ਬਲਰਾਜ ਸਿੰਘ
ਵਿਅੰਗ
ਸੁੱਖ ਨਾਲ ਸਾਡਾ ਵਿਆਹ ਹੋਇਆਂ ਹੁਣ 40 ਸਾਲ ਬੀਤ ਗਏ ਹਨ। ਇਸ ਲੰਮੇ ਅਰਸੇ ਦੌਰਾਨ ਅਸੀਂ ਹਰ ਪਲ ਵਹੁਟੀ ਦੇ ਅੰਗ-ਸੰਗ ਰਹੇ ਹਾਂ। ਜੇ ਕਦੇ ਮਜਬੂਰੀਵੱਸ ਵਹੁਟੀ ਨਾਲ ਸਹੁਰੇ ਘਰ ਜਾਣਾ ਵੀ ਪਿਆ ਹੈ ਤਾਂ ਖੋਟੇ ਪੈਸੇ ਵਾਂਗ ਨਾਲ ਹੀ ਵਾਪਸ ਆ ਗਏ ਹਾਂ। ਸਿੱਟੇ ਵਜੋਂ ਹੁਣ ਅਸੀਂ ਵਹੁਟੀ ਦੇ ਸੁਭਾਅ ਦੀਆਂ ਧੁੱਪਾਂ-ਛਾਵਾਂ ਨੂੰ ਪਰਖ ਚੁੱਕੇ ਹਾਂ, ਝੱਖੜਾਂ ਤੇ ਹਨੇਰੀਆਂ ਨੂੰ ਸਹਿ ਚੁੱਕੇ ਹਾਂ। ਹੁਣ ਇੰਨੇ ਲੰਮੇ ਤਜਰਬੇ ਬਾਅਦ ਸਾਡੀ ਜਾਣਕਾਰੀ ਵਿਚ ਇੰਨਾ ਕੁ ਇਜ਼ਾਫ਼ਾ ਤਾਂ ਹੋ ਹੀ ਗਿਆ ਹੈ ਕਿ ਅਸੀਂ ਵਹੁਟੀ ਨੂੰ ਖ਼ੁਸ਼ ਰੱਖਣ ਦੇ ਤਰੀਕਿਆਂ ਬਾਰੇ ਇਕ ਲੰਮਾ-ਚੌੜਾ ਬਹੁ-ਜਿਲਦੀ ਐਨਸਾਈਕਲੋਪੀਡੀਆ ਲਿਖ ਸਕਦੇ ਹਾਂ। ਸਾਡਾ ਮੰਤਵ ਕਦੇ-ਕਦਾਈਂ ਵਰਤੀ ਜਾਣ ਵਾਲੀ ਹਵਾਲਾ ਪੁਸਤਕ ਲਿਖ ਕੇ ਪੂਰਾ ਨਹੀਂ ਹੋਣਾ, ਅਸੀਂ ਤਾਂ ਵਿਆਂਦੜ ਲਾੜੇ-ਲਾੜੀ ਦੀ ਜ਼ਿੰਦਗੀ ਨੂੰ ਸਦਾ ਲਈ ਨਿੱਤ ਨਿੱਤ ਹੋਣ ਵਾਲੇ ਲੜਾਈ-ਝਗੜਿਆਂ ਤੇ ਚਿੰਤਾਵਾਂ ਤੋਂ ਮੁਕਤ ਰੱਖਣਾ ਚਾਹੁੰਦੇ ਹਾਂ ਤਾਂ ਕਿ ਉਹ ਵੀ ਸਾਡੇ ਵਾਂਗ ਹੱਸਦੇ-ਖੇਡਦੇ ਪ੍ਰਸੰਨ, ਲੰਮੀ ਉਮਰ ਬਿਤਾ ਸਕਣ। ਅਸੀਂ ਇਹ ਨੁਸਖੇ ਆਪਣੇ ਵਿਆਹੁਤਾ ਜੀਵਨ ਦੇ ਚਾਲੀ ਸਾਲਾਂ ਦੌਰਾਨ ਹਰ ਕਸਵੱਟੀ ’ਤੇ ਪਰਖ ਕੇ ਦੇਖ ਲਏ ਹਨ, ਨਤੀਜਾ ਸ਼ਤ ਪ੍ਰਤੀਸ਼ਤ ਹੀ ਰਿਹਾ ਹੈ। ਪੇਸ਼ ਹਨ ਆਪਣੀ ‘ਬੈਟਰ ਹਾਫ’ ਨੂੰ ਖ਼ੁਸ਼ ਰੱਖਣ ਦੇ ਸਾਡੇ ਅਜ਼ਮਾਏ ਹੋਏ ਨਾਯਾਬ ਨੁਸਖੇ:
ਵਹੁਟੀ ਨੂੰ ਖ਼ੁਸ਼ ਰੱਖਣ ਦਾ ਸਭ ਤੋਂ ਅਹਿਮ ਨੁਸਖਾ ਇਹ ਹੈ ਕਿ ਤੁਸੀਂ ਆਦਮ ਹੁੰਦੇ ਹੋਏ ਵੀ ਸਭ ਤਰ੍ਹਾਂ ਦੇ ਨਾਰੀ ਮੈਗਜ਼ੀਨ ਬਿਨਾਂ ਨਾਗਾ ਬੜੀ ਸ਼ਿੱਦਤ ਨਾਲ ਵਾਚਦੇ ਰਹੋ। ਹਰ ਰੋਜ਼ ਆਪਣੇ ਬਾਕੀ ਰੁਝੇਵੇਂ ਛੱਡ ਕੇ ਘੱਟੋ-ਘੱਟ ਇਕ ਘੰਟਾ ਇਸ ਨੇਕ ਕੰਮ ’ਤੇ ਖਰਚੋ। ਤੁਹਾਨੂੰ ਜਦੋਂ ਵੀ ਕਿਸੇ ਨਵੇਂ ਡਿਜ਼ਾਈਨ ਜਾਂ ਨਵੇਂ ਫੈਸ਼ਨ ਵਾਲੇ ਸ਼ਰਾਰੇ, ਗਰਾਰੇ, ਪਜਾਮੀ ਸੂਟ ਜਾਂ ਪਲਾਜ਼ੋ ਸੂਟ ਬਾਰੇ ਪਤਾ ਲੱਗੇ ਤਾਂ ਉਸੇ ਦਿਨ ਅੱਖ ਦੇ ਫੋਰ ’ਚ ਵਹੁਟੀ ਨੂੰ ਉਹ ਨਵਾਂ ਸੂਟ ਲੈ ਕੇ ਦੇਣ ਦਾ ਪ੍ਰੋਗਰਾਮ ਉਲੀਕ ਲਓ। ਸੂਟ ਭਾਵੇਂ ਤੁਹਾਨੂੰ ਕਿੰਨਾ ਵੀ ਮਹਿੰਗਾ ਕਿਉਂ ਨਾ ਲੱਗੇ, ਦਾਮ ਚੁਕਾਉਣ ਲੱਗਿਆਂ ਭਾਵੇਂ ਅੱਧੀ ਤਨਖ਼ਾਹ ਹੀ ਕਿਉਂ ਨਾ ਬਿੱਲੇ ਲੱਗ ਜਾਵੇ, ਪਰ ਕਦੇ ਭੁੱਲ ਕੇ ਵੀ ਮੱਥੇ ਵੱਟ ਨਾ ਪਾਓ ਸਗੋਂ ਸੁਕਰਾਤ ਵਾਂਗ ਹੱਸਦੇ-ਹੱਸਦੇ ਇਹ ਸ਼ਹੀਦੀ ਜਾਮ ਆਬੇ-ਹਯਾਤ ਸਮਝ ਕੇ ਪੀ ਜਾਓ। ਹਰ ਵਾਰ, ‘‘ਵਾਹ ਬਈ ਵਾਹ! ਕਿੱਡੀ ਵਧੀਆ ਚੁਆਇਸ ਹੈ ਤੁਹਾਡੀ। ਇਹ ਪਹਿਨ ਕੇ ਤਾਂ ਤੁਸੀਂ ਜਵਾਂ ਈ ਬਸਰੇ ਦੀ ਹੂਰ ਲੱਗੋਗੇ,’’ ਜਿਹੇ ਮਾਖਿਓਂ ਮਿੱਠੇ ਵਾਕ ਉਚਾਰਨੇ ਕਦੇ ਵੀ ਨਾ ਭੁੱਲੋ। ਇਸ ਖੇਖਣ ਨਾਲ ਵਹੁਟੀ ਦੀ ਖ਼ੁਸ਼ੀ ਨਿਸ਼ਚੇ ਹੀ ਦੁੱਗਣੀ ਹੋ ਜਾਵੇਗੀ।
ਵਹੁਟੀ ਨੂੰ ਖ਼ੁਸ਼ ਰੱਖਣ ਦਾ ਦੂਜਾ ਰਾਮ ਬਾਣ ਜਿਹਾ ਨੁਸਖਾ ਇਹ ਹੈ ਕਿ ਤੁਸੀਂ ਵਹੁਟੀ ਦੇ ਸੁੰਦਰੀਕਰਨ ਵੱਲ ਲੋੜ ਤੋਂ ਵੱਧ ਤਵੱਜੋਂ ਦਿਓ। ਆਪਣੇ ਇੰਟਰਨੈੱਟ ਕੁਨੈਕਸ਼ਨ ਵਾਲੇ ਮੋਬਾਈਲ ਫੋਨ ’ਤੇ ਮੱਥਾਪਚੀ ਕਰ ਕੇ ਹਰ ਦਸ-ਪੰਦਰਾਂ ਦਿਨ ਬਾਅਦ ਆਪਣੀ ਵਹੁਟੀ ਲਈ ਨਵੇਂ-ਨਵੇਂ ਪਾਊਡਰ, ਲਿਪਸਟਿਕਾਂ, ਕਰੀਮਾਂ ਤੇ ਬਿੰਦੀਆਂ ਜ਼ਰੂਰ ਖਰੀਦਦੇ ਰਹੋ। ਵਹੁਟੀ ਨੇ ਕਿਹੜਾ ਪੁੱਛ-ਪੜਤਾਲ ਕਰਨੀ ਹੈ? ਹਰ ਵਾਰ ਨਿਸ਼ਚਿੰਤ ਹੋ ਕੇ ਇਹ ਕੁਫ਼ਰ ਜ਼ਰੂਰ ਤੋਲੋ ਕਿ ਇਸ ਲਿਪਸਟਿਕ ਨੂੰ ਅਮਕੇ ਦੇਸ਼ ਦੀ ਰਾਜਕੁਮਾਰੀ ਲਾਉਂਦੀ ਹੈ, ਇਸ ਬਿੰਦੀ ਨੂੰ ਢਿਮਕੇ ਦੇਸ਼ ਦੀ ਮਹਾਰਾਣੀ ਲਾਉਂਦੀ ਹੈ, ਇਹ ਕਰੀਮ ਫਲਾਣੀ ਹੀਰੋਇਨ ਵਰਤਦੀ ਹੈ। ਬਿੰਦੀ ਤੇ ਕਰੀਮ ਲਾਉਣ ਪਿੱਛੋਂ ਇਨ੍ਹਾਂ ਰੂਪਵਤੀਆਂ ਦੇ ਚੜ੍ਹਦੇ ਸੂਰਜ ਵਰਗੇ ਦਮਕਦੇ ਮੱਥੇ ਦੀਆਂ ਲਿਸ਼ਕੋਰਾਂ ਵੱਜਣ ਦੇ ਸੋਹਲੇ ਜ਼ਰੂਰ ਗਾਓ। ਤੁਸੀਂ ਵਹੁਟੀ ਨੂੰ ਕਦੇ-ਕਦਾਈਂ ਗਲੇ ਦਾ ਹਾਰ ਤੇ ਨਵੀਆਂ ਝਾਂਜਰਾਂ ਵੀ ਲੈ ਕੇ ਦੇਣੀਆਂ ਨਾ ਭੁੱਲੋ। ਝਾਂਜਰਾਂ ਦੀ ਛਣ-ਛਣ ਦੀ ਸੰਗੀਤਕ ਆਵਾਜ਼ ਨਾਲ ਘਰ ਵਿਚ ਹਰ ਸਮੇਂ ਮਿੱਠੇ ਤਰਾਨੇ ਗੂੰਜਦੇ ਰਹਿਣਗੇ ਤੇ ਤੁਹਾਡੀ ਵਹੁਟੀ ਦਾ ਦਿਲ ਵੀ ਚੱਤੋ ਪਹਿਰ ਖਿੜਿਆ ਰਹੇਗਾ। ਵਹੁਟੀ ਨੂੰ ਖਰੀਦਦਾਰੀ ਕਰਾਉਂਦੇ ਸਮੇਂ ਉਸ ਵੱਲੋਂ ਖਰੀਦੇ ਹੋਏ ਭਾਰੇ-ਭਾਰੇ ਸੈਂਡਲਾਂ ਤੇ ਗੁਰਗਾਬੀਆਂ ਵਾਲੇ ਡੱਬੇ, ਵੱਡੇ-ਵੱਡੇ ਸਟੋਰਾਂ ’ਚ ਇੱਧਰ-ਉਧਰ ਲਿਜਾਣ ਸਮੇਂ ਵੀ ਆਪਣੇ ਸਬਰ ਦਾ ਪੈਮਾਨਾ ਕਦੇ ਨਾ ਛਲਕਣ ਦਿਓ। ਥਕਾਵਟ ਕਾਰਨ ਹਰ ਸਾਹ ਨਾਲ ਨਿਕਲਣ ਵਾਲੀਆਂ ਹਾਏ-ਹਾਏ ਦੀਆਂ ਹੂੰਗਰਾਂ ਨੂੰ ਹੁਸ਼ਿਆਰੀ ਨਾਲ ਸੰਘ ’ਚ ਹੀ ਨਪੀੜ ਲਓ। ਲੱਤਾਂ ’ਚ ਚੀਸਾਂ ਪੈਣ ਦੇ ਬਾਵਜੂਦ ਮੁਸਕਰਾਹਟਾਂ ਵੰਡਦੇ ਰਹੋ। ਸਾਡੇ ਦੱਸੇ ਉਪਰੋਕਤ ਗੁਰਮੰਤਰ ਕਾਰਨ ਤੁਹਾਡੀ ਅੱਧੀ ਜਾਂ ਪੌਣੀ ਕਮਾਈ ਤਾਂ ਹਰ ਮਹੀਨੇ ਜ਼ਰੂਰੀ ਹੀ ਭੰਗ ਦੇ ਭਾੜੇ ਚਲੀ ਜਾਇਆ ਕਰੇਗੀ। ਤੁਹਾਨੂੰ ਸਾਰਾ ਮਹੀਨਾ ਹੱਥ ਘੁੱਟ ਕੇ ਗੁਜ਼ਾਰਨਾ ਹੋਵੇਗਾ ਤੇ ਰੋਜ਼ਮੱਰਾ ਹੋਣ ਵਾਲੇ ਖਰਚਿਆਂ ’ਚ ਵੀ ਕਟੌਤੀ ਕਰਨੀ ਪਵੇਗੀ। ਪਰ ਇਹ ਕੋਈ ਮਨਸੂਰ ਜਿੰਨੀ ਵੱਡੀ ਕੁਰਬਾਨੀ ਨਹੀਂ। ਵਹੁਟੀ ਨੂੰ ਖ਼ੁਸ਼ ਰੱਖਣ ਲਈ ਇੰਨੀਆਂ ਕੁ ਦੁਸ਼ਵਾਰੀਆਂ ਤਾਂ ਝੱਲਣੀਆਂ ਹੀ ਪੈਣਗੀਆਂ। ਇੰਨੀ ਕੁ ਮਾਇਕ ਚੂੰਢੀ ਤਾਂ ਵਢਾਉਣੀ ਹੀ ਪਵੇਗੀ।
ਵਹੁਟੀ ਨੂੰ ਖ਼ੁਸ਼ ਰੱਖਣ ਦਾ ਤੀਜਾ ਢੰਗ ਇਹ ਹੈ ਕਿ ਤੁਸੀਂ ਚੰਗੇ ਲਾਂਗਰੀ ਜ਼ਰੂਰ ਬਣੋ ਤਾਂ ਕਿ ਤੁਸੀਂ ਆਪਣੀ ਪਾਕ ਕਲਾ ਰਾਹੀਂ ਵਹੁਟੀ ਦਾ ਮਨ ਜਿੱਤ ਕੇ ਉਸ ਨੂੰ ਸਦਾ ਪ੍ਰਸੰਨ ਰੱਖ ਸਕੋ। ਜੇ ਤੁਸੀਂ ਖਾਣਾਦਾਰੀ ’ਚੋਂ ਬਿਲਕੁਲ ਕੋਰੇ ਹੋ ਤਾਂ ਚੰਗਾ ਹੋਵੇਗਾ ਜੇ ਤੁਸੀਂ ਆਨੀਂ-ਬਹਾਨੀਂ ਰਸੋਈ ’ਚ ਜਾ ਕੇ ਵਹੁਟੀ ਤੋਂ ਖਾਣਾਦਾਰੀ ਦਾ ਕੰਮ ਸਿੱਖ ਲਓ। ਜੇਕਰ ਕਿਸੇ ਕੁਕਿੰਗ ਕਾਲਜ ’ਚੋਂ ਪਾਰਟ ਟਾਈਮ ਛੇ ਕੁ ਮਹੀਨੇ ਦਾ ਖਾਣਾਦਾਰੀ ਦਾ ਕੋਰਸ ਕਰ ਲਵੋ ਤਾਂ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੋ ਜਾਵੇਗੀ। ਉੱਥੇ ਚਾਹ, ਕੌਫ਼ੀ, ਜੂਸ ਤੇ ਮਿਲਕ ਸ਼ੇਕ ਜਿਹੇ ਪੇਯ ਪਦਾਰਥਾਂ ਤੋਂ ਇਲਾਵਾ ਭਾਂਤ-ਭਾਂਤ ਦੀਆਂ ਜ਼ਾਇਕੇਦਾਰ ਦਾਲਾਂ, ਸਬਜ਼ੀਆਂ, ਚਾਈਨੀਜ਼, ਇੰਡੀਅਨ ਤੇ ਕੌਨਟੀਨੈਂਟਲ ਡਿਸ਼ਾਂ ਬਣਾਉਣੀਆਂ ਵੀ ਜ਼ਰੂਰੀ ਸਿੱਖ ਲੈਣਾ। ਇਸ ਪਾਕ ਕਲਾ ਦਾ ਸਦਉਪਯੋਗ ਕਰਨ ਲਈ ਸਵੇਰੇ ਵਹੁਟੀ ਦੇ ਉੱਠਣ ਤੋਂ ਪਹਿਲਾਂ ਹੀ ਜਾਗ ਜਾਓ ਤੇ ਚਿਹਰੇ ’ਤੇ ਮੁਸਕਰਾਹਟ ਲਿਆ ਕੇ ‘ਸ਼ੁਭ ਸਵੇਰ’ ਦਾ ਮਿੱਠਾ ਉਚਾਰਨ ਕਰਦੇ ਹੋਏ ਵਹੁਟੀ ਨੂੰ ਗਰਮਾ ਗਰਮ ਚਾਹ ਦਾ ਕੱਪ ਪੇਸ਼ ਕਰੋ। ਇਸ ਤਰ੍ਹਾਂ ਤੁਹਾਡੀ ਵਹੁਟੀ ਦੇ ਚਿਹਰੇ ’ਤੇ ਖੇੜਾ ਆਏਗਾ ਤੇ ਤੁਹਾਡੇ ਵਿਚ ਵੀ ਸੇਵਾ ਭਾਵਨਾ ਜਿਹੇ ਅਦੁੱਤੀ ਗੁਣ ਦਾ ਸੰਚਾਰ ਹੋਵੇਗਾ। ਵਹੁਟੀ ਨੇ ਜਦੋਂ ਪੇਕੇ ਜਾਣਾ ਹੋਵੇ, ਕਿੱਟੀ ਪਾਰਟੀ ਦਾ ਲੁਤਫ਼ ਲੈਣਾ ਹੋਵੇ ਜਾਂ ਉਸ ਦੀ ਤਬੀਅਤ ਨਾਸਾਜ਼ ਹੋਵੇ ਤਾਂ ਤੁਸੀਂ ਆਪਣੀ ਖਾਣਾਦਾਰੀ ਦੀ ਨਿਪੁੰਨਤਾ ਸਦਕਾ ਬਿਨਾਂ ਵਹੁਟੀ ਨੂੰ ਪ੍ਰੇਸ਼ਾਨ ਕੀਤਿਆਂ ਸਾਰੇ ਟੱਬਰ ਦਾ ਢਿੱਡ ਭਰ ਸਕਦੇ ਹੋ। ਤੁਹਾਡੀ ਇਸ ਸੇਵਾ ਭਾਵਨਾ ਸਦਕਾ ਤੁਹਾਡੀ ਵਹੁਟੀ ਹਮੇਸ਼ਾ ਬਾਗੋ-ਬਾਗ ਰਹੇਗੀ। ਸਾਡਾ ਇਹ ਨੁਸਖਾ ਪਿਛਲੇ ਚਾਲੀ ਸਾਲਾਂ ’ਚ ਸੌ ਫ਼ੀਸਦੀ ਕਾਰਗਰ ਸਿੱਧ ਹੋਇਆ ਹੈ। ਅਸੀਂ ਹੁਣ ਹਰ ਕਿਸਮ ਦੀਆਂ ਸ਼ਾਕਾਹਾਰੀ ਤੇ ਮਾਸਾਹਾਰੀ ਡਿਸ਼ਾਂ ਅੱਖ ਦੇ ਫੋਰ ’ਚ ਤਿਆਰ ਕਰ ਸਕਦੇ ਹਾਂ। ਹਰ ਕਿਸਮ ਦੀ ਰੈਸਿਪੀ ਸਾਡੀਆਂ ਉਂਗਲਾਂ ’ਤੇ ਹੈ। ਹੁਣ ਸਾਨੂੰ ਹਰ ਸਬਜ਼ੀ ਤੇ ਦਾਲ ’ਚ ਠੀਕ ਅਨੁਪਾਤ ’ਚ ਪਾਣੀ, ਘਿਓ, ਅਦਰਕ, ਲਸਣ, ਪਿਆਜ਼, ਲੂਣ ਤੇ ਮਿਰਚ-ਮਸਾਲੇ ਪਾਉਣੇ ਭਲੀਭਾਂਤ ਆ ਗਏ ਹਨ। ਉਮੀਦ ਹੈ ਆਪਣੀ ਇਸ ਮੁਹਾਰਤ ਸਦਕਾ ਅਸੀਂ ਇਸ ਵਾਰ ਆਇਰਲੈਂਡ ਹੋਣ ਵਾਲਾ ਵਿਸ਼ਵ ਪੱਧਰ ਦਾ ਸੁਪਰ ਸ਼ੈੱਫ ਮੁਕਾਬਲਾ ਜਿੱਤ ਕੇ ਦਸ ਹਜ਼ਾਰ ਡਾਲਰ ਜ਼ਰੂਰ ਮੁੱਛ ਲਵਾਂਗੇ।
ਵਹੁਟੀ ਨੂੰ ਖ਼ੁਸ਼ ਰੱਖਣਾ ਦਾ ਚੌਥਾ ਢੰਗ ਇਹ ਹੈ ਕਿ ਤੁਸੀਂ ਸਾਲ ਵਿਚ ਘੱਟੋ-ਘੱਟ ਦੋ ਵਾਰ ਉਸ ਨੂੰ ਕਿਸੇ ਰਮਣੀਕ ਪਹਾੜੀ ਸਥਾਨ ’ਤੇ ਲਿਜਾਣਾ ਕਦੇ ਨਾ ਭੁੱਲੋ। ਗਰਮੀਆਂ ਵਿਚ ਪਹਾੜਾਂ ਦੀਆਂ ਠੰਢੀਆਂ, ਮਿੱਠੀਆਂ ਤੇ ਰੁਮਕਦੀਆਂ ਪੌਣਾਂ ’ਚ ਸ਼ਿਮਲੇ, ਮਸੂਰੀ, ਡਲਹੌਜ਼ੀ, ਪਹਿਲਗਾਮ ਜਾਂ ਗੁਲਮਾਰਗ ਦੀ ਸੈਰ ਕਰਾਓ ਤੇ ਸਰਦੀਆਂ ’ਚ ਇਨ੍ਹਾਂ ਸਥਾਨਾਂ ’ਤੇ ਹੋਣ ਵਾਲੀ ਬਰਫ਼ਬਾਰੀ ਦਾ ਲੁਫ਼ਤ ਦਿਵਾਓ। ਸਾਡਾ ਜ਼ਾਤੀ ਤਜਰਬਾ ਹੈ ਕਿ ਗਰਮੀਆਂ ਵਿਚ ਤਾਪਮਾਨ ਵੱਧ ਹੋ ਜਾਣ ਕਾਰਨ ਵਹੁਟੀ ਦਾ ਗੁੱਸਾ ਵੀ ਉਸੇ ਅਨੁਪਾਤ ਵਿਚ ਵਧ ਜਾਂਦਾ ਹੈ ਤੇ ਘਰ ਵਿਚ ਮਹਾਂਭਾਰਤ ਛਿੜਨ ਦੇ 95 ਫ਼ੀਸਦੀ ਆਸਾਰ ਵਧ ਜਾਂਦੇ ਹਨ। ਪਹਾੜਾਂ ਦੀ ਠੰਢੀ-ਠਾਰ ਹਵਾ ਕਾਰਨ ਤੁਹਾਡੀ ਵਹੁਟੀ ਪ੍ਰਸੰਨਚਿੱਤ ਰਹੇਗੀ ਤੇ ਤੁਹਾਡੀ ਜਾਨ ਵੀ ਸੌਖੀ ਰਹੇਗੀ। ਜੇ ਗਰਮੀਆਂ ਸੁੱਖ-ਸ਼ਾਂਤੀ ਨਾਲ ਲੰਘ ਗਈਆਂ ਤਾਂ ਅਗਲੇ ਮਹੀਨਿਆਂ ਦਾ ਸੰਚਿਤ ਹੋਇਆ ਗੁੱਭ-ਗੁਭਾਟ ਪਹਾੜਾਂ ’ਤੇ ਹੋ ਰਹੀ ਬਰਫ਼ਬਾਰੀ ਦੇਖ ਕੇ ਕਾਫੂਰ ਹੋ ਜਾਵੇਗਾ।
ਵਹੁਟੀ ਨੂੰ ਖ਼ੁਸ਼ ਰੱਖਣ ਦਾ ਪੰਜਵਾਂ ਢੰਗ ਇਹ ਹੈ ਕਿ ਤੁਸੀਂ ਉਸ ਦੇ ਪੇਕਿਆਂ ਦੀ ਭੁੱਲ ਕੇ ਵੀ ਖੁਨਾਮੀ ਨਾ ਕਰੋ। ਹਰ ਗੱਲ ’ਤੇ ਉਨ੍ਹਾਂ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹੋ। ਭਾਵੇਂ ਉਹ ਕਿੰਨੇ ਵੀ ਕੰਜੂਸ, ਮੱਖੀ ਚੂਸ ਕਿਉਂ ਨਾ ਹੋਣ, ਭਾਵੇਂ ਉਨ੍ਹਾਂ ਨੇ ਆਪਣੀ ਕੁੜੀ ਵਿਆਹੁਣ ਬਾਅਦ ਕਦੇ ਵੀ ਤੁਹਾਡੇ ਘਰ ਵੱਤੀ ਨਾ ਵਾਹੀ ਹੋਵੇ, ਤੁਸੀਂ ਉਨ੍ਹਾਂ ਨੂੰ ਅਤਿ ਦਰਜੇ ਦੇ ਮਿਲਾਪੜੇ ਐਲਾਨਣ ਤੋਂ ਕਦੇ ਵੀ ਗੁਰੇਜ਼ ਨਾ ਕਰੋ ਤੇ ਹਮੇਸ਼ਾ ਹੀ ਉਨ੍ਹਾਂ ਦੀ ਤੁਲਨਾ ਦਾਨਵੀਰ ਕਰਨ ਨਾਲ ਕਰਦੇ ਰਹੋ। ਭਾਵੇਂ ਤੁਹਾਡੀ ਵਹੁਟੀ ਦੇ ਰਿਸ਼ਤੇਦਾਰ ਕਿੱਡੇ ਵੀ ਕੁਪੱਤੇ ਤੇ ਆਢਾ ਲਾਉਣ ਵਾਲੇ ਹੋਣ, ਤੁਸੀਂ ਉਨ੍ਹਾਂ ਨੂੰ ਹਮੇਸ਼ਾ ਹੀ ਮਿੱਠਬੋਲੜੇ ਤੇ ਅਤਿ ਦਰਜੇ ਦੇ ਸਾਊ ਗਰਦਾਨਦੇ ਰਹੋ। ਤੁਹਾਡੀ ਇਸ ਫੂਕ ਛਕਾਉਣ ਵਾਲੀ ਕਲਾ ਸਦਕਾ ਤੁਹਾਡੀ ਵਹੁਟੀ ਦੇ ਚਿਹਰੇ ’ਤੇ ਹਮੇਸ਼ਾ ਖ਼ੁਸ਼ੀਆਂ ਤੇ ਖੇੜੇ ਰਹਿਣਗੇ।
ਸਾਨੂੰ ਸੌ ਫ਼ੀਸਦੀ ਯਕੀਨ ਹੈ ਕਿ ਵਹੁਟੀ ਨੂੰ ਖ਼ੁਸ਼ ਰੱਖਣ ਦੇ ਸਾਡੇ ਦੁਆਰਾ ਸੁਝਾਏ ਗਏ ਇਨ੍ਹਾਂ ਨੁਸਖਿਆਂ ਦੀ ਬਦੌਲਤ ਤੁਹਾਡਾ ਪਰਿਵਾਰਕ ਜੀਵਨ ਹਾਸਿਆਂ, ਖੇੜਿਆਂ ਤੇ ਖ਼ੁਸ਼ੀਆਂ ਨਾਲ ਸਰਸ਼ਾਰ ਹੋ ਜਾਵੇਗਾ। ਘਰ ਵਿਚ ਮਹਾਂਭਾਰਤ ਨਹੀਂ ਹੋਵੇਗੀ। ਘਰ ਦੀ ਕਰਾਕਰੀ ਨਾ ਟੁੱਟਣ ਕਾਰਨ ਮਹੀਨੇ ’ਚ ਹਜ਼ਾਰਾਂ ਰੁਪਏ ਦੀ ਬੱਚਤ ਹੋਵੇਗੀ। ਇਨ੍ਹਾਂ ਨੁਸਖਿਆਂ ਸਦਕਾ ਤੁਸੀਂ ਤੇ ਤੁਹਾਡੀ ਵਹੁਟੀ ਆਪਣੇ ਮੁਹੱਲੇ ਵਿਚ ਇੱਕ ਆਦਰਸ਼ ਦੰਪਤੀ ਵਜੋਂ ਵੀ ਸਹਿਜੇ ਹੀ ਨਾਮਣਾ ਖੱਟ ਲਓਗੇ।
ਸੰਪਰਕ: 93573-61417