ਜਗਵਿੰਦਰ ਜੋਧਾ
ਫ਼ਰਾਜ਼ ਦੀ ਸ਼ੁਰੂਆਤ ਫ਼ੈਜ਼ ਦੇ ਅਸਰ ਹੇਠ ਤਰੱਕੀਪਸੰਦ ਲੇਖਣੀ ਨਾਲ ਹੋਈ। ਉਸ ਨੂੰ ਸਰਕਾਰ ਵਿਰੋਧੀ ਲਿਖਣ ਲਈ ਦੇਸ਼-ਬਦਰ ਵੀ ਕੀਤਾ ਗਿਆ। ਉਹ ਨਿਊਯਾਰਕ ਵਿਚ ਗੁੰਮਨਾਮੀ ਹੰਢਾਉਂਦਾ ਹੀ ਦੁਨੀਆਂ ਤੋਂ ਵਿਦਾ ਹੋਇਆ। ਉਸ ਨੇ ਜੋ ਵੀ ਲਿਖਿਆ ਵੱਡੀ ਪੱਧਰ ’ਤੇ ਪੜਿ੍ਹਆ ਗਿਆ। ਲੋਕਾਂ ਨੇ ਉਸ ਦੀ ਸ਼ਾਇਰੀ ਅਨੁਸਾਰ ਸੋਚਣ ਦੇ ਤਰੀਕੇ ਧਾਰਨ ਕੀਤੇ। ‘ਰੰਜਿਸ਼ ਹੀ ਸਹੀ’ ਗ਼ਜ਼ਲ ਤਾਂ ਮਹਿਦੀ ਹਸਨ ਦੀ ਪਛਾਣ ਹੀ ਬਣ ਗਈ ਹੈ। ਇਸ ਸ਼ਾਇਰ ਦੀ ਸ਼ਾਇਰੀ ਵਿਚ ਰੂਮਾਨੀਅਤ ਦੇ ਨਾਲ-ਨਾਲ ਮਨੁੱਖੀ ਹੋਂਦ, ਕਲਪਨਾ ਤੇ ਵਿਚਾਰ ਦਾ ਕੋਈ ਪੱਖ ਅਣਛੂਹਿਆ ਨਹੀਂ ਦਿਸਦਾ।
ਅਗਸਤ 2008 ਦੇ ਅਖ਼ੀਰਲੇ ਦਿਨਾਂ ਦੀ ਗੱਲ ਹੈ। ਮੈਂ ਡੀ ਏ ਵੀ ਕਾਲਜ ਜਲੰਧਰ ਵਿਚ ਪੰਜਾਬੀ ਪੜ੍ਹਾਉਂਦਾ ਸਾਂ। ਪੱਕੇ ਪ੍ਰੋਫੈਸਰ ਆਪਣਾ ਟਾਈਮ ਟੇਬਲ ਇਸ ਹਿਸਾਬ ਨਾਲ ਵਿਉਂਤਦੇ ਕਿ ਬੀਵੀਆਂ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਤੋਂ ਸੁਰਖਰੂ ਹੋ ਕੇ 10 ਕੁ ਵਜੇ ਕਾਲਜ ਆਉਂਦੇ ਤੇ ਬੀਵੀਆਂ ਬੱਚਿਆਂ ਦੇ ਘਰ ਆਉਣ ਤਕ 2 ਕੁ ਵਜੇ ਘਰ ਹਾਜ਼ਰ ਹੋ ਜਾਂਦੇ। ਸਾਡੇ ਵਰਗੇ ਸਵਾ ਅੱਠ ਵਜੇ ਤੋਂ, ਜਿਸ ਨੂੰ ਜ਼ੀਰੋ ਪੀਰੀਅਡ ਕਹਿੰਦੇ ਸਨ, ਲੈ ਕੇ ਦਸਵੇਂ ਪੀਰੀਅਡ ਤਕ ਫਸੇ ਰਹਿੰਦੇ ਜੋ ਸਾਢੇ ਚਾਰ ਮੁੱਕਦਾ ਸੀ। ‘ਪੱਕਿਆਂ’ ਨੂੰ ਉਨ੍ਹਾਂ ਦੀ ਕੱਚੀ ਨੌਕਰੀ ਦੇ ਅਰਸੇ ਨੇ ਏਨਾ ਕੁ ਤਾਂ ਕਰੜੇ ਕਰ ਹੀ ਦਿੱਤਾ ਸੀ ਕਿ ਕੁਝ ਲੋਕਾਂ ਦੇ ਦਰਦ ਨੂੰ ਨਜ਼ਰਅੰਦਾਜ਼ ਕੀਤਾ ਜਾ ਸਕੇ।
ਉਸ ਦਿਨ ਸਵੇਰ ਤੋਂ ਹੀ ਬਹੁਤ ਹੁੱਸੜ ਸੀ। ਦੁਪਹਿਰ ਤੋਂ ਬਾਅਦ ਚੰਗਾ ਛਰਾਟਾ ਵਰ੍ਹਿਆ। ਮੈਂ ਕਲਾਸ ਖਤਮ ਕਰ ਕੇ ਨਿਕਲਿਆ ਹੀ ਸਾਂ ਕਿ ਮੇਰੇ ਦੋਸਤ ਕੁਨਾਲ ਮਹਿਤਾ ਨੇ ਦੱਸਿਆ ‘ਅਹਿਮਦ ਫ਼ਰਾਜ਼ ਨਹੀਂ ਰਿਹਾ’। ਕੁਨਾਲ ਮੇਰੀਆਂ ਸ਼ਿਅਰੀ ਦਿਲਚਸਪੀਆਂ ਤੋਂ ਵਾਕਿਫ਼ ਸੀ। ਉਸ ਨੇ ਇਹ ਖ਼ਬਰ ਕਿਤੋਂ ਇੰਟਰਨੈੱਟ ਤੋਂ ਵੇਖੀ ਸੀ ਤੇ ਸਮਝਿਆ ਸ਼ਾਇਦ ਮੇਰੇ ਕੰਮ ਦੀ ਹੋਵੇ, ਤਾਂ ਸਾਂਝੀ ਕੀਤੀ।
ਮੇਰੀ ਅਹਿਮਦ ਫ਼ਰਾਜ਼ ਨਾਲ ਕੋਈ ਰਿਸ਼ਤੇਦਾਰੀ ਥੋੜ੍ਹੀ ਸੀ, ਪਰ ਮੇਰੇ ਅੰਦਰ ਤੜੱਕ ਕਰ ਕੇ ਕੁਝ ਟੁੱਟਿਆ। ਫ਼ਰਾਜ਼ ਨੂੰ ਜਾਣਨ ਸਮਝਣ ਦਾ ਮੇਰੇ ਕੋਲ ਇਕ ਪੂਰਾ ਮਾਹੌਲ ਸੀ ਜੋ ਉਸਦੀ ਸ਼ਾਇਰੀ ਦੇ ਰਸਤੇ ਅੱਗੇ ਤੁਰਦਾ ਸੀ। ਮੈਂ ਫ਼ਰਾਜ਼ ਨੂੰ ਬਹੁਤ ਬਾਰੀਕੀ ਨਾਲ ਪੜ੍ਹਨ ਦਾ ਦਾਅਵਾ ਕਰਦਾ ਰਿਹਾ ਸਾਂ। ਮੇਰੇ ਬਹੁਤੇ ਦੋਸਤ ਇਸ ਗੱਲ ਨੂੰ ਇਕ ਸਿਫ਼ਤ ਜਾਂ ਮਜ਼ਾਕ ਉਡਾਉਣ ਦੇ ਨੁਕਤੇ ਤੋਂ ਪੇਸ਼ ਕਰਦੇ ਰਹੇ ਸਨ। ਫ਼ਰਾਜ਼ ਗ਼ਾਲਬਿ ਤੋਂ ਬਾਅਦ ਦੱਖਣ ਏਸ਼ਿਆਈ ਖਿੱਤੇ ਦਾ ਸਭ ਤੋਂ ਮਕਬੂਲ ਸ਼ਾਇਰ ਸੀ। ਉਸਨੂੰ ਸਿਰਫ਼ ਪਾਕਿਸਤਾਨ ਵਿਚ ਹੀ ਨਹੀਂ ਸਗੋਂ ਭਾਰਤ ਵਿਚ ਵੀ ਪੀੜ੍ਹੀਆਂ ਨੇ ਪੜ੍ਹਿਆ/ਮਾਣਿਆ। ਗ਼ਾਲਬਿ ਤੇ ਅਹਿਮਦ ਫ਼ਰਾਜ਼ ਦੇ ਨਾਂ ਹੇਠ ਸੋਸ਼ਲ ਮੀਡੀਆ ਯੁਗ ਨੇ ਬਹੁਤ ਸਾਰੀ ਕੱਚੀ ਸ਼ਾਇਰੀ ਜੋੜ ਰੱਖੀ ਹੈ। ਫ਼ਰਾਜ਼ ਪਾਕਿਸਤਾਨ ਦੇ ਸੂਬਾ-ਏ-ਸਰਹੱਦ ਵਿਚ ਜੰਮਿਆ ਪਰ ਕੋਈ ਸਰਹੱਦ ਉਸ ਦੀ ਸ਼ਾਇਰੀ ਨੂੰ ਰੋਕ ਨਹੀਂ ਸਕੀ। ਸ਼ਾਇਰੀ ਫ਼ਰਾਜ਼ ਦੇ ਹੱਥਾਂ ਵਿਚ ਬਹੁਤ ਸੁਭਾਵਿਕ ਵਰਤਾਰਾ ਜਾਪਦੀ ਹੈ।
ਮੈਂ ਬਹੁਤ ਮੁੱਢਲੇ ਦੌਰ ’ਚ ਇਕ ਉਸਤਾਦ ਕੋਲੋਂ ਅਰੂਜ਼ ਦੇ ਗੁਰ ਸਿੱਖਦਾ ਸਾਂ। ਮੇਰੇ ਨਾਲ ਐੱਮ ਏ ਕਰਦੀ ਇਕ ਕੁੜੀ ਨੇ ਮੈਨੂੰ ਦੇਵਨਾਗਰੀ ਵਿਚ ਫ਼ਰਾਜ਼ ਦੀਆਂ ਗ਼ਜ਼ਲਾਂ ਦੀ ਕਿਤਾਬ ਦਿੱਤੀ। ਉਸ ਕਿਤਾਬ ਨੂੰ ਪੜ੍ਹਨ ਤੋਂ ਬਾਅਦ ਮੈਂ ਇਸ ਖਰੜ ਗਿਆਨ ਤੋਂ ਤੌਬਾ ਕਰ ਲਈ ਤੇ ਉਸਤਾਦ ਸਾਹਿਬ ਨੂੰ ਫ਼ਤਹਿ ਬੁਲਾ ਦਿੱਤੀ।
ਸਾਡੀ ਮਧਲੀ ਜਮਾਤ ਕਲਾਸੀਕਲ ਸੰਗੀਤ ਸੁਣਨ ਦੇ ਫੈਸ਼ਨ ਤੋਂ ਪੀੜਤ ਹੈ ਭਾਵੇਂ ਸਮਝ ਕੱਖ ਨਹੀਂ ਆਉਂਦਾ ਹੁੰਦਾ। ਮੇਰਾ ਇਕ ਮਿੱਤਰ ਕਲਾਸੀਕਲ ਵਰਗੀ ਕੋਈ ਵੀ ਚੀਜ਼ ਸੁਣ ਕੇ ਏਨੀ ਜ਼ੋਰ ਦੀ ਮੂੰਹ ਵਿੰਗਾ ਜਿਹਾ ਕਰ ਕੇ ‘ਆਏ ਹਾਏ’ ਕਹਿੰਦਾ, ਲੱਗਦਾ ਜਿਵੇਂ ਉਹ ਭੁਲੇਖੇ ਨਾਲ ਬੱਸ ਦੀ ਉਲਟੀ ਵਾਲੀ ਸੀਟ ਉੱਪਰ ਬਹਿ ਗਿਆ ਹੋਵੇ। ਇਕ ਵਾਰ ਇਕ ਮਸ਼ਹੂਰ ਸੰਗੀਤਕਾਰ ਨੇ ਕਿਹਾ ਜੇ ਤੁਸੀਂ ਸੰਗੀਤ ਨੂੰ ਮਾਨਣਾ ਹੈ ਤਾਂ ਆਰ ਡੀ ਬਰਮਨ ਨੂੰ ਸੁਣੋ। ਉਸ ਨੇ ਸੰਗੀਤ ਵਿਚ ਏਨੇ ਤਜਰਬੇ ਕੀਤੇ ਕਿ ਉਸ ਨੂੰ ਧਿਆਨ ਨਾਲ ਸੁਣਨ ਵਾਲਾ ਸੰਗੀਤ ਦੀ ਤਾਸੀਰ ਤੋਂ ਵਾਕਿਫ਼ ਹੋ ਹੀ ਜਾਂਦਾ। ਇਹੋ ਗੱਲ ਸ਼ਾਇਰੀ ਬਾਰੇ ਅਹਿਮਦ ਫ਼ਰਾਜ਼ ਉੱਪਰ ਢੁੱਕਦੀ ਹੈ। ਉਸ ਨੂੰ ਧਿਆਨ ਨਾਲ ਪੜ੍ਹਨ ਵਾਲਾ ਸ਼ਾਇਰ ਨਾ ਵੀ ਬਣੇ, ਪਰ ਮਾੜੀ ਸ਼ਾਇਰੀ ਤੋਂ ਸੁਚੇਤ ਜ਼ਰੂਰ ਹੋ ਜਾਂਦਾ ਹੈ। ਪਤਾ ਲੱਗ ਜਾਂਦਾ ਸ਼ਾਇਰੀ ਹੈਪਨ ਕਿਵੇਂ ਹੁੰਦੀ।
ਫ਼ਰਾਜ਼ ਬਾਰੇ ਉਰਦੂ ਜਗਤ ਵਿਚ ਕਿੱਸਿਆਂ ਦੀ ਭਰਮਾਰ ਹੈ। ਕਿਹਾ ਜਾਂਦਾ ਹੈ ਕਿ ਉਸ ਦਾ ਪਿਤਾ ਵੀ ਸ਼ਾਇਰ ਸੀ ਪਰ ਫ਼ਰਾਜ਼ ਨਾਲ ਉਸ ਦੀ ਨਹੀਂ ਸੀ ਬਣਦੀ। ਦੋਵੇਂ ਚਿੜੀਆਂ ਵਾਂਗ ਫਸੇ ਰਹਿੰਦੇ। ਫ਼ਰਾਜ਼ ਦੀ ਅੰਮੀ ਸਮਝੌਤਾ ਕਰਾਉਂਦੀ ਤਾਂ ਮੁੰਡੇ ਵੱਲ ਝੁਕਦੀ। ਇਕ ਦਿਨ ਉਸ ਦੇ ਖਾਵੰਦ ਨੇ ਪੁੱਛਿਆ, ‘‘ਤੂੰ ਇਹਦਾ ਸਾਥ ਬਿਨਾਂ ਵਜ੍ਹਾ ਕਿਉਂ ਦਿੰਨੀ ਏਂ??’’
ਫ਼ਰਾਜ਼ ਨੇ ਕਿਹਾ, ‘‘ਬਿਨਾਂ ਵਜ੍ਹਾ ਨਹੀਂ, ਉਨ੍ਹਾਂ ਨੂੰ ਸ਼ਾਇਰੀ ਦੇ ਮਿਆਰ ਦੀ ਸਮਝ ਹੈ।’’
ਇਸੇ ਤਰ੍ਹਾਂ ਇਕ ਵਾਰ ਵਿਦੇਸ਼ ’ਚ ਕੋਈ ਕੁੜੀ ਆਟੋਗ੍ਰਾਫ ਲੈਣ ਆਈ ਤਾਂ ਫ਼ਰਾਜ਼ ਨੇ ਉਸ ਦਾ ਨਾਂ ਪੁੱਛਿਆ। ਕੁੜੀ ਨੇ ਦੱਸਿਆ ਉਹਦਾ ਨਾਂ ‘ਫ਼ਰਾਜ਼ਾ’ ਹੈ। ਜਦੋਂ ਉਹ ਪੈਦਾ ਹੋਣ ਵਾਲੀ ਸੀ ਮਾਂ-ਬਾਪ ਨੇ ਸੋਚ ਲਿਆ ਸੀ ਕਿ ਜੇ ਮੁੰਡਾ ਹੋਇਆ ਉਸ ਦਾ ਨਾਂ ਫ਼ਰਾਜ਼ ਰੱਖਾਂਗੇ। ਕੁੜੀ ਹੋਈ ਤਾਂ ਫ਼ਰਾਜ਼ਾ ਰੱਖ ਦਿੱਤਾ। ਫ਼ਰਾਜ਼ ਨੇ ਅਜਿਹੇ ਹੀ ਕਿਸੇ ਸਮੇਂ ਲਿਖਿਆ ਹੋਣਾ:
ਔਰ ਫ਼ਰਾਜ਼ ਚਾਹੀਏਂ ਕਿਤਨੀ ਮੁਹੱਬਤੇਂ ਤੁਝੇ
ਮਾਓਂ ਨੇ ਤੇਰੇ ਨਾਮ ਪਰ ਬੱਚੋਂ ਕਾ ਨਾਮ ਰੱਖ ਦੀਆ
ਫ਼ਰਾਜ਼ ਦੀ ਸ਼ੁਰੂਆਤ ਫ਼ੈਜ਼ ਦੇ ਅਸਰ ਹੇਠ ਤਰੱਕੀਪਸੰਦ ਲੇਖਣੀ ਨਾਲ ਹੋਈ। ਉਸ ਨੂੰ ਸਰਕਾਰ ਵਿਰੋਧੀ ਲਿਖਣ ਲਈ ਦੇਸ਼-ਬਦਰ ਵੀ ਕੀਤਾ ਗਿਆ। ਉਹ ਨਿਊਯਾਰਕ ਵਿਚ ਗੁੰਮਨਾਮੀ ਹੰਢਾਉਂਦਾ ਹੀ ਦੁਨੀਆਂ ਤੋਂ ਵਿਦਾ ਹੋਇਆ। ਉਸ ਨੇ ਜੋ ਵੀ ਲਿਖਿਆ ਵੱਡੀ ਪੱਧਰ ’ਤੇ ਪੜਿ੍ਹਆ ਗਿਆ। ਲੋਕਾਂ ਨੇ ਉਸ ਦੀ ਸ਼ਾਇਰੀ ਅਨੁਸਾਰ ਸੋਚਣ ਦੇ ਤਰੀਕੇ ਧਾਰਨ ਕੀਤੇ। ‘ਰੰਜਿਸ਼ ਹੀ ਸਹੀ’ ਗ਼ਜ਼ਲ ਤਾਂ ਮਹਿਦੀ ਹਸਨ ਦੀ ਪਛਾਣ ਹੀ ਬਣ ਗਈ ਹੈ। ਕਾਲਜਾਂ ਦੇ ਮੁੰਡਿਆਂ ਕੁੜੀਆਂ ਦੀਆਂ ਕਈ ਪੀੜ੍ਹੀਆਂ ਨੇ ‘ਸੁਨਾ ਹੈ ਲੋਗ ਉਸੇ ਆਂਖ ਭਰ ਕੇ ਦੇਖਤੇ ਹੈਂ’ ਨੂੰ ਆਪਣੇ ਜਜ਼ਬਿਆਂ ਦੇ ਇਜ਼ਹਾਰ ਲਈ ਵਰਤਿਆ। ਇਸ ਸ਼ਾਇਰ ਦੀ ਸ਼ਾਇਰੀ ਵਿਚ ਰੂਮਾਨੀਅਤ ਦੇ ਨਾਲ-ਨਾਲ ਮਨੁੱਖੀ ਹੋਂਦ, ਕਲਪਨਾ ਤੇ ਵਿਚਾਰ ਦਾ ਕੋਈ ਪੱਖ ਅਣਛੂਹਿਆ ਨਹੀਂ ਦਿਸਦਾ। ਫ਼ਰਾਜ਼ ਦੀਆਂ ਨਜ਼ਮਾਂ ਰਾਜਸੀ ਤੌਰ ’ਤੇ ਵਧੇਰੇ ਮੁਖਰ ਹਨ। ਫ਼ੌਜੀ ਸ਼ਾਸਨ ਦੌਰ ਦੇ ਪਾਕਿਸਤਾਨੀ ਸ਼ਾਇਰਾਂ ਨੇ ਆਪਣੀ ਸ਼ਾਇਰੀ ਵਿਚ ਜਾਂ ਤਾਂ ਸੂਚਨਾ ਵਿਧੀ ਦੀ ਵਰਤੋਂ ਕਰ ਕੇ ਬਹੁਤ ਹਲਕੀ ਕਾਵਿਕਤਾ ਸਿਰਜੀ ਜਾਂ ਫਿਰ ਪ੍ਰਤੀਕ ਏਨੇ ਗਾੜ੍ਹੇ ਕਰ ਦਿੱਤੇ ਕਿ ਓਥੋਂ ਤਕ ਪਹੁੰਚ ਸਾਧਾਰਨ-ਬੋਧ ਪਾਠਕ ਲਈ ਅਸੰਭਵ ਜਿਹੀ ਸੀ। ਇਸ ਦੇ ਸਮਾਨਾਂਤਰ ਫ਼ਰਾਜ਼ ਨੇ ਮਨੁੱਖੀ ਬੇਵਸੀ ਤੇ ਛਟਪਟਾਹਟ ਦੀ ਤਰਜਮਾਨੀ ਲਈ ਸਥਿਤੀਆਂ ਦੇ ਸੁਹਜ ਨੂੰ ਵੇਖਿਆ। ਉਸ ਦੀ ਸ਼ਾਇਰੀ ਦੀਆਂ ਤਰਕੀਬਾਂ ਵਿਚ ਵਿਰੋਧ-ਜੁੱਟਾਂ ਦਾ ਬਣਿਆ ਬਣਾਇਆ ਰੂਪ ਨਹੀਂ ਸਗੋਂ ਵਿਚਾਰਕ ਲਬਿਰੇਸ਼ਨ ਹੈ। ਉਸ ਦੀਆਂ ਕਿਤਾਬਾਂ ਦੇ ਨਾਮ ਵੀ ਬੜੇ ਦਿਲਚਸਪ ਹਨ, ਖ਼੍ਵਾਬੇ ਗੁਲ ਪਰੇਸ਼ਾਂ ਹੈਂ, ਤਨਹਾ ਤਨਹਾ, ਜਾਨਾਂ ਜਾਨਾਂ, ਪਸੇ ਅੰਦਾਜ਼ ਮੌਸਮ, ਐ ਇਸ਼ਕ ਜੁਨੂੰ ਪੇਸ਼ਾ ਆਦਿ। ਫ਼ਰਾਜ਼ ਦੇ ਕੁਝ ਸ਼ਿਅਰਾਂ ਨਾਲ ਉਸ ਨੂੰ ਬਹੁਤ ਮਿੱਠੀ ਯਾਦ…
ਕਿਸੀ ਕੋ ਘਰ ਸੇ ਨਿਕਲਤੇ ਹੀ ਮਿਲ ਗਈ ਮੰਜ਼ਿਲ
ਕੋਈ ਹਮਾਰੀ ਤਰਹ ਉਮਰ ਭਰ ਸਫ਼ਰ ਮੇਂ ਰਹਾ
ਕਿਤਨਾ ਆਸਾਂ ਥਾ ਤੇਰੇ ਹਿਜਰ ਮੇਂ ਮਰਨਾ ਜਾਨਾਂ
ਫਿਰ ਭੀ ਇਕ ਉਮਰ ਲਗੀ ਜਾਨ ਸੇ ਜਾਤੇ ਜਾਤੇ
ਕਿਤਨੇ ਗ਼ਮ ਥੇ ਕਿ ਜ਼ਮਾਨੇ ਸੇ ਛੁਪਾ ਰੱਖੇ ਥੇ
ਇਸ ਤਰਹ ਸੇ ਕਿ ਹਮੇਂ ਯਾਦ ਨਾ ਆਏ ਖ਼ੁਦ ਭੀ
ਆਸ਼ਿਕੀ ਮੇਂ ਮੀਰ ਜੈਸੇ ਖ਼ਾਬ ਮਤ ਦੇਖਾ ਕਰੋ
ਬਾਵਲੇ ਹੋ ਜਾਓਗੇ ਮਹਤਾਬ ਮਤ ਦੇਖਾ ਕਰੋ
ਹਮਕੋ ਅੱਛਾ ਨਹੀਂ ਲਗਤਾ ਕੋਈ ਹਮਨਾਮ ਤੇਰਾ
ਕੋਈ ਤੁਝਸਾ ਹੋ ਤੋ ਫਿਰ ਨਾਮ ਭੀ ਤੁਝਸਾ ਰੱਖੇ
ਸੰਪਰਕ: 94654-64502