਾ ਬਣਨ ਵਾਲੀ ਅਤੇ ਅਗਲੇਰੀਆਂ ਆਜ਼ਾਦੀ ਲਹਿਰਾਂ ਉੱਤੇ ਵੱਡਾ ਪ੍ਰਭਾਵ ਪਾਉਣ ਵਾਲੀ ਗ਼ਦਰ ਲਹਿਰ ਇਤਿਹਾਸ ਦਾ ਅਭੁੱਲ ਕਾਂਡ ਹੈ। ਸੂਰਬੀਰਤਾ ਤੇ ਸਿਰੜ ਦਾ ਇਕ ਹੋਰ ਕਾਰਨਾਮਾ ਗ਼ਦਰ ਲਹਿਰ ਨਾਲ ਹੀ ਜੁੜੀ ਹੋਈ ਕਾਮਾਗਾਟਾ ਮਾਰੂ ਦੀ ਘਟਨਾ ਹੈ। ਜੱਲ੍ਹਿਆਂਵਾਲੇ ਬਾਗ਼ ਦਾ ਸਾਕਾ, ਭਗਤ ਸਿੰਘ ਤੇ ਉਹਦੇ ਸਾਥੀ, ਗੁਰਦੁਆਰਾ ਸੁਧਾਰ ਲਹਿਰ ਤੇ ਅਕਾਲੀ ਲਹਿਰ, ਬਬਰ ਅਕਾਲੀ ਲਹਿਰ, ਕਿਰਤੀ ਕਿਸਾਨ ਪਾਰਟੀ, ਪੰਜਾਬੀਆਂ ਦੀ ਵੱਡੀ ਗਿਣਤੀ ਵਾਲੀ ਆਜ਼ਾਦ ਹਿੰਦ ਫ਼ੌਜ, ਆਦਿ ਅਜਿਹੀਆ ਸੰਗਰਾਮੀ ਲਹਿਰਾਂ ਸਨ ਜਿਨ੍ਹਾਂ ਨੇ ਪੰਜਾਬ-ਕੇਂਦਰਿਤ ਹੁੰਦਿਆਂ ਵੀ ਹਿੰਦੋਸਤਾਨ ਦੇ ਗੋਰੇ ਤਖ਼ਤ ਦੇ ਪਾਵੇ ਭੁਰਨ ਤੇ ਡੋਲਣ ਲਾ ਦਿੱਤੇ। ਇਹਨਾਂ ਦੇ ‘ਸੰਖੇਪ’ ਵਰਨਣ ਨੇ ਵੀ ਵਿਸਤਾਰ ਬਣ ਹੀ ਜਾਣਾ ਸੀ ਤੇ ਲੇਖਕ ਨੇ ਇਹਨਾਂ ਦੀ ਹੱਕੀ ਬਣਦੀ ਥਾਂ ਦਿੱਤੀ ਹੈ।
ਲੇਖਕ ਦਾ ‘ਮੁਖਬੰਦ’ ਵਿਚ ਇਹ ਉਮੀਦ ਕਰਨਾ ਵਾਜਬ ਹੈ ਕਿ ‘‘ਹੱਥਲੀ ਪੁਸਤਕ ਇਤਿਹਾਸਕਾਰਾਂ, ਸਮਾਜ-ਵਿਗਿਆਨੀਆਂ, ਖੋਜੀਆਂ ਤੇ ਖੋਜਾਰਥੀਆਂ ਲਈ ਲਾਭਦਾਇਕ ਸਿੱਧ ਹੋਵੇਗੀ।’’ ਪੁਸਤਕ ਇਹ ਕਾਰਜ ਦੋ ਪੜਾਵਾਂ ਵਿਚ ਨਿਭਾਉਂਦੀ ਹੈ। ਇਕ ਤਾਂ ਆਪਣੇ ਵਿਚ ਸ਼ਾਮਲ ਸਮੱਗਰੀ ਪੇਸ਼ ਕਰ ਕੇ ਅਤੇ, ਦੂਜੇ, ਵਿਸਤ੍ਰਿਤ ਜਾਣਕਾਰੀ ਵਾਸਤੇ ਹੋਰ ਸੋਮਿਆਂ ਦੀ ਦੱਸ ਪਾ ਕੇ। ਇਸ ਪੁਸਤਕ ਦੀ ਪਾਠਕੀ ਕਦਰ-ਕੀਮਤ ਤੋਂ ਇਲਾਵਾ ਖੋਜਕਾਰੀ ਮੁੱਲਵਾਨਤਾ ਇਹਨਾਂ ਵਿਸ਼ਿਆਂ ਨੂੰ ਲੈ ਕੇ ਲਿਖੀਆਂ ਗਈਆਂ ਹੋਰ ਪੁਸਤਕਾਂ ਨਾਲੋਂ ਇਸ ਨੂੰ ਕੁਝ ਵਧੀਕ ਮਹੱਤਵਪੂਰਨ ਬਣਾ ਦਿੰਦੀ ਹੈ। ਇਸ ਵਿਚ ਬਹੁਤ ਕੁਝ ਦਸਤਾਵੇਜ਼ਾਂ ਦੇ ਰੂਪ ਵਾਲਾ ਹੈ। ਇਕ ਮਿਸਾਲ ਵਜੋਂ ਅਨੇਕ ਬਗ਼ਾਵਤਾਂ ਤੇ ਲਹਿਰਾਂ ਵਿਚ ਸ਼ਹੀਦ ਹੋਣ ਅਤੇ ਕੈਦਾਂ ਭੁਗਤਣ ਵਾਲਿਆਂ ਦੀਆਂ ਨਾਂ-ਪਤੇ ਵਾਲੀਆਂ ਸੂਚੀਆਂ ਦਿੱਤੀਆਂ ਗਈਆਂ ਹਨ। ਪੈਂਤੀਵੇਂ ਕਾਂਡ ‘ਗ਼ਦਰੀ ਬਾਬਿਆਂ ਦਾ ਸੰਖੇਪ ਜੀਵਨ ਬਿਉਰਾ’, ਜੋ 261 ਪੰਨਿਆਂ ਉੱਤੇ ਫੈਲਿਆ ਹੋਇਆ ਹੈ, ਵਿਚ ਤਾਂ 628 ਬਾਬਿਆਂ ਦੀਆਂ ਸੰਖੇਪ ਜੀਵਨੀਆਂ ਦਿੱਤੀਆਂ ਹੋਈਆਂ ਹਨ ਅਤੇ 26 ਹੋਰਾਂ ਦੇ ਨਾਂ-ਪਤੇ ਦਿੱਤੇ ਹੋਏ ਹਨ।
ਵਿਗਿਆਨੀਆਂ ਨੂੰ ਸਿਰ ਸੁੱਟ ਕੇ, ਇਕ-ਚਿੱਤ ਹੋ ਕੇ ਕੰਮ ਕਰਨ ਦੀ ਆਦਤ ਹੁੰਦੀ ਹੈ। ਸਾਡਾ ਵਿਗਿਆਨ ਦਾ ਪ੍ਰੋਫ਼ੈਸਰ ਵਿਗਿਆਨੀਆਂ ਦੀਆਂ ਅਜਿਹੀਆਂ ਗੱਲਾਂ ਸੁਣਾਉਂਦਾ ਹੁੰਦਾ ਸੀ, ਜਦੋਂ ਉਹ ਪਰਯੋਗਸ਼ਾਲਾ ਵਿਚ ਦਿੱਤੀ ਹੋਈ ਰੋਟੀ ਖਾਣੀ ਵੀ ਵਿੱਸਰ ਜਾਂਦੇ। ਦੁਪਹਿਰ ਪਿੱਛੋਂ ਚਾਹ-ਕੌਫ਼ੀ ਦੇਣ ਵਾਲੇ ਨੇ ਜਦੋਂ ਥਾਲੀ ਵੱਲ ਧਿਆਨ ਦੁਆਉਣਾ, ਉਹ ਹੈਰਾਨ ਹੋ ਕੇ ਆਖਦੇ, ‘‘ਅੱਛਾ, ਮੈਂ ਰੋਟੀ ਖਾਧੀ ਹੀ ਨਹੀਂ!’’ ਅਜਿਹੀ ਸੰਘਣੀ ਪੁਸਤਕ ਲਿਖਣ ਦਾ ਸਿਰ ਸੁੱਟ ਕੇ ਕਰਨ ਵਾਲਾ ਕੰਮ ਗੁਰੂਮੇਲ ਸ. ਸਿੱਧੂ ਹੀ ਕਰ ਸਕਦਾ ਸੀ ਜੋ ਲੇਖਕ ਦੇ ਨਾਲ ਵਿਗਿਆਨੀ ਵੀ ਹੈ। ਪੁਸਤਕ ਹੱਕ-ਸੱਚ ਲਈ ਜੂਝਦੇ ਮਨੁੱਖੀ ਇਤਿਹਾਸ ਦੀ ਜਾਣਕਾਰੀ ਵਿਚ ਦਿਲਚਸਪੀ ਰਖਦੇ ਹਰ ਪਾਠਕ ਦੇ ਪੜ੍ਹਨ ਵਾਲੀ ਹੈ।
ਅੰਤ ਵਿਚ ਦੋ ਕੁ ਅਜਿਹੀਆਂ ਗੱਲਾਂ ਦਾ ਜ਼ਿਕਰ ਜ਼ਰੂਰੀ ਹੈ ਜੋ ਅਗਲਾ ਐਡੀਸ਼ਨ ਛਪਣ ਵੇਲੇ ਕੰਮ ਆਉਣਗੀਆਂ। ਹਰ ਭਾਸ਼ਾ ਦਾ ਆਪਣਾ ਇਕ ਵਿਧੀ-ਵਿਧਾਨ ਹੁੰਦਾ ਹੈ। ਅੰਗਰੇਜ਼ੀ ਵਾਲੇ ਪਹਿਲਾਂ ਮਹੀਨਾ ਤੇ ਫੇਰ ਤਾਰੀਖ਼ ਲਿਖਦੇ ਹਨ ਪਰ ਪੰਜਾਬੀ ਵਿਚ ਪਹਿਲਾਂ ਤਾਰੀਖ਼ ਤੇ ਫੇਰ ਮਹੀਨਾ ਬੋਲਿਆ-ਲਿਖਿਆ ਜਾਂਦਾ ਹੈ। ਸਾਰੀ ਪੁਸਤਕ ਵਿਚ ਅੰਗਰੇਜ਼ੀ ਰੀਤ ਅਜੀਬ ਲਗਦੀ ਹੈ ਤੇ ਸਹਿਜ ਪੜ੍ਹਤ ਵਿਚ ਵਿਘਨ ਬਣਦੀ ਹੈ। ਪਹਿਲੇ ਵਾਕ ਵਿਚ ਹੀ ‘ਦਸੰਬਰ 31, 1600’ ਲਿਖਿਆ ਹੋਇਆ ਹੈ ਜਿਸ ਨੂੰ ‘31 ਦਸੰਬਰ 1600’ ਲਿਖਣਾ ਠੀਕ ਸੀ। ਇਸੇ ਤਰ੍ਹਾਂ ਪੰਜਾਬੀ ਵਿਚ ਆਮ ਬੋਲੇ-ਲਿਖੇ ਜਾਂਦੇ ਨਾਂਵਾਂ-ਥਾਂਵਾਂ ਨਾਲ ਉਹਨਾਂ ਨੂੰ ਬਰੈਕਟਾਂ ਵਿਚ ਰੋਮਨ ਅੱਖਰਾਂ ਵਿਚ ਲਿਖਣਾ ਬੇਲੋੜਾ ਹੈ। ਇਸੇ ਪਹਿਲੇ ਹੀ ਵਾਕ ਵਿਚ ਇਲਿਜ਼ਾਬੈਥ ਤੇ ਈਸਟ ਇੰਡੀਆ ਕੰਪਨੀ ਨੂੰ ਗੁਰਮੁਖੀ ਦੇ ਨਾਲ ਬਰੈਕਟਾਂ ਵਿਚ ਰੋਮਨ ਵਿਚ ਲਿਖੇ ਜਾਣਾ ਇਹਦੀਆਂ ਮਿਸਾਲਾਂ ਹਨ। ਪਹਿਲੇ ਕਾਂਡ ਦਾ ਸਿਰਲੇਖ ਸੂਚੀ ਵਿਚ ‘ਪੂਰਵ-1857 ਬਗ਼ਾਵਤਾਂ’ ਤੇ ਪੁਸਤਕ ਵਿਚ ‘ਪੂਰਵ-1856 ਬਗ਼ਾਵਤਾਂ’ ਹੋਣ ਨਾਲ ਸ਼ੁਰੂ ਹੋਈਆਂ ਪਰੂਫ਼ਾਂ ਦੀਆਂ ਕੁਝ ਵਧੇਰੇ ਹੀ ਗ਼ਲਤੀਆਂ ਵੀ ਬਹੁਤ ਚੁਭਦੀਆਂ ਹਨ। ਅਜਿਹੀ ਵਡਮੁੱਲੀ, ਸਗੋਂ ਮੈਂ ਤਾਂ ਕਹਾਂਗਾ ਕਿ ਪਵਿੱਤਰ ਪੁਸਤਕ ਅਜਿਹੀਆਂ ਗ਼ਲਤੀਆਂ ਤੋਂ ਬਿਲਕੁਲ ਪਾਕ ਹੋਣੀ ਚਾਹੀਦੀ ਸੀ।
(884 ਪੰਨਿਆਂ ਦੀ ਤੇ 1,195 ਰੁਪਏ ਮੁੱਲ ਵਾਲੀ ਪੁਸਤਕ ‘ਹਿੰਦੋਸਤਾਨ ਦਾ ਆਜ਼ਾਦੀ ਸੰਗਰਾਮ: ਗ਼ਦਰੀ ਲਹਿਰਾਂ ਦੀ ਹਿੱਸੇਦਾਰੀ’ ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ ਨੇ ਪ੍ਰਕਾਸ਼ਿਤ ਕੀਤੀ ਹੈ।)