ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ॥ ਗੁਰੂ ਗ੍ਰੰਥ, ਪੰਨਾ ੨੭੩
ਗੁਰਮੁਖਿ ਹੋਇ ਬਹੁਰਿ ਨਹੀ ਮਰਨਾ॥ ਗੁਰੂ ਗ੍ਰੰਥ, ਪੰਨਾ ੮੭੨
ਮੋਹਨ ਸਿੰਘ (1905-1978)
ਮੌਤ ਨੂੰ
ਜਿਸ ਨੇ ਹੱਥਾਂ ਮੇਰਿਆਂ ‘ਤੇ ਰੰਗ ਜਮਾਣਾ,
ਉਹ ਮਹਿੰਦੀ ਦਾ ਬੂਟੜਾ ਹੈ ਅਜੇ ਅੰਞਾਣਾ,
ਜਿਸ ਦੇ ਚਿੱਟੇ ਦੰਦ ਦਾ ਮੈਂ ਚੂੜਾ ਪਾਣਾ,
ਉਹ ਹਥਣੀ ਵਿਚ ਬੇਲਿਆਂ ਵੱਤੇ ਅਲਬੇਲੀ,
ਸਾਹ ਲੈ ਮੌਤੇ ਕਾਹਲੀਏ ਮੈਂ ਅਜੇ ਨਾ ਵਿਹਲੀ।
ਅਜੇ ਨਾ ਆਪਣੇ ਵੀਰ ਦੀ ਮੈਂ ਘੋੜੀ ਗਾਈ,
ਜੌਂ-ਚਰਵਾਈ ਲਈ ਨਾ, ਨਾ ਵਾਗ ਫੜਾਈ,
ਅਜੇ ਨਾ ਭਾਬੀ ਆਪਣੀ ਨੂੰ ਝਾਤ ਬੁਲਾਈ,
ਨਾ ਮੈਂ ਪੀਂਘਾਂ ਝੂਟੀਆਂ ਨਾ ਸਾਵੇਂ ਖੇਲ੍ਹੀ,
ਸਾਹ ਲੈ ਮੌਤੇ ਕਾਹਲੀਏ ਮੈਂ ਅਜੇ ਨਾ ਵਿਹਲੀ।
ਹੰਝੂ ਮੇਰੇ ਰਾਖਵੇਂ, ਅਣਵੰਡੀਆਂ ਆਹੀਂ,
ਸਹਿਕਣ ਮੇਰੇ ਦੀਵਿਆਂ ਤਾਈਂ ਖ਼ਨਗਾਹੀਂ,
ਅੱਖਾਂ ਅਜੇ ਨਾ ਮੇਰੀਆਂ ਲੱਗੀਆਂ ਨੇ ਰਾਹੀਂ,
ਨਾ ਮੈਂ ਆਪਣੇ ਹਾਣ ਦਾ ਕੋਈ ਚੁਣਿਆ ਬੇਲੀ,
ਸਾਹ ਲੈ ਮੌਤੇ ਕਾਹਲੀਏ ਮੈਂ ਅਜੇ ਨਾ ਵਿਹਲੀ।
t t t t t t t t t t t t t t t
ਗੁਰਦਾਸ ਰਾਮ ਆਲਮ (1912-1989)
ਮੌਤ ਨੂੰ
ਆ ਆ ਨੀ ਮੌਤੇ ਰਾਣੀਏਂ, ਸਾਰੇ ਜਗਤ ਨੂੰ ਖਾਣੀਏਂ।
ਖਾ ਖਾਂ ਕੇ ਹਸਨ ਹੁਸੈਨ ਨੂੰ, ਅਰਜਨ ਤੇ ਭੀਮਸੈਨ ਨੂੰ।
ਮੈਨੂੰ ਵੀ ਪਹਿਲੀ ਵਾਰ ਅੱਜ, ਦਿੱਤਾ ਏ ਤੂੰ ਦੀਦਾਰ ਅੱਜ।
ਕੁਝ ਲੈਣ ਮੈਥੋਂ ਆਈ ਏਂ, ਤੇ ਗ਼ਰੀਬ ਤੱਕ ਸ਼ਰਮਾਈ ਏਂ।
ਮੈਂ ਸ਼ੂਮ ਨਹੀਂ, ਤੂੰ ਸੰਗ ਨਾ, ਜੋ ਮੰਗਣਾ ਏ, ਮੰਗ ਨਾ।
ਮੇਰਾ ਰਾਮ ਵਾਂਗ ਫੁਲਾਰ ਨਹੀਂ, ਰਾਵਣ ਜਿੱਡਾ ਪਰਿਵਾਰ ਨਹੀਂ।
ਹੋਰ ਕੋਲ਼ ਮੇਰੇ ਕੀ ਏ? ਨਿੱਕਾ ਜਿਹਾ ਇਕ ਜੀਅ ਏ।
ਮੈਂ ਸਾਲ ਇਸਨੂੰ ਪਾਲ਼ਿਆ, ਦੁੱਖ ਰੋਗ ਤੋਂ ਸੰਭਾਲ਼ਿਆ।
ਭਾਵੇਂ ਤੇਰੇ ਦਰਕਾਰ ਨਹੀਂ, ਮੇਰਾ ‘ਸਾਹਿਤ’ ਤੋਂ ਇਨਕਾਰ ਨਹੀਂ।
ਅਜੇ ਬੁਰਕ ਇਸਦੇ ਮਾਰ ਲਾ, ਮਾੜੀ ਜਿਹੀ ਭੁੱਖ ਉਤਾਰ ਲਾ।
ਤੂੰ ਫਿਰ ਕਦੀ ਜਦ ਆਏਂਗੀ, ਖ਼ਾਲੀ ਕਦੀ ਨਾ ਜਾਏਂਗੀ।
ਜੇ ਹੋਰ ਕੁਝ ਰੱਬ ਦੇਊਗਾ, ਮੈਂ ਦਰ ਤੇਰੇ ‘ਤੇ ਢੋਊਂਗਾ।
‘ਆਲਮ’ ਯਕੀਨ ਰੱਖ, ਨਹੀਂ, ਆਪ ਹਾਜ਼ਰ ਹੋਊਂਗਾ॥
* ਸਾਹਿਤ: ਕਵੀ ਦੇ ਪੁਤ ਦਾ ਨਾਂ, ਜੋ ਛੋਟੀ ਉਮਰੇ ਪੂਰਾ ਹੋ ਗਿਆ
t t t t t t t t t t t t t t t
ਤੇਰਾ ਸਿੰਘ ਚੰਨ (1921-2009)
ਹੂਕ
(ਭਗਤ ਸਿੰਘ ਦੇ ਸਾਥੀ ਕਮਿਉਨਿਸਟ ਆਗੂ ਅਜੈ ਘੋਸ਼ ਦੇ ਵਿਛੋੜੇ ’ਤੇ)
ਕਿਤਨੀ ਅਣਜਾਣ ਤੇ ਬੇਸਮਝ ਹੈ ਮੌਤ!
ਕੇਵਲ ਇਕ ਛਿਣ ਕੁ ਜੀਣ ਲਈ ਹੱਸਦੀ ਹੈ
ਜਦ ਵੀ ਉਹ ਜ਼ਿੰਦਗੀ ਦੇ ਕਿਸੇ ਆਸ਼ਿਕ ਨੂੰ
ਲਹੂ-ਗੜੁੱਚੀਆਂ ਦਾਹੜਾਂ ‘ਚ ਦਬਾ ਲੈਂਦੀ ਹੈ।
ਦੂਜੇ ਹੀ ਛਿਣ ਪਰ ਖੋਹ ਲੈਂਦੀ ਹੈ ਵਾਲ਼ ਅਪਣੇ ਸਿਰ ਦੇ
ਜਦੋਂ ਫਿਰ ਉਸੇ ਹੀ ਬਹਾਦਰ ਆਸ਼ਿਕ ਦੀ ਸ਼ਕਲ
ਤੱਕਦੇ ਤੱਕਦੇ ਹੀ ਉਹਦੀਆਂ ਨਜ਼ਰਾਂ ਮੂਹਰੇ
ਜੀ ਉਠਦੀ ਹੈ, ਬਿਫਰ ਪੈਂਦੀ ਹੈ।
ਕਿਤਨਾ ਅਣਜਾਣ ਤੇ ਬੇਸਮਝ ਹੈ ਅੰਬਰ!
ਖਿੜ ਖਿੜ ਉਠਦਾ ਕੇਵਲ ਛਿਣ ਲਈ
ਜਦ ਕੋਈ ਤਾਰਾ ਉਹ ਅਪਣੀ ਝੋਲੀ ‘ਚੋਂ
ਧਰਤੀ ਉੱਤੇ ਪਟਕ ਕੇ ਸੁੱਟਦਾ ਹੈ
ਨੱਚ ਉਠਦਾ ਹੈ ਮਾਰ ਕੇ ਤਾੜੀ!
ਪਿੱਛੋਂ ਪਰ ਹੁੰਦਾ ਹੈ ਪਿੱਟ ਪਿੱਟ ਕੇ ਨੀਲਾ
ਜਦ ਤੱਕਦਾ ਹੈ ਅਪਣੇ ਹਰ ਪਾਸੇ
ਖਿੜੀ ਤਾਰਿਆਂ ਦੀ ਫੁਲਵਾੜੀ।
ਕਿਤਨੀ ਅਣਜਾਣ ਤੇ ਬੇਸਮਝ ਹੈ ਰਾਤ!
ਨਿਗਲ ਕੇ ਚਮਕਦਾ ਦਮਕਦਾ ਸੂਰਜ
ਖ਼ੁਸ਼ੀ ‘ਚ ਤਾਰੇ ਖਲੇਰ ਦੇਂਦੀ ਹੈ।
ਝੱਟ ਹੀ ਪਰ ਉਸਦੀ ਛਾਤੀ ‘ਤੇ
ਚੰਦਰਮਾ ਚੜ੍ਹ ਕੇ ਬਹਿ ਜਾਂਦਾ ਹੈ
ਸਵੇਰ ਤਾਰਿਆਂ ਦੇ ਰੋੜ ਹੂੰਝਣ ਲਈ
ਰਾਤ ਦੇ ਵਿਹੜੇ ‘ਚ ਬਹੁਕਰ ਫੇਰ ਦੇਂਦੀ ਹੈ।
ਪਰ ਮੇਰੇ ਮਿੱਤਰੋ, ਮੇਰੇ ਯਾਰੋ, ਮੇਰੇ ਲੋਕੋ
ਇਸ ਸੱਚਾਈ ਤੋਂ ਕੌਣ ਮੁਨਕਰ ਹੈ –
ਜ਼ਿੰਦਗੀ ਦੇ ਕਿਸੇ ਆਸ਼ਕ ਦੇ ਵਿਛੜ ਜਾਵਣ ’ਤੇ
ਅੰਬਰ ਤੋਂ ਕਿਸੇ ਤਾਰੇ ਦੇ ਟੁੱਟਣ ’ਤੇ
ਚਮਕਦੇ ਦਮਕਦੇ ਸੂਰਜ ਦੇ ਅਸਤਣ ’ਤੇ
ਦਿਲ ਹੀ ਤਾਂ ਹੈ ਜੋ ਰੋ ਪੈਂਦਾ ਹੈ।
ਸਮੇਂ ਦੇ ਨੈਣੋਂ ਵੀ ਲਹੂ ਚੋ ਪੈਂਦਾ ਹੈ।
ਇਹ ਕਲੇਜੇ ਚੋਂ ਹੂਕ ਉਠਦੀ ਹੈ –
ਜੇ ਕਦੇ ਇਹ ਜ਼ਿੰਦਗੀ ਦਾ ਆਸ਼ਿਕ
ਕੁਝ ਸਮੇਂ ਲਈ ਹੀ ਹੋਰ ਜੀ ਜਾਂਦਾ
ਤਾਂ ਜ਼ਖ਼ਮ ਜ਼ਿੰਦਗੀ ਦੇ ਹੋਰ ਸੀ ਜਾਂਦਾ।
ਜ਼ਹਿਰ ਜੀਵਣ ਦਾ ਹੋਰ ਪੀ ਜਾਂਦਾ।
ਜੇ ਕਦੇ ਇਹ ਤਾਰਾ ਅੰਬਰ ‘ਤੇ
ਕੁਝ ਸਮੇਂ ਲਈ ਹੀ ਹੋਰ ਰਹਿ ਜਾਂਦਾ।
ਗੜ੍ਹ ਹਨੇਰੇ ਦਾ ਹੋਰ ਢਹਿ ਜਾਂਦਾ।
ਜੇ ਕਦੇ ਇਹ ਚਮਕਦਾ ਸੂਰਜ
ਹੋਰ ਗਰਮੀ ਦੇ ਤੀਰ ਵਰਸਾਂਦਾ
ਬਰਫ਼ ਜੰਮੀ ਨੂੰ ਹੋਰ ਪਿਘਲਾਂਦਾ
ਚਿਹਰਾ ਧਰਤੀ ਦਾ ਹੋਰ ਰੁਸ਼ਨਾਂਦਾ!
ਇਹ ਕਲੇਜੇ ’ਚੋਂ ਹੂਕ ਉੱਠਦੀ ਹੈ! (1962)
t t t t t t t t t t t t t t t
ਸਤੀ ਕੁਮਾਰ (1938-2008)
ਦਿਵੰਗਤ ਪਤਨੀ ਇਵਾਂਕਾ ਨਾਲ਼ ਗੱਲਾਂ
1.
ਹੰਝੂ ਨਹੀਂ
ਦਰਦ ਨਹੀਂ
ਰਾਤ ਨਹੀਂ
ਕਵਿਤਾ ਨਹੀਂ
ਤੂੰ ਨਹੀਂ
ਤਪਦਾ ਰੇਤ ਦਾ ਟਿੱਬਾ
ਅੱਖ ਚੋਂ ਨਿਕਲ਼ ਰਾਹੇ ਪਿਆ ਹੈ
ਹੰਝੂ ਬਣ
ਦਰਦ ਬਣ
ਰਾਤ ਬਣ
ਕਵਿਤਾ ਬਣ
ਤੂੰ ਬਣ
2.
ਜ਼ਿੰਦਗੀ ਦੇ ਜਿੰਨੇ ਨਾਂ ਹਨ
ਉਨ੍ਹਾਂ ਚ ਇਕ ਮੌਤ ਵੀ ਹੈ
ਤੂੰ ਮੇਰੇ
ਮੂਹਰੇ ਮੂਹਰੇ ਤੁਰਦੀ ਜਾਵੇਂ
ਕਦੇ ਦਿਸਦੀ ਕਦੇ ਅਦਿਸਦੀ
ਚੁਫੇਰੇ ਵਗਦੀ ਹਵਾ ਚ ਪੈੜ ਪਾਉਂਦੀ
ਉਪਰਲੀ ਹਵਾ ਚ ਉਡਦਾ ਬੀਜ ਵੀ
ਧੁੱਪ
ਅਤੇ ਬਰਖਾ ਚੋਂ ਲੰਘਦਾ
ਖਿੜ ਪੈਂਦਾ ਹੈ
t t t t t t t t t t t t t t t
ਅਮਰਜੀਤ ਚੰਦਨ
ਆ ਜਾਓ
(ਮੇਰੇ ਪਿਤਾ ਆਖ਼ਿਰੀ ਵੇਲੇ ਬੋਲਣਾ ਭੁੱਲ ਗਏ ਸੀ, ਪਰ ਉਨ੍ਹਾਂ ਵਾਜਾਂ ਮਾਰਦੇ ਰਹਿਣਾ – ਆ ਜਾਓ…)
ਆ ਜਾਓ ਪਿਤਰੋ
ਮੁੜ ਆਓ ਘਰ ਨੂੰ ਪਰਦੇਸਾਂ ਤੋਂ
ਉਸ ਦੁਨੀਆ ਤੋਂ ਆ ਜਾਓ ਮੁੜ ਮਰਨੇ ਦੇ ਲਈ
ਪੈੜਾਂ ਅਪਣੇ ਪੈਰਾਂ ਨੂੰ ਲੱਭਿਆ
ਲੋਅ ਨੇ ਅਪਣਾ ਦੀਵਾ
ਸੁਰ ਸਾਜ਼ ਤੋਂ ਮੁਕਤ ਹੋ ਰਹੀ
ਥੋਡੀ ਖ਼ਾਤਰ ਨਿਤ ਮਰਿਆ ਮੈਂ
ਮੇਰੀ ਖ਼ਾਤਰ ਅੱਜ ਮੇਰੇ ਨਾਲ਼ ਮੁੜ ਮਰ ਜਾਓ
ਲੈ ਚੱਲੋ ਅਪਣੇ ਨਾਲ਼ ਮੈਨੂੰ
ਮਰ ਕੇ ਵੀ ਮੈਂ ਰਿਹਾ ਜੇ ‘ਕੱਲਾ
ਤਾਂ ਫਿਰ ਮੌਤ ਵੀ ਜ਼ਿੰਦਗੀ ਵਰਗੀ ਹੋਣੀ
ਆ ਜਾਓ ਪਿਤਰੋ
ਆ ਜਾਓ ਯਾਦੋ
ਭੁੱਲ ਦਾ ਜਾਚਕ ਰਿਹਾ ਮੈਂ ਡਰਦਾ
ਮੈਨੂੰ ਅਪਣੀਆਂ ਅੱਖਾਂ ਅੰਦਰ ਤੱਕਣ ਦਾ ਬਲ ਬਖ਼ਸ਼ੋ
ਮੇਰੀ ਖ਼ਾਤਰ ਮਿਹਰ ਦੇ ਹੰਝ ਵਹਾਓ
ਮੈਲ਼ੀ ਰੂਹ ਨੂੰ ਨਿਰਮਲ ਕਰ ਦੋ
ਸੁਣੋ ਮੇਰਾ ਦਿਲ ਕੰਨ ਲਾ ਕੇ
ਥੋੋਡੀ ਖ਼ਾਤਰ ਹੁਣ ਹੋਰ ਨੀਂ ਧੜਕਿਆ ਜਾਂਦਾ
ਸਮਾਂ ਜਿਸਮ ਹੈ, ਯਾਦ ਆਤਮਾ
ਤੁਸੀਂ ਨ ਮੁੱਕੀਆਂ, ਮੈਂ ਮੁੱਕ ਚੱਲਿਆਂ
ਆ ਜਾਓ ਯਾਦੋ
ਆ ਜਾਓ
ਲੰਘ ਆਓ
ਕੌਣ ਤੁਸੀਂ ਹੋ ਮੈਂ ਨ ਜਾਣਾ
ਐਸਾ ਰੂਪ ਕਿਤੇ ਨਾ ਡਿੱਠਾ
ਨ ਅੱਖਰ ਨਾ ਰੇਖਾ ਵਿਚ ਸਮਾਵੇਂ
ਬੋਲ ਅਨੋਖੇ ਪਰੀਆਂ ਗਾਵੇਂ
ਵਿਛੜੀ ਕੂੰਜ ਨੇ ਡਾਰ ਨੂੰ ਮਿਲਣਾ
ਪੁੰਗਰਨ ਤੋਂ ਪਹਿਲਾਂ ਬੀਅ ਨੇ ਗਲ਼ਣਾ
ਜੋ ਵੀ ਹੋਣਾ
ਉਹ ਸਭ ਹੁਣ ਹੋ ਜਾਏ
ਆ ਜਾਓ
ਸਮਾਧ ਨਾਨਕ ਸਿੰਘ ਪ੍ਰੀਤ ਨਗਰ
ਵਗਦੇ ਰਾਹ ਦੀ ਧੂੜ ਹੁਣੇ ਈ ਬੈਠ ਜਾਏਗੀ
ਠੰਢੇ ਚਿੱਟੇ ਪੱਥਰ ਉੱਤੇ
ਫੇਰ ਹਵਾ ਦਾ ਬੁੱਲਾ ਆਉਣਾ
ਦੂਰ ਤਾਈਂ ਉਡ ਜਾਣੇ
ਸੁੱਕੇ ਮਰਜਾਣੇ ਪੱਤੇ
ਖੌਰੇ ਇਕ-ਅੱਧ ਪੱਤਾ ਟਿਕਿਆ ਰਹਿ ਜਾਏ
ਇਸ ਠੰਢੇ ਚਿੱਟੇ ਪੱਥਰ ਉੱਤੇ
ਕਿਸੇ ਉਡੀਕ ਚ ਪਿਆਂ-ਪਿਆਂ
ਇਸ ਹੋ ਜਾਣਾ ਬਦਰੰਗ
ਰੰਗ ਮੌਤ ਦਾ ਕੀ ਹੈ?
ਰੁੱਖਾਂ ਨਾਲ਼ੋਂ ਪੱਥਰ ਦੀ ਹੈ ਲੰਮੀ ਆਰਜ
ਸਫ਼ੈਦੇ ਸੀਨਾ ਤਾਣ ਖਲੋਤੇ ਮੜ੍ਹੀ ਦੁਆਲ਼ੇ
ਘਾਹ ਦੇ ਉੱਤੇ ਖੇਡਣ ਬੱਚੇ
ਖ਼ੁਸ਼ੀ ਇਨ੍ਹਾਂ ’ਤੇ ਛਾਈ
ਜਿਉਂ ਕਿੱਕਰਾਂ ਨੂੰ ਫੁੱਲ ਲੱਗੇ ਹਨ
ਬੱਚੇ ਹਾਲੀ ਰੰਗਾਂ ਦੀ ਤਾਸੀਰ ਨਾ ਜਾਣਨ
ਉਹ ਕੀ ਜਾਣਨ
ਰੰਗ ਮੌਤ ਦਾ ਕੀ ਹੈ?
ਨਾ ਬੱਦਲ਼ ਨਾ ਪੰਛੀ ਉਡਦਾ
ਸ਼ੁਤਰਮੁਰਗ਼ ਜਿਉਂ ਰੇਤੇ ਵਿਚ ਛਿਪਾਵੇ ਸਿਰ
ਜਾਂ ਮਿੱਟੀ ਵਿਚ ਲੁਕੋਂਦਾ ਸਿਰ ਕਈ ਹਠਜੋਗੀ
ਬਿੰਦ ਕੁ ਤਾਈਂ ਇਹ ਛਿੱਜਿਆ ਸੂਰਜ
ਲਹਿ ਜਾਊ ਧਰਤੀ ਦੇ ਹੇਠਾਂ
ਛਾ ਜਾਏਗੀ ਕਾਲਖ ਸਾਰੇ
ਇਹ ਕਾਲਖ ਮੇਰੇ ਅੰਗਸੰਗ
ਰੰਗ ਮੌਤ ਦਾ ਕੀ ਹੈ?
ਮਿਆਣੀ ਸਾਹਿਬ ਕ਼ਬਰਿਸਤਾਨ ਲਹੌਰ
ਸ਼ਹਰ-ਏ-ਖ਼ਾਮੋਸ਼ਾਂ ਅੰਦਰ
ਸਭ ਕੁਝ ਚੁੱਪ ਸੀ –
ਚੰਨ ਚਾਨਣੀ, ਰੁੱਖ ਤੇ ਪੱਥਰ।
ਸਭ ਕੁਝ ਉਹ ਨਾ ਸੀ
ਜੋ ਦਿਸਦਾ ਸੀ ਅੱਖੀਆਂ ਅੱਗੇ
ਧਰਤੀ ਧਰਤੀ ਨਾ ਸੀ
ਸੀ ਥਾਂ ਕਿਤਿਓਂ ਹੋਰ ਪਰ੍ਹਾਂ ਦੀ।
ਨਾ ਰੁੱਖ ਰੁੱਖ ਸੀ ਕੋਈ
ਵਣ ਕਰੀਰ ਨਾ ਕਿੱਕਰੀ।
ਹਰ ਰੰਗ ਸੀ ਮਿੱਟੀ ਰੰਗਿਆ
ਕਾਲਖ ਚਾਂਦੀਵੰਨੀ
ਸਾਵੇ ਚਿੱਟੇ ਫੁੱਲ ਪੀਲੂ ਦੇ ਸਉਲ਼ੇ ਹੋਏ।
ਹਿਜਰ ਵਸਾਲ ਦੀ ਗੱਲ ਨਾ ਕੋਈ
ਨਾ ਕੋਈ ਦੁੱਖ ਨਾ ਸੁੱਖ ਸੀ
ਨ ਹਾਸਾ ਨਾ ਰੋਣਾ
ਨਾ ਸੋਚਾਂ ਨਾ ਲੋਚਾ
ਜੋ ਵੀ ਹੋਣਾ ਹੋ ਹਟਿਆ ਸੀ।
ਰਾਤ ਜਗਾਵੇ ਸੁੱਤੀਆਂ ਯਾਦਾਂ ਇਕਲਾਪੇ ਦੀ ਡੰਗੀ।
ਉੜਦੀ ਲੇਰ ਟਟੀਹਰੀ
ਕਿਸਨੂੰ ਆਖ ਸੁਣਾਇਆ
ਸਮਝ ਨਾ ਆਇਆ
ਸ਼ਹਰ-ਏ-ਖ਼ਾਮੋਸ਼ਾਂ ਅੰਦਰ॥
t t t t t t t t t t t t t t t
ਇਰਫ਼ਾਨ ਮਲਿਕ
ਬੇਉਨਵਾਨ
ਮੈਂ ਤੈਨੂੰ ਦੱਸਣਾ ਚਾਹੁਣਾ ਵਾਂ
ਮੈਂ ਤੈਨੂੰ ਮੋਏ ਨੂੰ ਰੋਂਦਿਆਂ ਨਹੀਂ ਵੇਖਿਆ
ਮੌਤਾਂ ਕਈ ਹੁੰਦੀਆਂ ਨੇ
ਜੀਉਂਦੀਆਂ, ਮੋਈਆਂ, ਮਨਮੋਹਣੀਆਂ
ਵਸਲ ਤੇ ਵਿਛੋੜੇ ਦੀਆਂ ਮੌਤਾਂ
ਮੈਂ ਤੈਨੂੰ ਦੱਸਣਾ ਚਾਹੁਣਾ ਵਾਂ
ਮੈਂ ਤੈਨੂੰ ਜੀਉਂਦੇ ਨੂੰ ਚੀਕਾਂ ਮਾਰਦਿਆ ਵੇਖਿਆ ਹੈ
ਹੋਵਣ ਦੀਆਂ ਤਬਾਹਕਾਰੀਆਂ
ਵਜੂਦੀ ਦਹਸ਼ਤਗਰਦੀਆਂ ਨੇ
ਸਾਡੀ ਸੱਖਣੀ ਕਾਇਆ ਨੂੰ
ਭਾਂਬੜ ਲਾ ਦਿੱਤੇ ਨੇ
ਮੈਂ ਤੈਨੂੰ ਦੱਸਣਾ ਚਾਹੁਣਾ ਵਾਂ
ਤੇਰਾ ਵਜੂਦ ਪਥਰਾਏ ਪਲਾਂ ਦੀ ਗੰਢ ਬਣ ਕੇ ਰਹਿ ਗਿਆ ਏ
ਸਾਡੇ ਸਾਹ ਸਾਡੇ ਵਸੋਂ ਬਾਹਿਰ ਹੋ ਗਏ ਨੇ
ਮੈਂ ਤੈਨੂੰ ਦੱਸਣਾ ਚਾਹੁਣਾ ਵਾਂ
ਮੈਂ ਤੇਰੀ ਰਾਤ ਦਾ ਪਰਛਾਵਾਂ ਅਪਣੀ ਛਾਤੀ ਵਿਚ ਦੱਬ ਲਿਆ ਹੈ
t t t t t t t t t t t t t t t
ਰਾਮ ਸਿੰਘ ਚਾਹਲ (1950-2007)
ਨਵਾਂ ਜਹਾਨ
ਮੈਂ ਵੱਡੇ ਭਾਈ ਹਰਨੈਲ ਸਿਹੁੰ
ਦੇ ਫੁੱਲ ਲੈ ਕੇ ਕੀਰਤਪੁਰ ਜਾ ਰਿਹਾਂ
ਮੀਂਹ ਜ਼ੋਰ ਦੀ ਪੈ ਰਿਹਾ ਹੈ
ਹਨੇਰੀ ਵਗ ਰਹੀ ਹੈ
ਫੁੱੱਲ ਮੇਰੀ ਹਿੱਕ ਨਾਲ਼ ਲੱਗੇ ਹੋਏ ਹਨ
ਵੱਡਾ ਭਾਈ ਅਗਲੇ ਜਹਾਨ ਨੂੰ ਚੱਲਿਆ ਹੈ
ਜਦ ਤਕ ਫੁੱਲ ਮੇਰੇ ਨਾਲ਼ ਸਨ
ਮੈਨੂੰ ਖ਼ੁਸ਼ਬੋ ਆਉਂਦੀ ਰਹੀ
ਦੇਖ ਰਿਹਾ ਸੀ
ਬੱਸ ਦੀ ਹਰ ਸਵਾਰੀ ਦੀ
ਮੇਰੇ ਵਲ ਉਦਾਸੀ ਅੱਖ ਸੀ
ਮੈਂ ਫਿਰ ਵੀ ਉਦਾਸ ਨਹੀਂ ਸੀ ਹੋ ਰਿਹਾ
ਮੈਂ ਧੁਰ ਤਕ ਫੁੱਲਾਂ ਨਾਲ਼ ਗੱਲਾਂ ਕਰਦਾ ਗਿਆ
ਕੀਰਤਪੁਰ ਖੁੱਲ੍ਹਾ ਵਿਹੜਾ
ਲੋਹੇ ਦੀਆਂ ਪਾਈਪਾਂ
ਕਿੰਨੀਆਂ ਹੀ ਕਤਾਰਾਂ
ਪਾਈਪਾਂ ਨਾਲ਼
ਪੋਟਲ਼ੀਆਂ ਬੰਨ੍ਹੀਆਂ ਹੋਈਆਂ
ਹੋਰ ਸਾਰੇ ਜਹਾਨ ਦੇ ਫੁੱਲ ਟੰਗੇ ਹੋਏ ਸਨ
ਗੇਟ ਵਾਲ਼ਾ ਆਦਮੀ ਬੋਲਿਆ –
ਭਾਈ, ਅਪਣੇ ਫੁੱਲਾਂ ‘ਤੇ ਕੋਈ ਨਿਸ਼ਾਨੀ ਲਾ ਲਉ
ਨਹੀਂ ਤਾਂ
ਸਵੇਰੇ ਇਕ ਦੂਜੇ ਨਾਲ਼ ਰਲ਼ ਜਾਣਗੇ
ਤੁਹਾਨੂੰ ਅਪਣੇ ਫੁੱਲ ਨਹੀਂ ਜੇ ਲੱਭਣੇ
t t t t t t t t t t t t t t t
ਮਜ਼ਹਰ ਤਿਰਮਜ਼ੀ
ਮੌਤ
ਨੀਂਦਰ ਵਰਗੀ ਸ਼ੈਅ ਹੌਲ਼ੀ-ਜਿਹੀ ਆਖੇ –
ਕੌਣ ਐਂ ਤੂੰ?
ਦਸ ਤਾਂ ਕੋਈ ਨਿਸ਼ਾਨੀ ਅਪਣੇ ਹੋਵਣ ਦੀ
ਤੂੰ ਕੀ ਜਾਣੇ
ਮਰਨ ਤੋਂ ਪਹਿਲਾਂ ਵੀ ਤਾਂ ਲੋਕੀਂ ਮਰ ਜਾਂਦੇ ਨੇ
ਤੂੰ ਨਹੀਂ ਵੇਖੀ ਮੌਤ ਖਲੋਤੀ ਬੂਹੇ?
ਹਰ ਵੇਲੇ ਤੇਰੇ ਸਾਹਵਾਂ ਦੇ ਵਿਚ ਵੱਸਣ ਵਾਲ਼ੀ
ਲੁਕ ਲੁਕ ਹੱਸਣ ਵਾਲ਼ੀ
ਤੂੰ ਕੀ ਜਾਣੇ ਬੇਖ਼ਬਰਾ ਹਰ ਵੇਲੇ
ਤੇਰੀ ਜਿੰਦੜੀ ਕਨਸੋਅ ਕਰਦੀ
ਸੌਂਦੇ ਜਾਗਦੇ ਹੱਸਦੇ ਰੋਂਦੇ
ਅਸਾਂ ਨਹੀਂ ਤੱਕਣੀ
ਮੌਤ ਖਲੋਤੀ ਬੂਹੇ
ਅਸਾਂ ਨਹੀਂ ਪਾਣੇ ਸੂਹੇ
ਖੁੱਲ੍ਹੇ ਰੱਖਣੇ ਬੂਹੇ
t t t t t t t t t t t t t t t
ਮਨਮੋਹਨ
ਮੌਤ ਬਾਰੇ ਸੋਚਦਿਆਂ
ਮੋਇਆਂ ਬਾਰੇ ਪ੍ਰਥਮ ਸੰਦੇਹ
ਹੈਣ ਕਿ ਨਾ। ਭੇਤ ਨਾ ਕੋਈ ਕਹੇ॥ (ਕਠ ਉਪਨਿਸ਼ਦ ੧.੧.੨੦)
ਸੇਵਾਮੁਕਤੀ ਤੋਂ ਬਾਅਦ ਲਗਾਤਾਰ
ਬੁੱਢੇ ਹੋ ਰਹੇ ਨੇ ਪਿਤਾ
ਸਾਹਾਂ ਤੋਂ ਲੈ ਕੇ ਸਨਾਯੂੰ ਤੰਤੂਆਂ ਤਕ
ਬੀਤ ਰਹੇ ਹੌਲ਼ੀ ਹੌਲ਼ੀ
ਮਰਦਾਵੇਂ ਕਦਮ ਹੋ ਗਏ ਬੇਬੀ ਸਟੈਪਸ
ਹੋ ਗਈ ਸੰਕੁਚਿਤ… ਨਿੱਕੀ-ਜਿਹੀ ਵੱਡੀ ਦੇਹ
ਬੈਠੇ ਰਹਿੰਦੇ ਨਿਮਾਣਿਆਂ ਵਾਂਗ ਚੁੱਪਚਾਪ
ਕੁਝ ਸੋਚਦੇ, ਮਨਬਚਨੀਆਂ ‘ਚ ਡੁੱਬੇ
ਪੱਗ ਵੀ ਪਈ ਰਹਿੰਦੀ ਉਨ੍ਹਾਂ ਦੀ ਕਾਰਨਸ ‘ਤੇ ਬੇਆਰਾਮ
ਜੋ ਸਜਾਉਂਦੇ ਕਦੇ-ਕਦਾਈਂ ਜਦ ਜਾਣਾ ਹੁੰਦਾ ਬਾਹਰ
ਪੱਗ ਦੇ ਖੰਡਰਾਤ ਨਾਲ ਹੀ ਪਿਆ ਰਹਿੰਦਾ
ਪਾਸ ਬੁਕਾਂ, ਚੈੱਕਾਂ, ਐਫ਼ਡੀਆਂ ਦਾ ਖ਼ਾਕੀ ਲਿਫ਼ਾਫ਼ਾ
ਲਾਗੇ ਹੀ ਪਈਆਂ ਹੁੰਦੀਆਂ ਡਾਇਰੀਆਂ, ਗੁਟਕਾ
ਦਵਾਈਆਂ ਵਾਲ਼ਾ ਬੀਮਾਰ-ਜਿਹਾ ਪੁਰਾਣਾ ਡੱਬਾ
ਨੰਗੇ ਸਿਰ ਹੀ ਦੇਖਦਾਂ ਅੱਜ ਕੱਲ੍ਹ ਵਰਾਂਡੇ ‘ਚ ਬੈਠੇ
ਰੋਜ਼ ਦਾ ਸ਼ੁਗਲ…ਅੰਤਹੀਣ ਹਿਸਾਬ-ਕਿਤਾਬ
ਜਿਵੇਂ ਕੋਈ ‘ਕੱਲਾ ਹੀ ਖੇਲ੍ਹੇ ਸ਼ਤਰੰਜ, ਤਾਸ਼ ਅਪਣੇ ਆਪ ਨਾਲ
ਅੱਖਰ ਅੱਖਰ ਅਖ਼ਬਾਰ ਪੜ੍ਹਦੇ
ਟੀਵੀ ਉੱਚਾ ਲਾਉਂਦੇ
ਸਾਰਾ ਘਰ ਰਹਿੰਦੈ ਗੁਰਬਾਣੀਹਾਰ
… … … …
ਸਵੇਰ ਦਾ ਵਕਤ
ਸੰਭਾਲ਼ ਰਹੇ ਅਲਮਾਰੀ ‘ਚ
ਅਪਣੇ ਸੂਟ ਸਵੈਟਰ
ਮੁੱਕ ਗਿਐ ਪਾਲ਼ਾ ਸਿਆਲ਼
ਫਿਰ ਚਾਣਚਕ ਅਗਲੇ ਪਲ ਪੱਗ ਵੱਲ ਦੇਖਦੇ
ਥੋੜ੍ਹੀ ਦੇਰ ਮਗਰੋਂ ਫਰੋਲਣ ਲਗ ਪੈਂਦੇ ਲਿਫ਼ਾਫ਼ਾ
ਕਿਸੇ ਸ਼ਸ਼ੋਪੰਜ ‘ਚ ਰੱਖ ਦਿੰਦੇ ਮੁੜ ਉਸੇ ਥਾਂ
ਅਚਾਨਕ ਬਾਹਰ ਬੂਹੇ ਦੀ ਬੈੱਲ ਵੱਜੀ
ਮੈਂ ਦੇਖਦਾਂ ਬਾਹਰ ਗਵਾਂਢੀਆਂ ਦਾ ਮੁੰਡਾ ਸੁਨੇਹਾ ਦੇ ਰਿਹੈ:
‘ਸਾਡੇ ਦਾਰ ਜੀ ਰਾਤੀਂ ਪੂਰੇ ਹੋ ਗਏ
ਸ਼ਾਮੀਂ ਚਾਰ ਵਜੇ ਹੈ ਸਸਕਾਰ’
ਡਰ ਗਿਆਂ ਅੰਦਰੋਂ
ਐਵੇਂ ਬਾਹਰ ਚਲਾ ਜਾਨਾਂ ਚੌਂਤੀ ਸੈਕਟਰ
ਭਾਵੇਂ ਕੁਝ ਖ਼ਰੀਦਣਾ-ਖਰੂਦਣਾ ਨਹੀਂ
t t t t t t t t t t t t t t t
ਸਮੀਨਾ ਆਸਮਾ
ਅਣਖਿੜੀ ਕਲੀ
(ਤਿੰਨ ਵਰ੍ਹੇ, ਨੌਂ ਮਹੀਨੇ ਤੇ ਤੇਰ੍ਹਾਂ ਦਿਨ ਦਾ ਸਾਕ)
ਤੂੰ ਮੇਰੇ ਸਾਹਵਾਂ ਨਾਲ਼ ਟੁਰਦੀ ਰਹੀ
ਤਿੰਨ ਵਰ੍ਹੇ ਤੇ ਤੇਰ੍ਹਾਂ ਦਿਨ ਲੋਕਾਂ ਨੂੰ
ਨਜ਼ਰੀਂ ਪਈ
ਨੌਂ ਮਹੀਨੇ ਮੇਰੀ ਕੁੱਖੀਂ ਸਾਹ ਲੈਂਦੀ
ਮੇਰੀ ਵਾਜ ਸੁਣੀਂਦੀ
ਅਪਣੇ ਸੁਪਨੇ ਮੇਰੀ ਅੱਖੀਂ ਵੇਖਦੀ
ਮੇਰੇ ਹਾਸਿਆਂ ਵਿਚ ਹੱਸਦੀ
ਮੇਰੇ ਹੰਝੂਆਂ ਵਿਚ ਰੋਂਦੀ
ਮੇਰੀ ਹਿੱਕ ਨਾਲ਼ ਹਿੱਕ ਜੋੜ ਉਲਾਰ ਕਰਦੀ
ਨਾਲ ਮੇਰੇ ਸੁਪਨਿਆਂ ਖੇਡਾਂ ਖੇਡਦੀ
ਅਲ੍ਹੜ-ਬਲ੍ਹੜ ਗਾ ਮਿੱਠੀ ਨੀਂਦ ਸੁਆਂਦੀ
ਤਾਰ ਤਾਰ ਜੋੜਵੇਂ ਤੰਦ ਬਣਾਂਦੀ
ਅਚਨਚੇਤ, ਸਾਹ ਗਲਮੀਂ ਫਸਿਆ
ਪੀੜਾਂ ਲੈ, ਤਨ ਹਫ਼ਿਆ
ਚੀਕਾਂ ਤੇਰੀਆਂ ਵਾਜੇ ਰਲ਼ੀਆਂ
ਵੇਖ ਮੁਖ ਮੁਸਕਾਨਾਂ ਬੱਜੀਆਂ
ਮੇਰੀ ਹੋਂਦ ਇਕ ਨਵੀਂ ਵਜੂਦੇ ਪਈ
ਸੁਪਨਿਆਂ ਬੂਹੇ ਆਣ ਖਲੋ ਕਿਕਲੀ ਪਾਈ
ਫੁੱਲਾਂ ਦੀ ਵਾਸ਼ਨਾ ਹਰ ਪਾਸੇ ਖਿਲਰੀ
ਸਭੇ ਸੁਪਨੇ ਸੱਚ ਥਏ
ਮੁੜ ਇਕ ਦਿਨ ਹਨੇਰੀ ਝੁੱਲੀ, ਬੱਦਲ ਗੱਜਿਆ
ਨਾਲ ਹਨੇਰੀ ਜੁੱਸਾ ਤੈਂਡਾ ਮਿੱਟੀ ਰਲ਼ਿਆ
ਰੇਤੀ ਪੈਰਾਂ ਹੇਠ ਵਗ ਗਈ
ਵਾਅ ਬੰਦ ਮੁੱਠ ਚੋਂ ਕਿਰ ਗਈ
ਇੰਜ ਜਾਪਿਆ ਵਜੂਦੇ ਟੁੱਟੀ ਤਾਰ
ਮੁੜ ਹੋਂਦ ਰਲ਼ੀ
t t t t t t t t t t t t t t t
ਮੋਨੀਕਾ ਕੁਮਾਰ
ਮਰਨਾ ਕੋਈ ਬੀਮਾਰੀ ਨਹੀਂ
ਉਮਰ ਚ ਮੈਂ ਤੋਂ ਦਸ ਸਾਲ ਛੋਟੇ ਮੇਰੇ ਭਰਾ ਦਾ
ਸਾਡੀ ਖੇਲ ਵਿਚ ਇਹ ਪਹਿਲਾ ਦਿਨ ਸੀ
ਅਸੀਂ ਸਾਰੇ ਖ਼ੁਸ਼ ਸਾਂ
ਹੁਣ ਤੋਂ ਹੋਵੇਗਾ ਇਕ ਛੋਟਾ ਮੁਰਗ਼ਾ
ਜੋ ਸਾਡੇ ਸਾਰਿਆਂ ਨਾਲ਼ੋਂ ਘਟ ਦੁਸ਼ਟ
ਤੇ ਖੇਲ ਵਿਚ ਈਮਾਨਦਾਰ ਹੋਵੇਗਾ।
ਓਸ ਦਿਨ ਅਸੀਂ ਖੇਲਣਾ ਸੀ ਡਾਕਟਰ ਡਾਕਟਰ
ਸਭ ਤੋਂ ਵੱਡੀ ਭੈਣ ਬਣੀ ਡਾਕਟਰ
ਇਕ ਭਰਾ ਕੰਪਾਊਂਡਰ
ਬਾਕੀ ਨਿੱਕੀ ਉਮਰ ਵਾਲ਼ਿਆਂ ਮਰੀਜ਼ ਬਣਨ ਦੀ ਐਕਟਿੰਗ ਕਰਨੀ ਸੀ
ਛੋਟਾ ਭਾਈ ਅਪਣੀ ਵਾਰੀ ਦੀ ਉਡੀਕ ਕਰੀ ਜਾਂਦਾ ਸੀ
ਚਾਦਰ ਤਾਣ ਕੇ ਬਣਾਏ ਤੰਬੂ ਵਿਚ ਵੜਦਿਆਂ
ਤਪਾਕ ਨਾਲ਼ ਬੋਲਿਆ:
ਡਾਕਟਰ ਜੀ! ਮੈਂ ਮਰ ਗਿਆ!
ਹੈਂ! ਇਹ ਕੀ?
ਵੱਡੀ ਭੈਣ ਗ਼ੁੱਸੇ ਚ ਬੋਲੀ:
ਤੂੰ ਆਖ ਢਿੱਡ ਦੁਖਦਾ ਏ, ਸਿਰ ਜਾਂ ਕੁਛ ਵੀ
ਜਾਂ ਫੇਰ ਆਖ ਬੁਖ਼ਾਰ ਚੜ੍ਹਿਆ ਹੈ
ਮਰਨਾ ਕੋਈ ਬੀਮਾਰੀ ਨਹੀਂ।
ਉਸ ਆਖਿਆ:
ਮੈਂ ਤੋਂ ਪਹਿਲੇ ਸਾਰੇ ਮਰੀਜ਼
ਸਾਰੀਆਂ ਬੀਮਾਰੀਆਂ ਦਾ ਦਸ ਚੁੱਕੇ ਆ
ਮੈਂ ਸੋਚਿਆ ਕੋਈ ਨਵੀ ਗੱਲ ਕਰਾਂ
ਤੇ ਟ੍ਹੌਰ ਜਮਾਵਾਂ।
t t t t t t t t t t t t t t t
ਤਨਵੀਰ
ਮੌਤ
1.
ਨੀਂਦ ਟਲ਼ ਗਈ
ਸੰਨਾਟੇ ਭਰੀ ਰਾਤ ਚ
ਖ਼ਿਆਲਾਂ ਦੀ ਅਟੁੱਟ ਲੜੀ ਚਲ ਰਹੀ ਹੈ
ਅਚਾਨਕ ਮੌਤ ਬਾਰੇ ਸੋਚਣ ਲੱਗਦਾਂ
ਮੌਤ ਪਿਛੋਂ ਮੈਂ ਕਿਥੇ ਚਲਾ ਜਾਵਾਗਾਂ?
ਅਨੰਤ ਸਮੇਂ ਲਈ…
ਸੋਚਦਾ-ਸੋਚਦਾ ਦਹਿਲ ਗਿਆ ਹਾਂ
ਜਾਣ-ਬੁਝ ਕੇ ਖੜਕਾ ਕਰਦਾਂ
ਤਾਂ ਜੋ ਪਤਨੀ ਜਾਗ ਪਵੇ
ਪੁੱਛੇ: ਕੀ ਹੋ ਗਿਆ?
ਤੇ ਮੌਤ ਦਾ ਖ਼ਿਆਲ ਟੁੱਟ ਜਾਵੇ
2.
ਮੌਤ ਤੋਂ ਕਿਉਂ ਡਰਦਾ ਹਾਂ?
ਕੌਣ ਹਾਂ ਮੈਂ?
ਇਕ ਦਿਨ
ਇੱਕ ਬੱਚੇ ਦਾ ਜਨਮ ਹੋਇਆ
ਉਸਨੂੰ ਨਾਂ ਮਿਲਿਆ
ਮਾਹੌਲ, ਰਿਸ਼ਤੇ, ਸੋਚ ਮਿਲ਼ੀ
ਪਛਾਣ ਤੇ ਕੁਝ ਭਰਮ ਮਿਲ਼ੇ
ਇਕ ‘ਮੈਂ’ ਮਿਲ਼ੀ
‘ਮੇਰਾ’ ਮਿਲ਼ਿਆ
ਜੇ ਇਹੀ ਬੱਚਾ
ਉਸੇ ਸਮੇਂ ਉਸੇ ਘਰੇ
ਨਾ ਜੰਮਦਾ
ਤਾਂ ਮੈਂ ਹੋਣਾ ਹੀ ਨ੍ਹੀਂ ਸੀ
3.
ਅਚਾਨਕ ਖ਼ਿਆਲ ਆਇਆ
ਜਨਮ ਤੋਂ ਪਹਿਲਾਂ ਕਿੱਥੇ ਸਾਂ
ਅਨੰਤ ਸਮੇਂ ਤੋਂ
ਕੋਈ ਪਤਾ ਨ੍ਹੀਂ
ਕੋਈ ਇਹਸਾਸ ਨ੍ਹੀਂ
ਮੌਤ ਪਿਛੋਂ ਵੀ ਇੰਜ ਹੀ ਹੋਵੇਗਾ
ਮੈਂ ਹੋਵਾਂਗਾ ਹੀ ਨਹੀਂ
ਮੌਤ ਬਾਰੇ ਜਾਣ ਗਿਆ ਹਾਂ
ਹੁਣ ਸਹਿਜ ਹਾਂ
ਨੀਂਦ ਆ ਰਹੀ ਹੈ
ਨੀਂਦ ਛੋਟੀ ਮੌਤ ਹੈ
ਮੌਤ ਲੰਮੀ
ਬਿਨਾਂ ਸੁਪਨਿਆਂ ਵਾਲ਼ੀ ਨੀਂਦ
*
ਸੰਜੋਗੀ: ਅਮਰਜੀਤ ਚੰਦਨ