ਨਿੰਦਰ ਘੁਗਿਆਣਵੀ
ਲਗਪਗ 24 ਸਾਲ ਬਾਅਦ। 30 ਨਵੰਬਰ 2021 ਦਾ ਦਿਨ। ਮੈਂ ਉਸੇ ਦਫ਼ਤਰ ਭਾਸ਼ਾ ਭਵਨ ਵਿਖੇ ਹੋ ਰਹੇ ਸਮਾਗਮ ਵਿਚ ਸ਼੍ਰੋਮਣੀ ਲੇਖਕ ਵਜੋਂ ਵਿਸ਼ੇਸ਼ ਮਹਿਮਾਨ ਸਾਂ। ਸਮਾਗਮ ਮੁੱਕਿਆ। ਮੈਂ ਤੇ ਧਰਮ ਕੰਮੇਆਣਾ ਬਾਹਰ ਆਉਣ ਲੱਗੇ ਤਾਂ ਗੀਤਾ ਪੰਡਾਲ ਵਾਲੇ ਗੇਟ ਉੱਤੇ ਮਿਲਣ ਆਈ ਖੜ੍ਹੀ ਸੀ। ਉਸ ਦੇ ਬੜੇ ਸੋਹਣੇ ਕੱਪੜੇ ਪਹਿਨੇ ਹੋਏ ਸਨ। ਮੈਂ ਉਸ ਦੇ ਪੈਰੀਂ ਹੱਥ ਲਾਏ। ਉਸ ਨੇ ਆਖਿਆ ਕਿ ਮੈਂ ਤੇਰੇ ਨਾਲ ਫੋਟੋ ਖਿਚਵਾਉਣੀ ਹੈ। ਮੈਨੂੰ ਛੇਤੀ ਛੇਤੀ ਬਟੂਏ ’ਚੋਂ ਜੋ ਕੁਛ ਲੱਭਿਆ, ਉਹਨੂੰ ਭੇਟਾ ਕੀਤਾ। ਮੇਰੇ ਵੱਲ ਮੂੰਹ ਕਰ ਕੇ ਬੋਲੀ, ‘‘ਬੀਰੇ, ਸੱਚੀਂ ਰੱਬ ਨੇ ਤੈਨੂੰ ਤਰੱਕੀ ਦਿੱਤੀ, ਅੱਜ ਤਾਂ ਤੂੰ ਵੱਡਾ ਅਪਸਰ ਬਣ ਗਿਆ। ਮੈਂ ਤੈਨੂੰ ਕਿਹਾ ਸੀ ਨਾ ਬੀਰੇ…!’’
ਮੈਂ ਪਟਿਆਲੇ ਸ਼ੇਰਾਂ ਵਾਲੇ ਗੇਟ ਨੇੜੇ ਭਾਸ਼ਾ ਸਦਨ (ਮਿੰਨੀ ਸਕੱਤਰੇਤ) ਵਿਚ ਲਗਭਗ ਚਾਰ ਸਾਲ ਦਰਜਾ ਚਾਰ ਮੁਲਾਜ਼ਮ (ਕੱਚਾ) ਰਿਹਾ ਸਾਂ 1990ਵਿਆਂ ਦੇ ਅਖੀਰ ’ਚ। ਮੈਂ ਦਫ਼ਤਰ ਵਿਚ ਹੀ ਸੌਂਦਾ ਸੀ। ਸਵੇਰੇ ਸੰਦੇਹਾਂ ਹੀ ਉੱਠ ਕੇ ਬਾਹਰੋਂ ਫੌਜੀ ਦੀ ਰੇਹੜੀ ਤੋਂ ਚਾਹ ਪੀਂਦਾ ਤੇ ਫਿਰ ਮੋਟੀ ਕਾਲੀ ਪਾਈਪ ਲਗਾ ਕੇ ਛੇ ਮੰਜ਼ਿਲਾਂ ਤੀਕ ਲੱਗੇ ਕੂਲਰਾਂ ਵਿਚ ਪਾਣੀ ਭਰਨ ਵਿਚ ਜੁਟ ਜਾਂਦਾ। ਆਪਣੇ ਵਕਤ ਉੱਤੇ ਸਫ਼ਾਈ ਸੇਵਿਕਾ ਗੀਤਾ ਵੀ ਆ ਜਾਂਦੀ। ਮੈਂ ਉਸ ਨੂੰ ‘ਨਮਸਕਾਰ’ ਬੋਲਦਾ। ਉਹ ਲੰਬੇ ਸਾਲਾਂ ਤੋਂ ਉੱਥੇ ਕੱਚੇ ਤੌਰ ਉੱਤੇ ਹੀ ਕੰਮ ਕਰਦੀ ਆ ਰਹੀ ਸੀ। ਜਦ ਕਿਸੇ ਕੂਲਰ ਵਿਚ ਪਾਣੀ ਪਾਉਣ ਸਮੇਂ ਦੂਰੋਂ ਪਾਈਪ ਨਿਕਲਦੀ, ਕਮਰੇ ਜਾਂ ਬਾਹਰ ਦਾ ਫਰਸ਼ ਪਾਣੀ ਨਾਲ ਭਰ ਜਾਂਦਾ ਤਾਂ ਮੈਨੂੰ ਗੀਤਾ ਝਿੜਕਣ ਲੱਗਦੀ, ‘‘ਅਰੇ ਤੰਨੈ ਅਕਲ ਨੀ, ਅਕਲ ਕੇ ਆਂਧੇ ਲੜਕੇ?’’ ਉਸ ਨੂੰ ਦੁਬਾਰਾ ਪੋਚਾ ਲਾਉਣਾ ਪੈਂਦਾ। ਥਾਂ ਥਾਂ ਤੋਂ ਗਲੀ ਪਈ ਸਰਕਾਰੀ ਪਾਈਪ ਟੁੱਟਦੀ ਹੀ ਰਹਿੰਦੀ ਸੀ। ਜਿਸ ਦਿਨ ਸਵੇਰੇ ਮੈਂ ਬਹੁਤਾ ਉਦਾਸ ਜਾਂ ਪ੍ਰੇਸ਼ਾਨ ਹੁੰਦਾ, ਉਸ ਦਿਨ ਗੀਤਾ ਨੂੰ ‘ਨਮਸਕਾਰ’ ਨਾ ਬੋਲਦਾ। ਉਸ ਨੂੰ ਪਤਾ ਲੱਗ ਜਾਂਦਾ ਕਿ ਅੱਜ ਮਾਹੌਲ ‘ਠੀਕ’ ਨਹੀਂ ਹੈ। ਅਸੀਂ ਨੇੜੇ ਨੇੜੇ ਫਿਰਦੇ ਆਪੋ ਆਪਣੇ ਕੰਮ ਕਰਦੇ ਰਹਿੰਦੇ, ਪਰ ਗੱਲਬਾਤ ਨਾ ਕਰਦੇ।
ਦੁਪਹਿਰ ਵੇਲੇ ਗਰਮੀ ਤੋਂ ਬਚਣ ਲਈ ਸਾਹਿਤ ਸਦਨ ਵਿਚ ਬੈਠੀ ਗੀਤਾ ਕੋਲ ਮੈਂ ਦੋ ਘੜੀਆਂ ਰੰਬੀ ਰੱਖ ਕੇ ਬਹਿ ਜਾਂਦਾ। ਕੂਲਰ ਭਰ ਹਟਣ ਮਗਰੋਂ ਰੰਬੀ ਨਾਲ ਮੈਂ ਬੂਟਿਆਂ-ਫੁੱਲਾਂ ਦੀ ਗੋਡ-ਗੋਡਾਈ ਕਰਦਾ ਰਹਿੰਦਾ। ਕਈ ਵਾਰ ਬੈਠੀ ਗੀਤਾ ਮੈਨੂੰ ਮੇਰੇ ਘਰ-ਬਾਰ ਦੀਆਂ ਗੱਲਾਂ ਪੁੱਛਦੀ ਰਹਿੰਦੀ। ਇਕ ਦਿਨ ਬੈਠੀ ਬੈਠੀ ਉਹ ਮੈਨੂੰ ਆਖਣ ਲੱਗੀ, ‘‘ਵੇ ਬੀਰਾ, ਤੂੰ ਚੰਗਾ ਬਹੁਤ ਐਂ, ਰੱਬ ਤੇਰੀ ਤਰੱਕੀ ਕਰੂਗਾ, ਰੱਬ ਤੈਨੂੰ ਸੁਖ ਦੇਵੇ ਵੇ ਬੀਰਾ।’’ ਗੀਤਾ ਦੀਆਂ ਦਿੱਤੀਆਂ ਅਸੀਸਾਂ ਸੁਣ ਮੇਰੀਆਂ ਅੱਖਾਂ ਭਰ ਆਉਣੀਆਂ।
* * *
ਜਿਸ ਦਿਨ ਮੈਂ ਮਹਿਕਮਾ ਛੱਡ ਕੇ ਪਿੰਡ ਨੂੰ ਆਉਣਾ ਸੀ, ਗੀਤਾ ਉਸ ਦਿਨ ਛੁੱਟੀ ਉੱਤੇ ਸੀ। ਉਸ ਨੂੰ ਮੇਰੇ ਨੌਕਰੀ ਛੱਡਣ ਦਾ ਵੀ ਨਹੀਂ ਸੀ ਪਤਾ। ਦੂਸਰੇ ਦਿਨ ਖਾਲਸਾ ਸੁਰਜੀਤ ਸਿੰਘ ਚੌਕੀਦਾਰ ਨੇ ਉਹਨੂੰ ਦੱਸਿਆ ਕਿ ਤੇਰਾ ਬੀਰਾ ਤਾਂ ਚਲਾ ਗਿਆ ਹੈ ਪਿੰਡ, ਹੁਣ ਨਹੀਂ ਆਉਂਦਾ। ਗੀਤਾ ਨੇ ਸੁਰਜੀਤ ਸਿੰਘ ਤੋਂ ਮੇਰੇ ਘਰ ਦਾ ਫੋਨ ਨੰਬਰ ਲਿਆ। ਸਾਰੇ ਕੰਮ ਛੱਡ ਕੇ ਐੱਸਟੀਡੀ ਪੀਸੀਓ ਵੱਲ ਨੂੰ ਭੱਜੀ ਤੇ ਮੇਰੇ ਘਰ ਫੋਨ ਲਾਇਆ। ਆਖਣ ਲੱਗੀ, ‘‘ਵੇ ਬੀਰੇ, ਤੂੰ ਬਿਨਾਂ ਦੱਸੇ ਚਲਾ ਗਿਆ। ਰੱਬ ਤੇਰੀ ਬਹੁਤ ਤਰੱਕੀ ਕਰੂ, ਸੁਖੀ ਰੱਖੇ ਤੈਨੂੰ ਰੱਬ, ਪਰ ਆਪਣੀ ਭੈਣ ਨੂੰ ਜਰੂਰ ਯਾਦ ਰੱਖੀਂ, ਭੁੱਲ ਨਾ ਜਾਵੀਂ।’’ ਉਹ ਫੋਨ ਵਿਚ ਰੋ ਰਹੀ ਸੀ।
* * *
ਲਗਪਗ 24 ਸਾਲ ਬਾਅਦ। 30 ਨਵੰਬਰ 2021 ਦਾ ਦਿਨ। ਮੈਂ ਉਸੇ ਦਫ਼ਤਰ ਭਾਸ਼ਾ ਭਵਨ ਵਿਖੇ ਹੋ ਰਹੇ ਸਮਾਗਮ ਵਿਚ ਸ਼੍ਰੋਮਣੀ ਲੇਖਕ ਵਜੋਂ ਵਿਸ਼ੇਸ਼ ਮਹਿਮਾਨ ਸਾਂ। ਸਮਾਗਮ ਮੁੱਕਿਆ। ਮੈਂ ਤੇ ਧਰਮ ਕੰਮੇਆਣਾ ਬਾਹਰ ਆਉਣ ਲੱਗੇ ਤਾਂ ਗੀਤਾ ਪੰਡਾਲ ਵਾਲੇ ਗੇਟ ਉੱਤੇ ਮਿਲਣ ਆਈ ਖੜ੍ਹੀ ਸੀ। ਉਸ ਦੇ ਬੜੇ ਸੋਹਣੇ ਕੱਪੜੇ ਪਹਿਨੇ ਹੋਏ ਸਨ। ਮੈਂ ਉਸ ਦੇ ਪੈਰੀਂ ਹੱਥ ਲਾਏ। ਉਸ ਨੇ ਆਖਿਆ ਕਿ ਮੈਂ ਤੇਰੇ ਨਾਲ ਫੋਟੋ ਖਿਚਵਾਉਣੀ ਹੈ। ਮੈਨੂੰ ਛੇਤੀ ਛੇਤੀ ਬਟੂਏ ’ਚੋਂ ਜੋ ਕੁਛ ਲੱਭਿਆ, ਉਹਨੂੰ ਭੇਟਾ ਕੀਤਾ। ਮੇਰੇ ਵੱਲ ਮੂੰਹ ਕਰ ਕੇ ਬੋਲੀ, ‘‘ਬੀਰੇ, ਸੱਚੀਂ ਰੱਬ ਨੇ ਤੈਨੂੰ ਤਰੱਕੀ ਦਿੱਤੀ, ਅੱਜ ਤਾਂ ਤੂੰ ਵੱਡਾ ਅਪਸਰ ਬਣ ਗਿਆ। ਮੈਂ ਤੈਨੂੰ ਕਿਹਾ ਸੀ ਨਾ ਬੀਰੇ…!’’
ਉਹਨੇ ਸੋਹਣੇ ਸ਼ਾਲ ਨਾਲ ਅੱਖਾਂ ਪੂੰਝੀਆਂ। ਜਦ ਕਾਰ ਚੰਡੀਗੜ੍ਹ ਦੇ ਰਾਹ ਪਈ ਤਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਪ੍ਰਵੀਨ ਕੁਮਾਰ ਦਾ ਫੋਨ ਆਇਆ। ਕਹਿਣ ਲੱਗੇ, ‘‘ਗੀਤਾ ਨਾਲ ਮੈਂ ਤੇਰੀ ਫੋਟੋ ਖਿੱਚ ਦਿੱਤੀ ਸੀ, ਵੱਟਸਐਪ ਕਰ ਦਿੱਤੀ ਹੈ। ਤੇ ਹਾਂ, ਮੈਂ ਦੱਸਣਾ ਭੁੱਲ ਗਿਆ ਕਿ ਗੀਤਾ ਅੱਜ ਰਿਟਾਇਰ ਵੀ ਹੋ ਗਈ ਹੈ।’’ ਮੈਂ ਹੈਰਾਨ ਹੋ ਕੇ ਪੁੱਛਿਆ, ‘‘ਹੈਂ? ਸੱਚੀਓਂ ਅੱਜ ਫੰਕਸ਼ਨ ਵਾਲੇ ਦਿਨ ਹੀ ਗੀਤਾ ਦੀ ਰਿਟਾਇਰਮੈਂਟ ਸੀ? ਉਸ ਨੇ ਵੀ ਦੱਸਿਆ ਨਹੀਂ ਯਾਰ।’’ ਪ੍ਰਵੀਨ ਕੁਮਾਰ ਬੋਲੇ, ‘‘ਹਾਂ ਜੀ, ਅੱਜ ਹੀ ਸੀ ਉਸਦੀ ਸੇਵਾਮੁਕਤੀ। ਇਸੇ ਲਈ ਤਾਂ ਵਿਚਾਰੀ ਨੇ ਸੋਹਣਾ ਸ਼ਾਲ ਲੈ ਰੱਖਿਆ ਸੀ ਸਿਰ ਉਤੇ।’’ ਮੇਰੇ ਮੂੰਹੋਂ ਨਿਕਲਿਆ, ‘‘ਹੇ ਗੀਤਾ ਭੈਣ, ਰੱਬ ਤੈਨੂੰ ਹਮੇਸ਼ਾ ਸੁਖ ਦੇਵੇ ਤੇ ਤੇਰੇ ਸਿਰ ਉਤੇ ਸਦਾ ਸੋਹਣਾ ਸ਼ਾਲ ਸੋਂਹਦਾ ਰਹਵੇ।’’
ਸੰਪਰਕ: 94174-21700